BJD ਨੇ ਰਾਜ ਸਭਾ ’ਚੋਂ NDA ਸਰਕਾਰ ਨੂੰ ਸਮਰਥਨ ਵਾਪਸ ਲਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ ਨੂੰ ਹੁਣ ਕੋਈ ਸਮਰਥਨ ਨਹੀਂ, ਵਿਰੋਧੀ ਧਿਰ ਦੀ ‘ਜੀਵੰਤ ਅਤੇ ਮਜ਼ਬੂਤ’ ਭੂਮਿਕਾ ਨਿਉਣਗੇ ਪਾਰਟੀ ਦੇ ਸੰਸਦ ਮੈਂਬਰ : ਨਵੀਨ ਪਟਨਾਇਕ

Navin Patnayak

ਭੁਵਨੇਸ਼ਵਰ: ਬੀਜੂ ਜਨਤਾ ਦਲ (ਬੀ.ਜੇ.ਡੀ.) ਦੇ ਪ੍ਰਧਾਨ ਨਵੀਨ ਪਟਨਾਇਕ ਨੇ ਸੋਮਵਾਰ ਨੂੰ ਅਪਣੀ ਪਾਰਟੀ ਦੇ 9 ਰਾਜ ਸਭਾ ਮੈਂਬਰਾਂ ਨਾਲ ਬੈਠਕ ਕੀਤੀ ਅਤੇ ਉਨ੍ਹਾਂ ਨੂੰ 27 ਜੂਨ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਉੱਚ ਸਦਨ ਦੇ ਆਗਾਮੀ ਸੈਸ਼ਨ ਦੌਰਾਨ ਵਿਰੋਧੀ ਧਿਰ ਦੀ ‘ਜੀਵੰਤ ਅਤੇ ਮਜ਼ਬੂਤ’ ਭੂਮਿਕਾ ਨਿਭਾਉਣ ਲਈ ਕਿਹਾ। ਬੈਠਕ ’ਚ ਪਟਨਾਇਕ ਨੇ ਸੰਸਦ ਮੈਂਬਰਾਂ ਨੂੰ ਸੂਬੇ ਦੇ ਹਿੱਤਾਂ ਨਾਲ ਜੁੜੇ ਮੁੱਦਿਆਂ ਨੂੰ ਉਚਿਤ ਤਰੀਕੇ ਨਾਲ ਉਠਾਉਣ ਲਈ ਵੀ ਕਿਹਾ। 

ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਸਭਾ ’ਚ ਪਾਰਟੀ ਆਗੂ ਸਸਮਿਤ ਪਾਤਰਾ ਨੇ ਕਿਹਾ, ‘‘ਇਸ ਵਾਰ ਬੀ.ਜੇ.ਡੀ. ਦੇ ਸੰਸਦ ਮੈਂਬਰ ਖ਼ੁਦ ਨੂੰ ਸਿਰਫ ਮੁੱਦਿਆਂ ’ਤੇ  ਬੋਲਣ ਤਕ  ਸੀਮਤ ਨਹੀਂ ਰਖਣਗੇ, ਜੇਕਰ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਓਡੀਸ਼ਾ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਦੀ ਹੈ ਤਾਂ ਉਹ ਅੰਦੋਲਨ ਸ਼ੁਰੂ ਕਰਨ ਲਈ ਦ੍ਰਿੜ ਹਨ।’’

ਉਨ੍ਹਾਂ ਕਿਹਾ ਕਿ ਓਡੀਸ਼ਾ ਨੂੰ ਵਿਸ਼ੇਸ਼ ਦਰਜਾ ਦੇਣ ਦੀ ਮੰਗ ਉਠਾਉਣ ਤੋਂ ਇਲਾਵਾ ਬੀ.ਜੇ.ਡੀ. ਸੰਸਦ ਮੈਂਬਰ ਸੂਬੇ ’ਚ ਖਰਾਬ ਮੋਬਾਈਲ ਕਨੈਕਟੀਵਿਟੀ ਅਤੇ ਬੈਂਕ ਬ੍ਰਾਂਚਾਂ ਦੀ ਘੱਟ ਗਿਣਤੀ ਦਾ ਮੁੱਦਾ ਵੀ ਉਠਾਉਣਗੇ। 

ਉਨ੍ਹਾਂ ਕਿਹਾ, ‘‘ਪਿਛਲੇ 10 ਸਾਲਾਂ ਤੋਂ ਕੇਂਦਰ ਸਰਕਾਰ ਕੋਲਾ ਰਾਇਲਟੀ ’ਚ ਸੋਧ ਕਰਨ ਦੀ ਓਡੀਸ਼ਾ ਦੀ ਮੰਗ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਇਸ ਨਾਲ ਸੂਬੇ ਦੇ ਲੋਕਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਉਹ ਅਪਣੇ  ਹਿੱਸੇ ਦੇ ਹੱਕ ਤੋਂ ਵਾਂਝੇ ਹਨ।’’ ਉਨ੍ਹਾਂ ਕਿਹਾ, ‘‘ਰਾਜ ਸਭਾ ’ਚ ਨੌਂ ਸੰਸਦ ਮੈਂਬਰ ਇਕ  ਮਜ਼ਬੂਤ ਵਿਰੋਧੀ ਧਿਰ ਵਜੋਂ ਕੰਮ ਕਰਨਗੇ।’’

ਇਹ ਪੁੱਛੇ ਜਾਣ ’ਤੇ ਕਿ ਕੀ ਬੀ.ਜੇ.ਡੀ. ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਮੁੱਦੇ ਅਧਾਰਤ ਸਮਰਥਨ ਦੇਣ ਦੇ ਅਪਣੇ  ਪਹਿਲੇ ਸਟੈਂਡ ’ਤੇ  ਕਾਇਮ ਰਹੇਗੀ, ਪਾਤਰਾ ਨੇ ਕਿਹਾ, ‘‘ਹੁਣ ਅਸੀਂ ਭਾਜਪਾ ਦਾ ਸਮਰਥਨ ਨਹੀਂ ਕਰਾਂਗੇ, ਸਿਰਫ ਵਿਰੋਧੀ ਧਿਰ ਦੀ ਭੂਮਿਕਾ ਨਿਭਾਵਾਂਗੇ। ਅਸੀਂ ਓਡੀਸ਼ਾ ਦੇ ਹਿੱਤਾਂ ਦੀ ਰੱਖਿਆ ਲਈ ਕਿਸੇ ਵੀ ਹੱਦ ਤਕ  ਜਾ ਸਕਦੇ ਹਾਂ।’’

ਪਾਤਰਾ ਨੇ ਕਿਹਾ, ‘‘ਭਾਜਪਾ ਨੂੰ ਸਮਰਥਨ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਬੀ.ਜੇ.ਡੀ. ਪ੍ਰਧਾਨ ਨੇ ਸਾਨੂੰ ਕਿਹਾ ਕਿ ਜੇ ਐਨ.ਡੀ.ਏ. ਸਰਕਾਰ ਓਡੀਸ਼ਾ ਦੀਆਂ ਜਾਇਜ਼ ਮੰਗਾਂ ਨੂੰ ਨਜ਼ਰਅੰਦਾਜ਼ ਕਰਨਾ ਜਾਰੀ ਰਖਦੀ  ਹੈ, ਤਾਂ ਸਾਨੂੰ ਇਕ  ਮਜ਼ਬੂਤ ਅਤੇ ਜੀਵੰਤ ਵਿਰੋਧੀ ਧਿਰ ਵਜੋਂ ਕੰਮ ਕਰਨਾ ਚਾਹੀਦਾ ਹੈ।’’