ਪਤਾਂਜਲੀ ਦੀ ਕੋਰੋਨਾ ਦਵਾਈ ਦੇ ਪ੍ਰਚਾਰ 'ਤੇ ਲੱਗੀ ਰੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਨੇ ਕਿਹਾ, ਪਹਿਲਾਂ ਹੋਵੇਗੀ ਜਾਂਚ

coronil patanjali

ਨਵੀਂ ਦਿੱਲੀ, 23 ਜੂਨ : ਕੋਰੋਨਾ ਵਾਇਰਸ ਦੀ ਦਵਾਈ ਬਣਾਉਣ ਦੇ ਪਤਾਂਜਲੀ ਆਯੂਰਵੈਦਿਕ ਲਿਮਟਿਡ ਦੇ ਦਾਅਵਿਆਂ 'ਤੇ ਆਯੂਸ਼ ਮੰਤਰਾਲੇ ਨੇ ਨੋਟਿਸ ਲਿਆ ਹੈ। ਮੰਤਰਾਲੇ ਨੇ ਪਤਾਂਜਲੀ ਨਾਲ ਕੋਰੋਨਾ ਦੀ ਦਵਾਈ ਨਾਲ ਜੁੜੇ ਇਸ਼ਤਿਹਾਰਾਂ ਨੂੰ ਬੰਦ ਕਰਨ ਅਤੇ ਇਸ 'ਤੇ ਅਪਣੇ ਦਾਅਵੇ ਨੂੰ ਜਨਤਕ ਕਰਨ 'ਤੇ ਰੋਕ ਲਗਾਈ ਹੈ। ਸਰਕਾਰ ਨੇ ਕਿਹਾ ਹੈ ਕਿ ਜਦੋਂ ਤਕ ਇਸ ਦੀ ਸਹੀ ਜਾਂਚ ਨਹੀਂ ਹੋ ਜਾਂਦੀ ਤਦ ਤਕ ਇਸ ਦੇ ਪ੍ਰਚਾਰ ਅਤੇ ਪ੍ਰਸਾਰ 'ਤੇ ਰੋਕ ਲੱਗੀ ਰਹੇਗੀ। ਕੋਰੋਨਾ ਦੇ ਇਲਾਜ ਲਈ ਪਤਾਂਜਲੀ ਦੀ ਦਵਾਈ ਨੂੰ ਲੈ ਕੇ ਆਯੁਸ਼ ਮੰਤਰਾਲੇ ਨੇ ਕਿਹਾ ਹੈ ਕਿ ਸਾਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਕਿਸ ਤਰ੍ਹਾਂ ਦੇ ਵਿਗਿਆਨਕ ਅਧਿਐਨ ਤੋਂ ਬਾਅਦ ਦਵਾਈ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ।

ਮੰਤਰਾਲੇ ਨੇ ਇਸ ਨਾਲ ਸਬੰਧਤ ਸਾਰੀ ਜਾਣਕਾਰੀ ਮੰਗੀ ਹੈ। ਸਰਕਾਰ ਨੇ ਸਾਫ਼ ਸ਼ਬਦਾਂ ਵਿਚ ਕਿਹਾ ਹੈ ਕਿ ਬਿਨਾਂ ਜਾਂਚ ਕਰਵਾਏ ਹਰ ਤਰ੍ਹਾਂ ਦੇ ਇਸ਼ਤਿਹਾਰ 'ਤੇ ਅਗਲੇ ਹੁਕਮਾਂ ਤਕ ਰੋਕ ਲੱਗੀ ਰਹੇਗੀ। ਆਯੂਸ਼ ਮੰਤਰਾਲੇ ਨੇ ਕਿਹਾ ਹੈ ਕਿ ਪਤਾਂਜਲੀ ਦੀ ਕਥਿਤ ਦਵਾਈ ਗ਼ੈਰ ਕਾਨੂੰੰਨੀ ਅਤੇ ਚਮਤਕਾਰੀ ਇਲਾਜ (ਅਪਮਾਨਜਨਕ ਇਸ਼ਤਿਹਾਰ) ਕਾਨੂੰਨ, 1954 ਦੇ ਤਹਿਤ ਉਲੰਘਣਾ ਹੈ। ਪਤਾਂਜਲੀ ਨੂੰ ਕਿਹਾ ਗਿਆ ਹੈ ਕਿ ਉਹ ਨਮੂਨੇ ਦਾ ਅਕਾਰ, ਸਥਾਨ, ਹਸਪਤਾਲ ਜਿਥੇ ਇਹ ਅਧਿਐਨ ਕੀਤਾ ਗਿਆ ਅਤੇ ਨੈਤਿਕਤਾ ਕਮੇਟੀ ਦੀ ਮਨਜ਼ੂਰੀ ਬਾਰੇ ਵਿਸਥਾਰ ਨਾਲ ਜਾਣਕਾਰੀ ਮੁਹਈਆ ਕਰਵਾਏ।