UP ’ਚ ਅੱਜ ਤੋਂ ਖੁੱਲ੍ਹੇ 6ਵੀਂ ਤੋਂ 8ਵੀਂ ਜਮਾਤ ਦੇ ਸਕੂਲ, ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨਾ ਲਾਜ਼ਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੱਚਿਆਂ ਨੂੰ ਸਕੂਲ ਆਉਣ ਲਈ ਮਾਪਿਆਂ ਤੋਂ ਲਿਖਤੀ ਇਜਾਜ਼ਤ ਲੈਣੀ ਪਵੇਗੀ। ਹਾਲਾਂਕਿ, ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਲਾਜ਼ਮੀ ਨਹੀਂ ਕੀਤੀ ਗਈ।

UP Schools Reopen

 

ਉੱਤਰ ਪ੍ਰਦੇਸ਼: ਕੋਰੋਨਾ ਮਾਮਲਿਆਂ ਵਿਚ ਹੁਣ ਗਿਰਾਵਟ ਆਉਂਦੀ ਨਜ਼ਰ ਆ ਰਹੀ ਹੈ। ਇਸ ਦੇ ਮੱਦੇਨਜ਼ਰ, ਦੇਸ਼ ਦੇ ਬਹੁਤ ਸਾਰੇ ਸੂਬਿਆਂ ਵਿਚ ਸਕੂਲ ਖੁੱਲ੍ਹ ਗਏ ਹਨ, ਜਦੋਂ ਕਿ ਕਈ ਹੋਰ ਸਕੂਲਾਂ ਨੂੰ ਫਿਜ਼ੀਕਲ ਮੋਡ (Physical Mode) ਵਿਚ ਖੋਲ੍ਹਣ ਦੀ ਯੋਜਨਾ ਬਣ ਰਹੀ ਹੈ। ਇਸ ਵਿਚ, ਉੱਤਰ ਪ੍ਰਦੇਸ਼ ਵਿਚ ਵੀ ਅੱਜ ਤੋਂ 6ਵੀਂ ਤੋਂ 8ਵੀਂ ਕਲਾਸ (6th to 8th class) ਦੇ ਸਕੂਲ ਖੋਲ੍ਹੇ ਗਏ ਹਨ। ਹਾਲਾਂਕਿ, 6ਵੀਂ ਤੋਂ 8ਵੀਂ ਜਮਾਤ ਦੇ ਸਕੂਲ ਸੋਮਵਾਰ ਤੋਂ ਹੀ ਖੋਲ੍ਹੇ (School Reopen in UP) ਜਾਣੇ ਸਨ, ਪਰ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੀ ਮੌਤ ਕਾਰਨ ਸੋਮਵਾਰ ਨੂੰ ਜਨਤਕ ਛੁੱਟੀ ਘੋਸ਼ਿਤ ਕੀਤੀ ਗਈ ਸੀ। ਇਸ ਤੋਂ ਪਹਿਲਾਂ ਸੂਬੇ ਵਿਚ 9ਵੀਂ ਤੋਂ 12ਵੀਂ ਜਮਾਤ ਦੇ ਸਕੂਲ 16 ਅਗਸਤ ਤੋਂ ਹੀ ਖੋਲ੍ਹੇ ਗਏ ਸਨ। 

ਦੱਸ ਦਈਏ ਕਿ ਸਕੂਲਾਂ ਵਿਚ ਕੋਰੋਨਾ ਤੋਂ ਸੁਰੱਖਿਆ ਸੰਬੰਧੀ ਦਿਸ਼ਾ ਨਿਰਦੇਸ਼ (Covid Guidelines) ਪਹਿਲਾਂ ਹੀ ਸੂਬਾ ਸਰਕਾਰ ਦੁਆਰਾ ਸਾਰੇ ਜ਼ਿਲ੍ਹਾ ਬੁਨਿਆਦੀ ਸਿੱਖਿਆ ਅਧਿਕਾਰੀਆਂ ਨੂੰ ਜਾਰੀ ਕੀਤੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸਕੂਲ ਸਵੇਰੇ 8 ਵਜੇ ਤੋਂ ਖੁੱਲ੍ਹਣਗੇ। ਵਿਦਿਆਰਥੀਆਂ ਦੀ ਘੱਟ ਗਿਣਤੀ ਵਾਲੇ ਸਕੂਲ ਇਕ ਸ਼ਿਫਟ ਵਿਚ ਚਲਾਏ ਜਾਣਗੇ ਜਦੋਂ ਕਿ ਜਿਨ੍ਹਾਂ ’ਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ ਉਨ੍ਹਾਂ ਨੂੰ ਦੋ ਸ਼ਿਫਟਾਂ ਵਿਚ ਚਲਾਇਆ ਜਾਵੇਗਾ। ਇਕ ਸ਼ਿਫਟ 3 ਘੰਟਿਆਂ ਦੀ ਹੋਵੇਗੀ। ਪਹਿਲੀ ਸ਼ਿਫਟ ਸਵੇਰੇ 8 ਤੋਂ 11 ਵਜੇ ਅਤੇ ਦੂਜੀ 11.30 ਤੋਂ 2.30 ਤੱਕ ਹੋਵੇਗੀ।

ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਇਨ੍ਹਾਂ ਵਿਚ ਬੱਚਿਆਂ ਨੂੰ ਸਕੂਲ ਆਉਣ ਲਈ ਮਾਪਿਆਂ ਤੋਂ ਲਿਖਤੀ ਇਜਾਜ਼ਤ (Parent's Permission) ਲੈਣੀ ਪਵੇਗੀ। ਹਾਲਾਂਕਿ, ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਅਜੇ ਲਾਜ਼ਮੀ ਨਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ, ਸਾਰੇ ਬੱਚਿਆਂ ਲਈ ਮਾਸਕ ਪਾ ਕੇ ਸਕੂਲ ਆਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਕਲਾਸਾਂ ਨੂੰ ਸਿਰਫ਼ 50 ਪ੍ਰਤੀਸ਼ਤ ਵਿਦਿਆਰਥੀ ਸਮਰੱਥਾ ਦੇ ਨਾਲ ਚਲਾਉਣ ਦੀ ਆਗਿਆ ਦਿੱਤੀ ਗਈ ਹੈ। ਵਿਦਿਆਰਥੀ ਇਕ ਦੂਜੇ ਨਾਲ ਨੋਟਬੁੱਕ ਆਦਿ ਸਾਂਝੇ ਨਹੀਂ ਕਰਨਗੇ ਅਤੇ ਸਕੂਲ ਸ਼ੁਰੂ ਕਰਨ ਅਤੇ ਛੁੱਟੀ ਦੇ ਸਮੇਂ, ਸਾਰੇ ਗੇਟ ਖੋਲ੍ਹੇ ਜਾਣਗੇ ਤਾਂ ਜੋ ਇਕ ਜਗ੍ਹਾ ਤੇ ਭੀੜ ਇਕੱਠੀ ਨਾ ਹੋਵੇ।