3 ਸਾਲਾ ਬੱਚੇ ਨੂੰ ਚੁੱਕ ਕੇ ਜੰਗਲ ’ਚ ਲੈ ਗਿਆ ਤੇਂਦੁਆ, ਪੁਲਸ ਗਾਰਡਾਂ ਨੇ ਬਚਾਈ ਜਾਨ
ਇਹ ਘਟਨਾ ਵੀਰਵਾਰ ਰਾਤ ਕਰੀਬ 10 ਵਜੇ ਵਾਪਰੀ
File Photo
ਤਿਰੁਪਤੀ - ਤਿਰੁਪਤੀ ’ਚ ਇਕ 3 ਸਾਲ ਦੇ ਬੱਚੇ ’ਤੇ ਅਚਾਨਕ ਤੇਂਦੁਏ ਨੇ ਹਮਲਾ ਕਰ ਦਿੱਤਾ। ਹਾਲਾਂਕਿ ਬੱਚਾ ਤੇਂਦੁਏ ਦੇ ਹਮਲੇ ਤੋਂ ਬਚ ਗਿਆ ਹੈ। ਪੁਲਿਸ ਅਨੁਸਾਰ, ਬੱਚਾ ਆਪਣੇ ਦਾਦੇ ਨਾਲ ਜਾ ਰਿਹਾ ਸੀ, ਉਦੋਂ ਜਾਨਵਰ ਉਸ ’ਤੇ ਝਪਟਿਆ ਅਤੇ ਉਸ ਦੀ ਧੌਣ ਫੜ ਕੇ ਉਸ ਨੂੰ ਦੂਰ ਲੈ ਗਿਆ। ਇਹ ਘਟਨਾ ਵੀਰਵਾਰ ਰਾਤ ਕਰੀਬ 10 ਵਜੇ ਜੰਗਲ ਦੇ ਵਿਚ ਘਾਟ ਰੋਡ ਦੇ ਫੁਟਪਾਥ ’ਤੇ ਤਿਰੁਪਤੀ ਸ਼ਹਿਰ ਅਤੇ ਸ਼੍ਰੀ ਵੈਂਕਟੇਸ਼ਵਰ ਮੰਦਰ ਦੇ ਦਰਮਿਆਨ ਅੰਜਨੇਯ ਸਵਾਮੀ ਦੀ ਮੂਰਤੀ ਦੇ ਕੋਲ ਵਾਪਰੀ।
ਟੀ.ਟੀ.ਡੀ. ਦੇ ਕਾਰਜਕਾਰੀ ਅਧਿਕਾਰੀ ਅਨੁਸਾਰ, ਖੁਸ਼ਕਿਸਮਤੀ ਨਾਲ ਕੋਲ ਹੀ ਮੌਜੂਦ 5 ਤੋਂ 6 ਪੁਲਿਸ ਗਾਰਡ ਡਾਂਗਾਂ ਚੁੱਕ ਕੇ ਅਤੇ ਆਪਣੇ ਮੋਬਾਇਲ ਫੋਨਾਂ ਦੀ ਰੌਸ਼ਨੀ ਦੇ ਸਹਾਰੇ ਤੇਂਦੁਏ ਦੇ ਪਿੱਛੇ ਜੰਗਲ ’ਚ ਦੌੜੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜ਼ੋਰ-ਜ਼ੋਰ ਨਾਲ ਰੌਲਾ ਪਾਇਆ, ਜਿਸ ਤੋਂ ਬਾਅਦ ਤੇਂਦੁਆ ਬੱਚੇ ਨੂੰ ਛੱਡ ਕੇ ਦੌੜ ਗਿਆ।