ਚੂੜੀਆਂ ਵੇਚਣ ਵਾਲਾ ਗ੍ਰਿਫ਼ਤਾਰ, ਛੇੜਛਾੜ ਤੇ ਫਰਜ਼ੀ ਦਸਤਾਵੇਜ਼ ਰੱਖਣ ਦੇ ਲੱਗੇ ਆਰੋਪ
ਤਸਲੀਮ ਦੇ ਖਿਲਾਫ 9 ਗੰਭੀਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਇੰਦੌਰ - ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਇੱਕ ਮੁਸਲਿਮ ਚੂੜੀਵਾਲੇ ਨਾਲ ਕੁੱਟਮਾਰ ਦੇ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਖਬਰਾਂ ਅਨੁਸਾਰ ਇੰਦੌਰ ਪੁਲਿਸ ਨੇ ਸ਼ਿਕਾਇਤਕਰਤਾ ਨੂੰ ਖੁਦ ਦੋਸ਼ੀ ਠਹਿਰਾਇਆ ਹੈ। ਪੁਲਿਸ ਨੇ ਪੀੜਤ ਤਸਲੀਮ ਦੇ ਖਿਲਾਫ 9 ਗੰਭੀਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਵਿਚ ਪੋਕਸੋ ਐਕਟ ਦੀਆਂ ਧਾਰਾਵਾਂ ਵੀ ਲਗਾਈਆਂ ਗਈਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਨੇ ਤਸਲੀਮ ਨੂੰ ਇੱਕ ਜਾਅਲੀ ਪਛਾਣ ਪੱਤਰ ਰੱਖਣ ਅਤੇ ਇੱਕ ਨਾਬਾਲਗ ਨਾਲ ਛੇੜਛਾੜ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ।
ਦੋਸ਼ ਹੈ ਕਿ ਤਸਲੀਮ ਆਪਣਾ ਨਾਂ ਬਦਲ ਕੇ ਇੰਦੌਰ ਦੇ ਬਾਣਗੰਗਾ ਥਾਣਾ ਖੇਤਰ ਦੇ ਗੋਵਿੰਦ ਨਗਰ ਵਿਚ ਚੂੜੀਆਂ ਵੇਚਣ ਗਿਆ ਸੀ। ਖਬਰਾਂ ਅਨੁਸਾਰ, ਪੁਲਿਸ ਨੇ ਛੇਵੀਂ ਜਮਾਤ ਦੇ ਵਿਦਿਆਰਥਣ ਦੀ ਸ਼ਿਕਾਇਤ ਉੱਤੇ ਤਸਲੀਮ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਛੇੜਛਾੜ ਅਤੇ ਪੋਕਸੋ ਐਕਟ ਨਾਲ ਸਬੰਧਤ ਧਾਰਾਵਾਂ ਇਸ ਵਿਚ ਸ਼ਾਮਲ ਕੀਤੀਆਂ ਗਈਆਂ ਹਨ। ਵਿਦਿਆਰਥਣ ਨੇ ਕਿਹਾ ਕਿ 22 ਅਗਸਤ ਨੂੰ ਦੁਪਹਿਰ 2 ਵਜੇ ਇੱਕ ਮੁੰਡਾ ਚੂੜੀਆਂ ਵੇਚਣ ਆਇਆ। ਉਸ ਨੇ ਆਪਣਾ ਨਾਂ ਗੋਲੂ ਅਤੇ ਪਿਤਾ ਦਾ ਨਾਂ ਮੋਹਨ ਸਿੰਘ ਦੱਸਿਆ ਸੀ। ਉਸ ਨੇ ਆਪਣੀ ਪਛਾਣ ਸਾਬਤ ਕਰਨ ਲਈ ਇੱਕ ਸੜਿਆ ਹੋਇਆ ਵੋਟਰ ਪਛਾਣ ਪੱਤਰ ਵੀ ਦਿਖਾਇਆ।
