ਨਾਜਾਇਜ਼ ਪਟਾਕਾ ਫੈਕਟਰੀ 'ਚ ਜ਼ੋਰਦਾਰ ਧਮਾਕਾ, 6 ਲੋਕਾਂ ਦੀ ਮੌਤ, 2 ਜ਼ਖ਼ਮੀ
ਢਹਿ-ਢੇਰੀ ਹੋਈ ਤਿੰਨ ਮੰਜ਼ਿਲਾਂ ਇਮਾਰਤ
ਛਪਰਾ: ਬਿਹਾਰ ਦੇ ਛਪਰਾ ਵਿੱਚ ਇੱਕ ਇਮਾਰਤ ਵਿੱਚ ਬੰਬ ਧਮਾਕਾ ਹੋਇਆ ਹੈ, ਜਿਸ ਕਾਰਨ ਇਹ ਢਹਿ ਗਈ ਹੈ। ਧਮਾਕੇ ਤੋਂ ਬਾਅਦ ਚਾਰੇ ਪਾਸੇ ਹਫੜਾ-ਦਫੜੀ ਮਚ ਗਈ। ਘਟਨਾ ਖਹਿਰਾ ਥਾਣਾ ਖੇਤਰ ਦੇ ਪਿੰਡ ਖੋਦੇਬਾਗ ਦੀ ਹੈ। ਧਮਾਕੇ ਕਾਰਨ ਢਹਿ ਢੇਰੀ ਹੋਈ ਇਮਾਰਤ ਦੇ ਮਲਬੇ 'ਚੋਂ ਹੁਣ ਤੱਕ ਛੇ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਜਦਕਿ ਦੋ ਹੋਰ ਲੋਕ ਜ਼ਖਮੀ ਹੋਏ ਹਨ। ਜਿਹਨਾਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਿਸ ਤਿੰਨ ਮੰਜ਼ਿਲਾ ਮਕਾਨ 'ਚ ਇਹ ਫੈਕਟਰੀ ਚੱਲ ਰਹੀ ਸੀ ਉਹ ਪੂਰੀ ਤਰ੍ਹਾਂ ਤਬਾਹ ਹੋ ਗਈ। ਰਨ ਵਾਲਿਆਂ ਵਿੱਚ ਮਾਂ, ਉਸ ਦੇ ਦੋ ਪੁੱਤਰ, ਪੋਤਾ ਅਤੇ ਪੋਤੀ ਸ਼ਾਮਲ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਧਮਾਕੇ ਦੀ ਆਵਾਜ਼ ਕਰੀਬ 3 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਇਹ ਧਮਾਕਾ ਮਸਜਿਦ ਦੇ ਕੋਲ ਸਥਿਤ ਮੁਹੰਮਦ ਰਿਆਜੂ ਮੀਆਂ ਦੇ ਘਰ ਵਿੱਚ ਹੋਇਆ। ਲੋਕਾਂ ਮੁਤਾਬਕ ਅਮੀਨਾ ਖਾਤੂਨ ਦੇ ਘਰ ਪਟਾਕੇ ਬਣਾਏ ਜਾਂਦੇ ਹਨ। ਪਰਿਵਾਰ ਵਿਆਹਾਂ ਸਮੇਤ ਹੋਰ ਖੁਸ਼ੀ ਦੇ ਮੌਕਿਆਂ 'ਤੇ ਪਟਾਕੇ ਵੇਚਦਾ ਹੈ।
ਧਮਾਕੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਉਥੇ ਰੱਖੇ ਪਟਾਕਿਆਂ ਅਤੇ ਬਾਰੂਦ ਦੇ ਧਮਾਕੇ ਤੋਂ ਬਾਅਦ ਪੂਰਾ ਘਰ ਢਹਿ ਗਿਆ। ਪੁਲਿਸ ਇੱਥੇ ਬਚਾਅ ਕਾਰਜ ਚਲਾ ਰਹੀ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਪਿੰਡ ਵਿੱਚ ਪਟਾਕੇ ਬਣਾਉਣ ਦੀ ਇਹ ਫੈਕਟਰੀ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀ ਸੀ। ਇੱਥੇ ਫੈਕਟਰੀ ਵਿੱਚ ਪਟਾਕੇ ਬਣਾਉਂਦੇ ਸਮੇਂ ਧਮਾਕਾ ਹੋਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਖਹਿਰਾ ਥਾਣਾ ਖੇਤਰ ਵਿੱਚ ਬੰਬ ਬਣਾਉਂਦੇ ਸਮੇਂ ਧਮਾਕਾ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਖੋਦਾਈ ਬਾਗ ਦੇ ਓਲਹਾਨਪੁਰ ਵਿੱਚ ਦੋ ਬੰਬ ਧਮਾਕੇ ਹੋਏ ਸਨ। ਇੱਥੇ ਕਰੀਬ 12 ਗੈਰ-ਕਾਨੂੰਨੀ ਪਟਾਕਿਆਂ ਦੀਆਂ ਫੈਕਟਰੀਆਂ ਹਨ।