ਫ਼ੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰੋਮੋਟਰ ਸ਼ਿਵਇੰਦਰ ਸਿੰਘ ਨੂੰ ਜ਼ਮਾਨਤ ਮਿਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਹੋਰ ਮਾਮਲੇ ਕਾਰਨ ਹਾਲੇ ਜੇਲ ਵਿਚ ਹੀ ਰਹੇਗਾ

Former Fortis Healthcare promoter Shivinder Mohan Singh

ਨਵੀਂ ਦਿੱਲੀ, 23 ਜੁਲਾਈ : ਦਿੱਲੀ ਹਾਈ ਕੋਰਟ ਨੇ ਫ਼ੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰੋਮੋਟਰ ਸ਼ਿਵਇੰਦਰ ਮੋਹਨ ਸਿੰਘ ਨੂੰ ਰੈਲੀਗੇਅਰ ਫ਼ਿਨਵੈਟਸ ਲਿਮਟਿਡ ਦੇ ਪੈਸੇ ਦੀ ਕਥਿਤ ਹੇਰਾਫੇਰੀ ਨਾਲ ਜੁੜੇ ਕਾਲੇ ਧਨ ਦੇ ਮਾਮਲੇ ਵਿਚ ਉਸ ਨੂੰ ਜ਼ਮਾਨਤ ਦੇ ਦਿਤੀ। ਜੱਜ ਅਨੂਪ ਜੈਰਾਮ ਭੰਭਾਨੀ ਨੇ ਵੀਡੀਉ ਕਾਨਫ਼ਰੰਸ ਜ਼ਰੀਏ ਫ਼ੈਸਲਾ ਸੁਣਾਉਂਦਿਆਂ ਸ਼ਿਵਇੰਦਰ ਨੂੰ ਇਕ ਕਰੋੜ ਰੁਪਏ ਦੇ ਨਿਜੀ ਮੁਚੱਲਕੇ ਅਤੇ ਪਰਵਾਰ ਦੇ ਜੀਆਂ ਵਲੋਂ ਪੱਚੀ-ਪੱਚੀ ਲੱਖ ਰੁਪਏ ਦੀਆਂ ਦੋ ਜ਼ਮਾਨਤ ਰਕਮਾਂ ਨੂੰ ਜਮ੍ਹਾਂ ਕਰਨ 'ਤੇ ਰਾਹਤ ਦਿਤੀ।

ਅਧਿਕਾਰੀਆਂ ਨੂੰ ਨਿਰਦੇਸ਼ ਦਿਤਾ ਗਿਆ ਕਿ ਸ਼ਿਵਇਦਰ ਨੂੰ ਬਿਨਾਂ ਸੂਚਨਾ ਦੇਸ਼ ਤੋਂ ਬਾਹਰ ਜਾਣ ਤੋਂ ਰੋਕਿਆ ਜਾਵੇ। ਮੁਲਜ਼ਮ ਨੂੰ ਅਪਣਾ ਪਾਸਪੋਟਰਟ ਜਮ੍ਹਾਂ ਕਰਨ ਲਈ ਵੀ ਕਿਹਾ। ਅਦਾਲਤ ਨੇ ਹੋਰ ਵੀ ਕਈ ਸ਼ਰਤਾਂ ਲਾਈਆਂ ਅਤੇ ਕਿਹਾ ਕਿ ਉਹ ਤੱਥਾਂ ਅਤੇ ਗਵਾਹਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਪ੍ਰਭਾਵਤ ਨਹੀਂ ਕਰੇਗਾ। ਉਸ ਨੂੰ ਕਾਲੇ ਧਨ ਦੇ ਮਾਮਲੇ ਵਿਚ ਈਡੀ ਨੇ ਪਿਛਲੇ ਸਾਲ 12 ਦਸੰਬਰ ਨੂੰ ਅਤੇ ਧੋਖਾਧੜੀ ਦੇ ਮਾਮਲੇ ਵਿਚ ਆਰਥਕ ਅਪਰਾਧ ਸ਼ਾਖ਼ਾ ਨੇ 10 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਂਜ, ਹਾਲੇ ਉਹ ਜੇਲ ਵਿਚ ਹੀ ਰਹੇਗਾ ਕਿਉਂਕਿ ਉਸ ਨੂੰ ਅਪਰਾਧ ਸ਼ਾਖ਼ਾ ਦੇ ਮਾਮਲੇ ਵਿਚ ਹਾਲੇ ਜ਼ਮਾਨਤ ਨਹੀਂ ਮਿਲੀ।       (ਏਜੰਸੀ)