ਨਵੀਂ ਦਿੱਲੀ, 23 ਜੁਲਾਈ : ਸਿਹਤ ਮੰਤਰਾਲੇ ਨੇ ਦਸਿਆ ਕਿ ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ ਕੋਰੋਨਾ ਵਾਇਰਸ ਦੇ 29557 ਮਰੀਜ਼ ਠੀਕ ਹੋਏ ਹਨ। ਇਸ ਤਰ੍ਹਾਂ ਲਾਗ ਤੋਂ ਠੀਕ ਹੋਣ ਦੀ ਦਰ ਹੁਣ 63.18 ਫ਼ੀ ਸਦੀ ਹੋ ਗਈ ਹੈ। ਸਵੇਰੇ ਅੱਠ ਵਜੇ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ 782606 ਮਰੀਜ਼ ਠੀਕ ਹੋ ਚੁਕੇ ਹਨ ਅਤੇ ਇਸ ਵੇਲੇ 356439 ਪੀੜਤ ਮਰੀਜ਼ ਹਨ ਦੇਸ਼ ਵਿਚ ਲਾਗ ਦੇ 1238635 ਮਾਮਲੇ ਹੋ ਗਏ ਹਨ। ਕੋਵਿਡ 19 ਦੀ ਜਾਂਚ ਦੀ ਗਿਣਤੀ ਵੀ ਡੇਢ ਕਰੋੜ ਤੋਂ ਜ਼ਿਆਦਾ ਹੋ ਚੁਕੀ ਹੈ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਦੇ ਅਧਿਕਾਰੀਆਂ ਨੇ ਦਸਿਆ ਕਿ ਬੁਧਵਾਰ ਨੂੰ 350823 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਸ ਨਾਲ ਹੁਣ ਤਕ ਕੁਲ 15075369 ਨਮੂਨਿਆਂ ਦੀ ਜਾਂਚ ਹੋ ਚੁਕੀ ਹੈ।
ਆਈਸੀਐਮਆਰ ਵਿਚ ਵਿਗਿਆਨੀ ਅਤੇ ਮੀਡੀਆ ਕਨਵੀਨਰ ਲੋਕੇਸ਼ ਸ਼ਰਮਾ ਨੇ ਦਸਿਆ, 'ਬੁਧਵਾਰ ਤਕ ਤਿੰਨ ਦਿਨਾਂ ਵਿਚ 10 ਲੱਖ ਨਮੂਨਿਆਂ ਦੀ ਜਾਂਚ ਕੀਤੀ ਗਈ। ਜਾਂਚ ਦੀ ਸਮਰੱਥਾ ਵੱਧ ਕੇ ਰੋਜ਼ਾਨਾ ਚਾਰ ਲੱਖ ਟੈਸਟ ਹੋ ਗਈ ਹੈ। ਮੰਤਰਾਲੇ ਨੇ ਦਸਿਆ ਕਿ 782606 ਲੋਕ ਠੀਕ ਹੋ ਚੁਕੇ ਹਨ। ਠੀਕ ਹੋਣ ਦੀ ਦਰ ਵਿਚ ਸ਼ਲਾਘਾਯੋਗ ਪ੍ਰਗਤੀ ਹੋਈ ਹੈ ਅਤੇ ਇਹ 63.18 ਫ਼ੀ ਸਦੀ ਹੋ ਗਈ ਹੈ। ਮੰਤਰਾਲੇ ਨੇ ਕਿਹਾ ਕਿ ਕੋਵਿਡ 19 ਨਾਲ ਸਿੱਝਣ ਲਈ ਕੇਂਦਰ ਸਰਕਾਰ ਦੀ ਰਣਨੀਤੀ ਸਦਕਾ ਇਹ ਪ੍ਰਾਪਤੀ ਹੋਈ ਹੈ। ਕੇਂਦਰ, ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਲਗਾਤਾਰ ਯਤਨਾਂ ਸਦਕਾ ਜ਼ੋਰ-ਸ਼ੋਰ ਨਾਲ ਜਾਂਚ ਅਤੇ ਇਲਾਜ ਦਾ ਪ੍ਰਬੰਧ ਕਰ ਰਿਹਾ ਹੈ। (ਏਜੰਸੀ)