ਵਿਦਿਆਰਥਣ ਦਾ ਕਹਿਣਾ ਹੈ ਕਿ ਉਸ ਸਮੇਂ ਉਹ ਆਪਣੇ ਘਰ ਸੀ। ਉਸ ਨੇ ਦੋਸ਼ ਲਾਇਆ ਕਿ ਚੂੜੀ ਲੈਣ ਤੋਂ ਬਾਅਦ ਜਦੋਂ ਉਸ ਦੀ ਮਾਂ ਪੈਸੇ ਲੈਣ ਲਈ ਅੰਦਰ ਗਈ ਤਾਂ ਤਸਲੀਮ ਨੇ ਇੱਕ ਬੁਰੀ ਨੀਅਤ ਨਾਲ ਉਸ ਦਾ ਹੱਥ ਫੜ ਲਿਆ ਅਤੇ ਉਸ ਨਾਲ ਛੇੜਛਾੜ ਕੀਤੀ। ਵਿਦਿਆਰਥਣ ਦੇ ਅਨੁਸਾਰ, ਜਦੋਂ ਉਸ ਨੇ ਇਸ ਹਰਕਤ ਤੋਂ ਬਾਅਦ ਰੌਲਾ ਪਾਇਆ ਤਾਂ ਆਸਪਾਸ ਦੇ ਲੋਕ ਆ ਗਏ। ਇਹ ਦੇਖ ਕੇ ਤਸਲੀਮ ਭੱਜਣ ਲੱਗਾ। ਪਰ ਲੋਕਾਂ ਨੇ ਉਸ ਨੂੰ ਫੜ ਲਿਆ।
ਦੱਸਿਆ ਗਿਆ ਹੈ ਕਿ ਤਸਲੀਮ ਦੇ ਬੈਗ ਵਿਚੋਂ ਦੋ ਆਧਾਰ ਕਾਰਡ ਮਿਲੇ ਹਨ। ਉਸ ਦਾ ਨਾਂ ਇਕ 'ਤੇ ਅਸਲਮ ਅਤੇ ਦੂਜੇ' ਤੇ ਤਸਲੀਮ ਹੈ। ਇਸ ਤੋਂ ਇਲਾਵਾ ਪੁਲਿਸ ਨੇ ਦੱਸਿਆ ਕਿ ਉਸ ਦੇ ਨਾਲ ਇੱਕ ਅੱਧਾ ਸੜਿਆ ਹੋਇਆ ਵੋਟਰ ਆਈਡੀ ਕਾਰਡ ਵੀ ਮਿਲਿਆ ਹੈ, ਜਿਸ 'ਤੇ ਪਿਤਾ ਦਾ ਨਾਂ ਮੋਹਨ ਸਿੰਘ ਲਿਖਿਆ ਹੋਇਆ ਸੀ, ਜਦੋਂ ਕਿ ਆਧਾਰ 'ਤੇ ਪਿਤਾ ਦਾ ਨਾਂ ਮੋਹਰ ਅਲੀ ਸੀ।
ਗ੍ਰਿਫਤਾਰੀ ਤੋਂ ਬਾਅਦ ਇੰਦੌਰ ਪੁਲਿਸ ਨੇ ਤਸਲੀਮ ਦਾ ਮੈਡੀਕਲ ਕਰਵਾਇਆ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਇੰਦੌਰ ਪੂਰਬੀ ਦੇ ਐਸਪੀ ਆਸ਼ੂਤੋਸ਼ ਬਾਗੜੀ ਨੇ ਕਿਹਾ - ਇੱਕ ਲੜਕੀ ਨੇ ਛੇੜਛਾੜ ਅਤੇ ਜਾਅਲੀ ਦਸਤਾਵੇਜ਼ ਦਿਖਾਉਣ ਦੀ ਘਟਨਾ ਦੇ ਸਬੰਧ ਵਿਚ ਪੁਲਿਸ ਚੌਂਕੀ ਇੰਦੌਰ ਵਿਚ ਚੂੜੀਆਂ ਵੇਚਣ ਵਾਲੇ ਦੇ ਵਿਰੁੱਧ ਅਰਜ਼ੀ ਦਿੱਤੀ ਸੀ। ਇਸ 'ਤੇ ਦੋਸ਼ੀ ਦੇ ਖਿਲਾਫ ਉਚਿਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਡਾਕਟਰੀ ਜਾਂਚ ਕੀਤੀ ਗਈ ਹੈ।
ਦੱਸ ਦਈਏ ਕਿ 22 ਅਗਸਤ ਐਤਵਾਰ ਨੂੰ ਭੀੜ ਦੁਆਰਾ ਤਸਲੀਮ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋਇਆ ਸੀ। ਵੀਡੀਓ ਵਿਚ ਪੀਲੇ ਰੰਗ ਦਾ ਕੁੜਤਾ ਪਹਿਨੇ ਇੱਕ ਵਿਅਕਤੀ ਤਸਲੀਮ ਦੇ ਬੈਗ ਵਿਚੋਂ ਚੂੜੀਆਂ ਕੱਢ ਰਿਹਾ ਸੀ। ਇੱਕ ਹੋਰ ਵਿਅਕਤੀ ਪੀੜਤ ਨੂੰ ਪਿੱਛੇ ਤੋਂ ਥੱਪੜ ਮਾਰ ਰਿਹਾ ਸੀ। ਉਹ ਪੀੜਤ ਨੂੰ ਕਹਿ ਰਿਹਾ ਸੀ - ਦੁਬਾਰਾ ਸਾਡੇ ਇਲਾਕੇ ਵਿਚ ਦੇਖਿਆ ਨਹੀਂ ਜਾਣਾ ਚਾਹੀਦਾ। ਇਨ੍ਹਾਂ ਦੋ ਲੋਕਾਂ ਦੇ ਉਕਸਾਉਣ 'ਤੇ ਭੀੜ ਨੇ ਤਸਲੀਮ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਦੇਰ ਰਾਤ ਕਾਰਵਾਈ ਕੀਤੀ ਅਤੇ ਐਫਆਈਆਰ ਦਰਜ ਕੀਤੀ।
