ਦਫ਼ਤਰ ਦੇ ਚੱਕਰਾਂ ਤੋਂ ਦੁਖੀ ਨੌਜਵਾਨ ਨੇ ਸਰਕਾਰੀ ਕਰਮਚਾਰੀਆਂ ਨੂੰ ਸਿਖਾਇਆ ਸਬਕ!
ਫਤਿਹਬਾਦ ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਗਰ ਪਰੀਸ਼ਦ ਕਰਮਚਾਰੀਆਂ ਨੇ ਇਕ ਨੌਜਵਾਨ ਨੂੰ ਹਾਊਸ ਟੈਕਸ ਲਈ ਵਾਰ-ਵਾਰ ਦਫ਼ਤਰ ਦੇ ਚੱਕਰ ਲਗਵਾਏ,
ਚੰਡੀਗੜ੍ਹ:ਹਰਿਆਣਾ ਦੇ ਫਤਿਹਬਾਦ ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਗਰ ਪਰੀਸ਼ਦ ਕਰਮਚਾਰੀਆਂ ਨੇ ਇਕ ਨੌਜਵਾਨ ਨੂੰ ਹਾਊਸ ਟੈਕਸ ਲਈ ਵਾਰ-ਵਾਰ ਦਫ਼ਤਰ ਦੇ ਚੱਕਰ ਲਗਵਾਏ, ਜਿਸ ਤੋਂ ਬਾਅਦ ਨੌਜਵਾਨ ਨੇ ਉਹਨਾਂ ਨੂੰ ਅਨੋਖੇ ਤਰੀਕੇ ਨਾਲ ਸਬਕ ਸਿਖਾਉਣ ਦਾ ਮਨ ਬਣਾਇਆ। ਨੌਜਵਾਨ ਅਪਣੇ ਹਾਊਸ ਟੈਕਸ ਦੀ ਬਕਾਇਆ ਰਕਮ ਨੂੰ ਕਿਸ਼ਤਾਂ ਵਿਚ ਲੈ ਕੇ ਪਹੁੰਚਿਆ।
ਉਸ ਨੇ ਹਾਊਸ ਟੈਕਸ ਭਰਨ ਲਈ 9200 ਰੁਪਏ ਦੇ ਸਿੱਕੇ ਜਮ੍ਹਾਂ ਕੀਤੇ, ਜਿਨ੍ਹਾਂ ਨੂੰ ਗਿਣਦੇ-ਗਿਣਦੇ ਨਗਰ ਪਰੀਸ਼ਦ ਦੇ ਸਟਾਫ ਦੇ ਪਸੀਨੇ ਛੁੱਟ ਗਏ। ਦਰਅਸਲ ਫਤਿਹਬਾਦ ਦੇ ਨਗਰ ਪਰੀਸ਼ਦ ਹਾਊਸ ਟੈਕਸ ਬਰਾਂਚ ਵਿਚ ਇਕ ਨੌਜਵਾਨ ਅਪਣਾ 2 ਸਾਲ ਦਾ ਹਾਊਸ ਟੈਕਸ ਭਰਨ ਲਈ 9200 ਰੁਪਏ ਦੇ ਸਿੱਕੇ ਲੈ ਕੇ ਪਹੁੰਚਿਆ ਸੀ। ਸਿੱਕਿਆਂ ਨੂੰ ਗਿਣਦੇ ਹੋਏ ਨਗਰ ਪਰੀਸ਼ਦ ਦੀ ਹਾਊਸ ਟੈਕਸ ਬ੍ਰਾਂਚ ਦਾ ਸਟਾਫ ਥੱਕ ਗਿਆ।
ਨੌਜਵਾਨ ਅਪਣੇ ਹਾਊਸ ਟੈਕਸ ਦੀ ਕਲੀਨ ਚਿੱਟ ਲਈ ਲਗਾਤਾਰ 10 ਮਹੀਨਿਆਂ ਤੋਂ ਨਗਰ ਪਰੀਸ਼ਦ ਦੇ ਚੱਕਰ ਲਗਾ ਰਿਹਾ ਸੀ ਪਰ ਨਗਰ ਪਰੀਸ਼ਦ ਦੇ ਕਰਮਚਾਰੀਆਂ ਨੇ ਉਸ ਨੂੰ ਬਕਾਇਆ ਹਾਊਸ ਟੈਕਸ ਦੀ ਜਾਣਕਾਰੀ ਨਹੀਂ ਦਿੱਤੀ। ਇਸ ਤੋਂ ਬਾਅਦ ਨੌਜਵਾਨ ਨੇ ਕਰਮਚਾਰੀਆਂ ਨੂੰ ਸਬਕ ਸਿਖਾਉਣ ਲਈ ਬਕਾਇਆ ਪਏ ਹਾਊਸ ਟੈਕਸ ਭਰਨ ਲਈ 9200 ਰੁਪਏ ਦੀ ਭਾਨ ਲੈ ਕੇ ਪਹੁੰਚ ਗਿਆ।
ਮਜਬੂਰੀ ਵਿਚ ਨਗਰ ਪਰੀਸ਼ਦ ਦੇ ਕਰਮਚਾਰੀਆਂ ਨੂੰ ਇਹ ਸਿੱਕੇ ਰੱਖਣੇ ਪਏ ਅਤੇ ਇਸ ਨੂੰ ਗਿਣਦੇ-ਗਿਣਦੇ ਪੂਰਾ ਸਟਾਫ ਥੱਕ ਗਿਆ। ਸਿੱਕੇ ਲੈ ਕੇ ਪਹੁੰਚੇ ਸੁਨੀਲ ਕੁਮਾਰ ਨੇ ਇਲ਼ਜ਼ਾਮ ਲਗਾਇਆ ਕਿ 10 ਮਹੀਨੇ ਤੋਂ ਹਾਊਸ ਟੈਕਸ ਦੀ ਕਲੀਨ ਚਿੱਟ ਲੈਣ ਲਈ ਕਰਮਚਾਰੀ ਉਸ ਕੋਲੋਂ ਕਈ ਚੱਕਰ ਲਗਵਾ ਚੁੱਕੇ ਸਨ। ਇਸ ਦੇ ਚਲਦਿਆਂ ਉਸ ਨੂੰ ਗੁੱਸਾ ਆ ਗਿਆ ਤੇ ਉਸ ਨੇ ਕਰਮਚਾਰੀਆਂ ਨੂੰ ਸਬਕ ਸਿਖਾਉਣ ਲਈ ਅਜਿਹਾ ਕੀਤਾ। ਉਹਨਾਂ ਕਿਹਾ ਕਿ ਇੰਡੀਅਨ ਕਰੰਸੀ ਨੂੰ ਲੈਣ ਤੋਂ ਕੋਈ ਨਹੀਂ ਮਨਾ ਕਰ ਸਕਦਾ।