ਭਾਰਤ-ਚੀਨ ਤਣਾਅ - ਸਿੱਖ ਫੌਜੀ ਸੁਰਿੰਦਰ ਸਿੰਘ ਨੇ ਸ਼੍ਰੀ ਸਾਹਿਬ ਨਾਲ ਸਿਖਾਇਆ ਚੀਨੀ ਫੌਜ ਨੂੰ ਸਬਕ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਰਾ ਸਿੱਖ ਜਗਤ ਸੁਰਿੰਦਰ ਸਿੰਘ ਦੀ ਬਹਾਦਰੀ ਉਤੇ ਮਾਣ ਕਰ ਰਿਹਾ ਹੈ।

Sikh soldier Surinder Singh

ਨਵੀਂ ਦਿੱਲੀ- ਚੀਨ ਨਾਲ ਹੋਈ ਝੜਪ ਵਿਚ ਭਾਰਤ ਦੇਸ਼ ਦੇ 20 ਫੌਜੀ ਸ਼ਹੀਦ ਹੋ ਜਾਣ 'ਤੇ ਹੋਰ ਕਈਆਂ ਦੇ ਜਖ਼ਮੀ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ, ਜਿਸ ਤੋਂ ਸਾਰਾ ਦੇਸ਼ ਚਿੰਤਤ ਹੈ। ਇਸ ਘਟਨਾ ਵਿਚ ਅਲਵਰ ਦਾ ਰਹਿਣ ਵਾਲਾ ਇਕ ਅੰਮ੍ਰਿਤਧਾਰੀ ਸਿੱਖ ਫੌਜੀ ਸੁਰਿੰਦਰ ਸਿੰਘ ਵੀ ਹੋਰਾਂ ਦੇ ਨਾਲ ਦੁਸ਼ਮਣਾਂ ਦੇ ਘੇਰੇ ਵਿਚ ਘਿਰ ਗਿਆ ਸੀ ਪਰ ਉਸ ਨੇ ਹੱਥੋਂ ਹੱਥੀ ਹੋਈ ਲੜਾਈ ਵਿਚ ਬੜੀ ਹਿੰਮਤ ਨਾਲ ਚੀਨੀ ਫੌਜੀਆਂ ਨੂੰ ਕਈ ਵਾਰ ਜਵਾਬ ਦਿੱਤਾ। 

ਆਖਰਕਾਰ ਕੋਈ ਹੋਰ ਪੇਸ਼ ਨਾ ਜਾਂਦੀ ਵੇਖ ਕੇ ਉਸ ਨੇ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਸ਼੍ਰੀ ਸਾਹਿਬ (ਕ੍ਰਿਪਾਨ) ਕੱਢ ਲਈ ਤੇ ਇਸ ਨਾਲ ਕਈ ਹਮਲਾਵਰ ਚੀਨੀ ਫੌਜੀਆਂ ਦਾ ਕੰਮ-ਤਮਾਮ ਕਰਕੇ ਆਪਣੀ ਜਾਨ ਬਚਾਉਣ ਵਿਚ ਕਾਮਯਾਬ ਹੋ ਗਿਆ। ਹੁਣ ਉਹ ਹਸਪਤਾਲ ਵਿਚ ਜੇਰੇ ਇਲਾਜ ਹੈ। ਸਾਰਾ ਸਿੱਖ ਜਗਤ ਸੁਰਿੰਦਰ ਸਿੰਘ ਦੀ ਬਹਾਦਰੀ ਉਤੇ ਮਾਣ ਕਰ ਰਿਹਾ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਫ਼ੌਜੀਆਂ ਨਾਲ ਝੜਪ ਵਿਚ ਪੰਜਾਬ ਦੇ 4 ਜਵਾਨ ਵੀ  ਸ਼ਹੀਦ ਹੋ ਗਏ ਸਨ ਜਿਨ੍ਹਾਂ ਵਿਚੋਂ ਮਾਨਸਾ ਜ਼ਿਲ੍ਹੇ ਦੇ ਥਾਣਾ ਬੋਹਾ ਦੇ ਪਿੰਡ ਬੀਰੇਵਾਲਾ ਡੋਗਰਾ ਦੇ 21 ਸਾਲ ਦਾ ਗੁਰਤੇਜ ਸਿੰਘ ਪੁੱਤਰ ਵਿਰਸਾ ਸਿੰਘ ਅਤੇ ਸੰਗਰੂਰ ਦੇ ਪਿੰਡ ਤੋਲਾਵਾਲ ਦੇ ਗੁਰਬਿੰਦਰ ਸਿੰਘ ਸ਼ਹੀਦ ਹੋ ਗਏ ਸਨ। ਪਟਿਆਲਾ ਤੋਂ ਮਨਦੀਪ ਸਿੰਘ ਤੇ ਗੁਰਦਾਸਪੁਰ ਤੋਂ ਸਤਨਾਮ ਸਿੰਘ ਵੀ ਇਸ ਝੜਪ ਵਿਚ ਸ਼ਹੀਦ ਹੋ ਗਏ ਸਨ।