ਭਾਰਤ ਤੇ ਚੀਨੀ ਫ਼ੌਜ ਵਿਚਾਲੇ ਪੂਰਬੀ ਲਦਾਖ਼ ’ਚ ਟਕਰਾਅ ਵਾਲੇ ਸਥਾਨਾਂ ਤੋਂ ਹਟਣ ’ਤੇ ਬਣੀ ਸਹਿਮਤੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਅਤੇ ਚੀਨ ਦੇ ਸਿਖਰਲੇ ਫ਼ੌਜੀ ਕਮਾਂਡਰਾਂ ਵਿਚਾਲੇ ਸੋਮਵਾਰ ਨੂੰ ਹੋਈ ਬੈਠਕ ਦੌਰਾਨ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਪੂਰਬੀ ਲਦਾਖ਼

File Photo

ਨਵੀਂ ਦਿੱਲੀ, 23 ਜੂਨ : ਭਾਰਤ ਅਤੇ ਚੀਨ ਦੇ ਸਿਖਰਲੇ ਫ਼ੌਜੀ ਕਮਾਂਡਰਾਂ ਵਿਚਾਲੇ ਸੋਮਵਾਰ ਨੂੰ ਹੋਈ ਬੈਠਕ ਦੌਰਾਨ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਪੂਰਬੀ ਲਦਾਖ਼ ਵਿਚ ਟਕਰਾਅ ਵਾਲੇ ਸਥਾਨਾਂ ਤੋਂ ਹਟਣ ’ਤੇ ਸਹਿਮਤੀ ਬਣੀ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਇਹ ਗੱਲਬਾਤ ‘ਮਿਤਰਤਾਪੂਰਣ, ਹਾਂ-ਪੱਖੀ ਅਤੇ ਰਚਨਾਤਮਕ ਮਾਹੌਲ’ ਵਿਚ ਹੋਈ ਅਤੇ ਇਹ ਫ਼ੈਸਲਾ ਲਿਆ ਗਿਆ ਕਿ ਦੋਵੇਂ ਪੱਖ ਪੂਰਬੀ ਲਦਾਖ਼ ਵਿਚ ਟਕਰਾਅ ਵਾਲੇ ਸਾਰੇ ਸਥਾਨਾਂ ਤੋਂ ਹਟਣ ਦੇ ਤੌਰ ਤਰੀਕਿਆਂ ਨੂੰ ਅਮਲ ਵਿਚ ਲਿਆਉਂਣਗੇ।

ਭਾਰਤ ਅਤੇ ਚੀਨੀ ਫ਼ੌਜ ਵਿਚਾਲੇ ਪਿਛਲੇ ਹਫ਼ਤੇ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਤੋਂ ਬਾਅਦ ਤਣਾਅ ਘੱਟ ਕਰਨ ਦੇ ਉਦੇਸ਼ ਨਾਲ ਸੋਮਵਾਰ ਨੂੰ 14ਵੀਂ ਕੋਰ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਅਤੇ ਤਿੱਬਤ ਫ਼ੌਜ ਦੇ ਜ਼ਿਲ੍ਹਾ ਕਮਾਂਡਰ ਮੇਜਰ ਜਨਰਲ ਲਯੂ ਲਿਨ ਵਿਚਾਲੇ ਕਰੀਬ 11 ਘੰਟੇ ਤਕ ਗੱਲਬਾਤ ਹੋਈ। ਸੂਤਰਾਂ ਨੇ ਦਸਿਆ,‘‘ਟਕਰਾਅ ਤੋਂ ਪਿੱਛੇ ਹਟਣ ’ਤੇ ਆਪਸੀ ਸਹਿਮਤੀ ਬਣੀ ਹੈ। ਪੂਰਬੀ ਲਦਾਖ਼ ਵਿਚ ਟਕਰਾਅ ਵਾਲੇ ਸਾਰੇ ਸਥਾਨਾਂ ਤੋਂ ਹਟਣ ਦੇ ਤੌਰ ਤਰੀਕਿਆਂ ’ਤੇ ਚਰਚਾ ਕੀਤੀ ਗਈ ਅਤੇ ਦੋਹਾਂ ਪੱਖਾਂ ਵਲੋਂ ਇਸ ਨੂੰ ਅਮਲ ਵਿਚ ਲਿਆਂਦਾ ਜਾਵੇਗਾ।’’ 

