ਦੇਸ਼ ਵਿਚ ਪੀੜਤਾਂ ਦੀ ਗਿਣਤੀ ਸਾਢੇ ਚਾਰ ਲੱਖ ਨੂੰ ਢੁਕੀ
14,933 ਨਵੇਂ ਮਾਮਲੇ, 312 ਮੌਤਾਂ, ਇਕ ਦਿਨ ਵਿਚ ਕਰੀਬ 11,000 ਲੋਕ ਸਿਹਤਯਾਬ ਹੋਏ
ਨਵੀਂ ਦਿੱਲੀ, 23 ਜੂਨ : ਦੇਸ਼ ਵਿਚ ਕੋਰੋਨਾ ਵਾਇਰਸ ਲਾਗ ਦੇ 14,933 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੰਗਲਵਾਰ ਨੂੰ ਕੁਲ ਪੀੜਤਾਂ ਦੀ ਗਿਣਤੀ 4,40,215 ਹੋ ਗਈ, ਉਥੇ ਹੀ 312 ਹੋਰ ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 14,011 ਤਕ ਪਹੁੰਚ ਗਈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਇਕ ਜੂਨ ਤੋਂ ਪੀੜਤਾਂ ਦੀ ਗਿਣਤੀ 2,49,680 ਵਧੀ ਹੈ
ਜਿਸ ਵਿਚ ਕੁੱਲ ਮਾਮਲਿਆਂ ਵਿਚੋਂ 70 ਫ਼ੀ ਸਦੀ ਮਹਾਂਰਾਸ਼ਟਰ, ਤਾਮਿਨਾਡੂ, ਦਿੱਲੀ ਅਤੇ ਗੁਜਰਾਤ ਤੋਂ ਹਨ। ਸਿਹਤਯਾਬ ਹੋਣ ਦੀ ਦਰ ਵਿਚ ਵੀ ਸੁਧਾਰ ਦੇਖਿਆ ਗਿਆ ਅਤੇ ਹੁਣ ਤਕ ਕੁਲ 2,48,189 ਮਰੀਜ਼ ਬੀਮਾਰੀ ਤੋਂ ਠੀਕ ਹੋ ਚੁਕੇ ਹਨ। ਸਵੇਰੇ ਅੱਠ ਵਜੇ ਤਕ ਦੇ ਅੰਕੜਿਆਂ ਮੁਤਾਬਕ ਕੁਲ 1,78,014 ਲੋਕ ਹੁਣ ਵੀ ਬੀਮਾਰੀ ਨਾਲ ਪੀੜਤ ਹਨ। ਇਕ ਅਧਿਕਾਰੀ ਨੇ ਦਸਿਆ ਕਿ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ ਕੁੱਲ 10,994 ਮਰੀਜ਼ ਸਿਹਤਯਾਬ ਹੋਏ ਹਨ ਜਿਸ ਨਾਲ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ 56.38 ਫ਼ੀ ਸਦੀ ਹੋ ਗਈ ਹੈ।
ਮੰਗਲਵਾਰ ਸਵੇਰ ਤਕ ਜਿਨ੍ਹਾਂ 312 ਲੋਕਾਂ ਦੀ ਮੌਤ ਹੋਈ ਹੈ ਉਨ੍ਹਾਂ ਵਿਚੋਂ 113 ਮਹਾਂਰਾਸ਼ਟਰ, 58 ਦਿੱਲੀ, 37 ਤਾਮਿਲਨਾਡੂ, 21 ਗੁਜਰਾਤ, 19 ਉਤਰ ਪ੍ਰਦੇਸ਼, 14 ਪਛਮੀ ਬੰਗਾਲ, 9 ਹਰਿਆਣਾ, 7-7 ਲੋਕ ਰਾਜਸਥਾਨ ਅਤੇ ਤੇਲੰਗਾਨਾ, 6 ਮੱਧ ਪ੍ਰਦੇਸ਼, 5-5 ਲੋਕ ਆਂਧਰਾ ਪ੍ਰਦੇਸ਼ ਅਤੇ ਕਰਨਾਟਕ, 3 ਜੰਮੂ ਕਸ਼ਮੀਰ, 2-2 ਲੋਕ ਬਿਹਾਰ ਅਤੇ ਪੰਜਾਬ ਅਤੇ ਇਕ ਇਕ ਮ੍ਰਿਤਕ ਛਤੀਸਗੜ੍ਹ, ਗੋਆ, ਉਡੀਸਾ ਅਤੇ ਝਾਰਖੰਡ ਤੋਂ ਸਨ। (ਪੀ.ਟੀ.ਆਈ)