ਪਹਿਲੇ ਮੀਂਹ ’ਚ ਚੋਣ ਲੱਗਾ ਅਯੁਧਿਆ ਮੰਦਰ, ਪੁਜਾਰੀਆਂ ਦੇ ਬੈਠਣ ਦੀ ਵੀ ਜਗ੍ਹਾ ਨਹੀਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਗਵਾਨ ਰਾਮ ਦੇ ਵਿਸ਼ਾਲ ਮੰਦਰ ਨੂੰ 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਆਮ ਜਨਤਾ ਲਈ ਖੋਲ੍ਹ ਦਿਤਾ ਗਿਆ ਸੀ

Satender Das

ਅਯੁਧਿਆ: ਰਾਮਲਲਾ ਦਾ ਮੰਦਰ 500 ਸਾਲਾਂ ਦੇ ਸੰਘਰਸ਼ ਤੋਂ ਬਾਅਦ ਸ਼ਾਨ ਨਾਲ ਖੜਾ ਹੈ। ਸ਼ਰਧਾਲੂ ਇਸ ਵਿਸ਼ਾਲ ਮੰਦਰ ’ਚ ਭਗਵਾਨ ਦੇ ਦਰਸ਼ਨ ਵੀ ਕਰ ਰਹੇ ਹਨ। ਲੱਖਾਂ ਰਾਮ ਭਗਤਾਂ ਦੀ ਆਸਥਾ ਦੇ ਮੰਦਰ ’ਚ ਪ੍ਰੀ-ਮਾਨਸੂਨ ਦੀ ਪਹਿਲੀ ਬਰਸਾਤ ’ਚ ਹੀ ਛੱਤ ਤੋਂ ਕਾਫ਼ੀ ਪਾਣੀ ਚੋਣ ਲੱਗਾ ਹੈ। ਇਹ ਸ਼ਿਕਾਇਤ ਹੋਰ ਕਿਸੇ ਨੇ ਨਹੀਂ, ਸਗੋਂ ਰਾਮਲਲਾ ਦੇ ਮੁੱਖ ਪੁਜਾਰੀ ਅਚਾਰੀਆ ਸਤੇਂਦਰ ਦਾਸ ਨੇ ਕੀਤੀ ਹੈ। 

ਰਾਮਲਲਾ ਦੇ ਮੁਖ ਪੁਜਾਰੀ ਅਚਾਰੀਆ ਸਤੇਂਦਰ ਦਾਸ ਨੇ ਹਾਲ ਹੀ ਵਿਚ ਰਾਮਲਲਾ ਦੇ ਪਾਵਨ ਅਸਥਾਨ ਤੋਂ ਪਾਣੀ ਦੀ ਨਿਕਾਸੀ ਨੂੰ ਲੈ ਕੇ ਮੰਦਰ ਦੇ ਨਿਰਮਾਣ ਵਿਚ ਸ਼ਾਮਲ ਸੰਸਥਾ ’ਤੇ ਸਵਾਲੀਆ ਨਿਸ਼ਾਨ ਉਠਾਇਆ ਸੀ ਅਤੇ ਹੁਣ ਪ੍ਰੀ-ਮੌਨਸੂਨ ਦੀ ਪਹਿਲੀ ਬਰਸਾਤ ਨੇ ਇਸ ਵਿਸ਼ਾਲ ਮੰਦਰ ਦੀ ਉਸਾਰੀ ਦਾ ਪਰਦਾਫ਼ਾਸ਼ ਕਰ ਦਿੱਤਾ ਹੈ। ਉਨ੍ਹਾਂ ਦਸਿਆ ਕਿ ਭਗਵਾਨ ਰਾਮ ਦੇ ਵਿਸ਼ਾਲ ਮੰਦਰ ਦੇ ਪਾਵਨ ਅਸਥਾਨ ਦੀ ਛੱਤ ਪਿਛਲੇ ਦਿਨੀਂ ਲੀਕ ਹੋ ਗਈ ਸੀ, ਜਿਸ ਨੂੰ ਠੀਕ ਕਰ ਦਿੱਤਾ ਗਿਆ ਸੀ ਪਰ ਹੁਣ ਪ੍ਰੀ-ਮੌਨਸੂਨ ਦੀ ਪਹਿਲੀ ਬਾਰਿਸ਼ ’ਚ ਪੁਜਾਰੀ ਦੇ ਬੈਠਣ ਦੀ ਜਗ੍ਹਾ ਵੀ ਨਹੀਂ ਬਚੀ ਹੈ ਅਤੇ ਉਹ ਥਾਂ ਭਗਵਾਨ ਦੇ ਮੰਦਰ ਦੇ ਬਿਲਕੁਲ ਸਾਹਮਣੇ ਹੈ। ਇਸ ਤੋਂ ਇਲਾਵਾ ਲੋਕ ਵੀਆਈਪੀ ਦਰਸ਼ਨਾਂ ਲਈ ਆਉਂਦੇ ਹਨ, ਉਸ ਥਾਂ ’ਤੇ ਮੀਂਹ ਦਾ ਪਾਣੀ ਤੇਜ਼ੀ ਨਾਲ ਚੋਅ ਰਿਹਾ ਹੈ। ਇਹ ਬਹੁਤ ਜ਼ਿਆਦਾ ਹੈ ਅਤੇ ਇਸ ਨੂੰ ਹਟਾਉਣ ਲਈ ਸਖ਼ਤ ਮੁਸ਼ੱਕਤ ਕਰਨੀ ਪਈ ਹੈ।