ਸੂਤਰਾਂ ਨੇ ਦਸਿਆ ਕਿ ਪਿੱਛੇ ਹਟਣ ਦੇ ਤਰੀਕਿਆਂ ਨੂੰ ਅੰਤਮ ਰੂਪ ਦੇਣ ਲਈ ਅਗਲੇ ਕੁੱਝ ਹਫ਼ਤਿਆਂ ਵਿਚ ਦੋਹਾਂ ਪੱਖਾਂ ਵਿਚਾਲੇ ਹੋਰ ਬੈਠਕਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਭਾਰਤੀ ਪੱਖ ਨੇ ਅਸਲ ਸਰਹਦੀ ਰੇਖਾ ’ਤੇ ਦੋਹਾਂ ਦੇਸ਼ਾਂ ਨੂੰ ਅਪਣੇ ਬੇਸਾਂ ਵਿਚ ਫ਼ੌਜੀਆਂ ਦੀ ਗਿਣਤੀ ਘੱਟ ਕਰਨ ਦਾ ਵੀ ਸੁਝਾਅ ਦਿਤਾ। ਸੂਤਰਾਂ ਅਨੁਸਾਰ ਬੈਠਕ ਵਿਚ ਭਾਰਤੀ ਪੱਖ ਨੇ ਚੀਨੀ ਫ਼ੌਜ ਵਲੋਂ ਗਲਵਾਨ ਘਾਟੀ ਵਿਚ ਭਾਰਤੀ ਫ਼ੌਜੀਆਂ ’ਤੇ ਕੀਤੇ ਗਏ ‘ਸਾਜ਼ਸ਼ੀ ਹਮਲੇ’ ਸਬੰਧੀ ਸਖ਼ਤ ਵਿਰੋਧ ਜਤਾਇਆ ਅਤੇ ਪੂਰਬੀ ਲਦਾਖ਼ ਵਿਚ ਟਕਰਾਅ ਦੇ ਹਰ ਬਿੰਦੂ ਤੋਂ ਚੀਨੀ ਫ਼ੌਜ ਨੂੰ ਤੁਰਤ ਪਿੱਛੇ ਹਟਣ ਦੀ ਮੰਗ ਕੀਤੀ।

ਜ਼ਿਕਰਯੋਗ ਹੈ ਕਿ ਬੀਤੇ ਇਕ ਹਫ਼ਤੇ ਵਿਚ ਸਰਹਦ ’ਤੇ ਲੱਗੇ ਅਗਲੇ ਠਿਕਾਣਿਆਂ ’ਤੇ ਹਜ਼ਾਰਾਂ ਵਾਧੂ ਜਵਾਨਾਂ ਨੂੰ ਭੇਜਿਆ ਗਿਆ ਹੈ। ਹਵਾਈ ਫ਼ੌਜ ਨੇ ਵੀ ਝੜਪ ਤੋਂ ਬਾਅਦ ਸੀ੍ਰਨਗਰ ਅਤੇ ਲੇਹ ਸਮੇਤ ਅਪਣੇ ਕਈ ਅਹਿਮ ਠਿਕਾਣਿਆਂ ’ਤੇ ਸੁਖੋਈ-30 ਐਮ.ਕੇ.ਆਈ, ਜਗੁਆਰ, ਮਿਰਾਜ 2000 ਲੜਾਕੂ ਜਹਾਜ਼ਾਂ ਨਾਲ ਹੀ ਅਪਾਚੇ ਲੜਾਕੂ ਹੈਲੀਕਾਪਟਰਾਂ ਦੀ ਤੈਨਾਤੀ ਕੀਤੀ ਹੈ। ਸਰਕਾਰ ਨੇ ਵੀ ਐਤਵਾਰ ਨੂੰ ਚੀਨ ਦੇ ਕਿਸੇ ਵੀ ਹਮਲੇ ਦਾ ਮੂੰਹਤੋੜ ਜਵਾਬ ਦੇਣ ਦੀ ਖੁਲ੍ਹ ਦੇ ਦਿਤੀ ਸੀ। (ਪੀਟੀਆਈ)

ਕਾਂਗਰਸ ਦਾ ਭਾਜਪਾ ਪ੍ਰਧਾਨ ਨੱਢਾ ’ਤੇ ਜਵਾਬੀ ਹਮਲਾ
ਨਵੀਂ ਦਿੱਲੀ, 23 ਜੂਨ : ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਯੂ.ਪੀ.ਏ ਸਰਕਾਰ ਸਮੇਂ 600 ਵਾਰ ਹੋਈ ਚੀਨੀ ਘੁਸਪੈਠ ਦਾ ਮੁੱਦਾ ਚੁੱਕਣ ਨੂੰ ਲੈ ਕੇ ਮੰਗਲਵਾਰ ਨੂੰ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ’ਤੇ ਜਵਾਬੀ ਹਮਲਾ ਕੀਤਾ ਅਤੇ ਕਿਹਾ ਕਿ ਨੱਢਾ ‘2015 ਤੋਂ ਹੁਣ ਤਕ ਚੀਨ ਵਲੋਂ 2264 ਵਾਰ ਕੀਤੀ ਗਈ ਘੁਸਪੈਠ’ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਵਾਬ ਮੰਗਣ ਦੀ ਹਿੰਮਤ ਨਹੀਂ ਕਰਨਗੇ।

ਉਨ੍ਹਾਂ ਟਵੀਟ ਕੀਤਾ,‘‘ਹਾਂ, ਘੁਸਪੈਠ ਹੋਈ ਸੀ ਪਰ ਚੀਨ ਨੇ ਕਿਸੇ ਭਾਰਤੀ ਖੇਤਰ ’ਤੇ ਕਬਜ਼ਾ ਨਹੀਂ ਕੀਤਾ ਅਤੇ ਹਿੰਸਕ ਝੜਪ ਵਿਚ ਕਿਸੇ ਭਾਰਤੀ ਜਵਾਨ ਦੀ ਜਾਨ ਨਹੀਂ ਸੀ ਗਈ।’’  ਸਾਬਕਾ ਗ੍ਰਹਿ ਮੰਤਰੀ ਨੇ ਕਿਹਾ,‘‘ਕੀ ਜੇ.ਪੀ. ਨੱਢਾ 2015 ਤੋਂ 2264 ਵਾਰ ਹੋਈ ਚੀਨੀ ਘੁਸਪੈਠ ’ਤੇ ਪ੍ਰਧਾਨ ਮੰਤਰੀ ਤੋਂ ਜਵਾਬ ਮੰਗਣਗੇ? ਮੈਂ ਸ਼ਰਤ ਲਗਾ ਸਕਦਾ ਹਾਂ ਕਿ ਉਹ ਸਵਾਲ ਪੁੱਛਣ ਦੀ ਹਿੰਮਤ ਨਹੀਂ ਕਰਨਗੇ।’’

ਭਾਜਪਾ ਪ੍ਰਧਾਨ ਨੱਢਾ ਨੇ ਲਦਾਖ਼ ਵਿਚ ਟਕਰਾਅ ਸਬੰਧੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਮੋਦੀ ਦੀ ਆਲੋਚਨਾ ਕਰਨ ’ਤੇ ਦੋਸ਼ ਲਗਾਇਆ ਸੀ ਕਿ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਦੇ ਤੌਰ ’ਤੇ ਭਾਰਤ ਦੀ ਸੈਂਕੜੇ ਕਿਲੋਮੀਟਰ ਜ਼ਮੀਨ ਚੀਨ ਨੂੰ ਸੌਂਪ ਦਿਤੀ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਮਨਮੋਹਨ ਸਿੰਘ ਦੇ ਕਾਰਜਕਾਲ ਵਿਚ 2010 ਤੋਂ 2013 ਵਿਚਾਲੇ ਗੁਆਂਢੀ ਦੇਸ਼ ਨੇ 600 ਤੋਂ ਜ਼ਿਆਦਾ ਵਾਰ ਘੁਸਪੈਠ ਕੀਤੀ। (ਪੀਟੀਆਈ)