ਇਥੇ ਵਰਨਣਯੋਗ ਹੈ ਕਿ ਭਗਵਾਨ ਰਾਮ ਦੇ ਵਿਸ਼ਾਲ ਮੰਦਰ ਨੂੰ 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਆਮ ਜਨਤਾ ਲਈ ਖੋਲ੍ਹ ਦਿਤਾ ਗਿਆ ਸੀ। ਇਸ ਵਿਸ਼ਵ ਪ੍ਰਸਿਧ ਮੰਦਰ ਦੇ ਨਿਰਮਾਣ ਕਾਰਜ ਵਿੱਚ ਬਰਸਾਤੀ ਪਾਣੀ ਦਾ ਚੋਣਾ ਬੇਹਦ ਹੈਰਾਨੀਜਨਕ ਹੈ। ਇਸੇ ਲਈ ਪੁਜਾਰੀ ਨੇ ਦੋਸ਼ ਲਾਇਆ ਹੈ ਕਿ ਉਸਾਰੀ ਦੇ ਕੰਮ ਵਿਚ ਲਾਪ੍ਰਵਾਹੀ ਹੋਈ ਹੈ, ਜੋ ਗ਼ਲਤ ਹੈ। ਪਹਿਲੀ ਬਰਸਾਤ ਵਿੱਚ ਹੀ ਪਾਵਨ ਅਸਥਾਨ ਵਿਚ ਪਾਣੀ ਭਰ ਗਿਆ ਸੀ, ਜਿਸ ਨੂੰ ਠੀਕ ਕਰ ਦਿੱਤਾ ਗਿਆ ਹੈ। ਹੁਣ ਇਸ ਪਾਵਨ ਅਸਥਾਨ ਦੇ ਸਾਹਮਣੇ ਜਿਸ ਸੜਕ ’ਤੇ ਪੁਜਾਰੀ ਬੈਠਦੇ ਹਨ ਅਤੇ ਜਿਥੋਂ ਵੀਆਈਪੀ ਦਰਸ਼ਨ ਕਰਦੇ ਹਨ, ਉਸ ਸੜਕ ’ਤੇ ਪਾਣੀ ਭਰ ਗਿਆ ਹੈ। ਰਾਤ ਨੂੰ ਮੀਂਹ ਪਿਆ ਅਤੇ ਜਦੋਂ ਸਵੇਰੇ ਪੁਜਾਰੀ ਭਗਵਾਨ ਦੀ ਪੂਜਾ ਕਰਨ ਲਈ ਉਥੇ ਗਏ, ਤਾਂ ਉਨ੍ਹਾਂ ਨੇ ਉਥੇ ਪਾਣੀ ਭਰਿਆ ਦੇਖਿਆ, ਜਿਸ ਨੂੰ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਮੰਦਰ ਦੇ ਅਹਾਤੇ ਤੋਂ ਬਾਹਰ ਕੱਢਿਆ ਗਿਆ।

ਦੱਸ ਦੇਈਏ ਕਿ ਰਾਮਲਲਾ ਦਾ ਵਿਸ਼ਾਲ ਮੰਦਰ ਬੰਸੀ ਪਹਾੜਪੁਰ ਦੇ ਪੱਥਰਾਂ ਨਾਲ ਬਣਾਇਆ ਗਿਆ ਹੈ। ਉਸਾਰੀ ਦਾ ਕੰਮ ਟਾਟਾ ਕੰਸਲਟੈਂਸੀ ਅਤੇ ਐਲਐਂਡਟੀ ਕੰਪਨੀ ਵੱਲੋਂ ਕਰਵਾਇਆ ਗਿਆ ਹੈ, ਜਿਸ ਵਿਚ ਦੇਸ਼ ਦੇ ਨਾਮਵਰ ਇੰਜਨੀਅਰਾਂ ਨੇ ਯੋਗਦਾਨ ਪਾਇਆ ਹੈ ਪਰ ਪ੍ਰੀ-ਮੌਨਸੂਨ ਦੀ ਪਹਿਲੀ ਬਰਸਾਤ ਨੇ ਹੀ ਰਾਮ ਮੰਦਰ ਦੇ ਨਿਰਮਾਣ ਵਿਚ ਲੱਗੀਆਂ ਏਜੰਸੀਆਂ ਦੀ ਵੱਡੀ ਲਾਪਰਵਾਹੀ ਸਾਹਮਣੇ ਲੈ ਆਂਦੀ ਹੈ।