ਉਸ ਨੇ ਵੀਡੀਓ ਵਿਚੋਂ ਮੁਲਜ਼ਮਾਂ ਦੀ ਪਛਾਣ ਕਰਦਿਆਂ ਪਹਿਲੇ ਦੋ ਲੋਕਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਬਾਅਦ ਵਿਚ ਤੀਜੇ ਅਤੇ ਮੁੱਖ ਦੋਸ਼ੀ ਵਿਵੇਕ ਵਿਆਸ ਨੂੰ ਵੀ ਗਵਾਲੀਅਰ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਉਹ ਦਿੱਲੀ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਇਲਾਵਾ ਰਾਕੇਸ਼ ਕੁਮਾਰ ਅਤੇ ਰਾਜਕੁਮਾਰ ਭਟਨਾਗਰ ਨੌਜਵਾਨਾਂ ਨੂੰ ਕੁੱਟਣ ਵਿਚ ਸ਼ਾਮਲ ਸਨ। ਇਸ ਦੇ ਨਾਲ ਹੀ ਦੱਸ ਦਈਏ ਕਿ ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ ਸਾਉਣ ਦੇ ਪਵਿੱਤਰ ਮਹੀਨੇ ਵਿਚ ਇਸ ਸਖ਼ਸ਼ ਵਲੋਂ ਖ਼ੁਦ ਨੂੰ ਹਿੰਦੂ ਦੱਸ ਕੇ ਔਰਤਾਂ ਨੂੰ ਚੁੜੀਆਂ ਵੇਚਣ ਨਾਲ ਵਿਵਾਦ ਸ਼ੁਰੂ ਹੋਇਆ, ਜਦੋਂਕਿ ਉਹ ਹੋਰ ਭਾਈਚਾਰੇ ਨਾਲ ਸਬੰਧ ਰਖਦਾ ਹੈ।
ਮਿਸ਼ਰਾ ਨੇ ਭੋਪਾਲ ਵਿਚ ਪੱਤਰਕਾਰਾਂ ਨੂੰ ਕਿਹਾ,‘‘ਗ੍ਰਹਿ ਵਿਭਾਗ ਦੀ ਰਿਪੋਰਟ ਹੈ ਕਿ ਇੰਦੌਰ ਵਿਚ ਚੁੜੀਆਂ ਵੇਚਣ ਵਾਲੇ ਵਿਅਕਤੀ (ਤਸਲੀਮ ਅਲੀ) ਨੇ ਅਪਣਾ ਹਿੰਦੂ ਨਾਮ ਰਖਿਆ ਹੋਇਆ ਸੀ ਜਦਕਿ ਉਹ ਦੂਜੇ ਮਜ਼ਹਬ ਦਾ ਹੈ। ਉਸ ਕੋਲੋਂ ਇਸ ਤਰ੍ਹਾਂ ਦੇ ਦੋ ਸ਼ੱਕੀ ਆਧਾਰ ਕਾਰਡ ਵੀ ਮਿਲੇ ਹਨ।’’ ਇਸ ਵਿਚਾਲੇ ਭੀੜ ਵਲੋਂ ਕੁੱਟੇ ਗਏ ਤਸਲੀਮ ਅਲੀ ਨੇ ਕਿਹਾ ਕਿ ਉਸ ਨੇ ਗ਼ਲਤ ਨਾਮ ਨਾਲ ਫ਼ਰਜ਼ੀ ਪਛਾਣ ਪੱਤਰ ਨਹੀਂ ਬਣਵਾਇਆ।
ਸੂਬਾ ਕਾਂਗਰਸ ਬੁਲਾਰੇ ਅਮੀਨੁਲ ਖ਼ਾਨ ਸੂਰੀ ਨੇ ਮੂਲ ਰੂਪ ਨਾਲ ਉਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਰਹਿਣ ਵਾਲੇ ਚੂੜੀ ਵਿਕਰੇਤਾ ਤਸਲੀਮ ਅਲੀ ਦਾ 44 ਸਕਿੰਟ ਦਾ ਵੀਡੀਉ ਜਾਰੀ ਕੀਤਾ ਹੈ। ਵੀਡੀਉ ਵਿਚ ਪੀੜਤ ਨੇ ਕਿਹਾ ਕਿ,‘‘ਮੇਰੇ ਪਿੰਡ ਵਿਚ ਸਾਲਾਂ ਪਹਿਲਾਂ ਬਣੇ ਇਕ ਪਛਾਣ ਪੱਤਰ ਵਿਚ ਮੇਰਾ ਆਮ ਬੋਲ ਚਾਲ ਵਾਲਾ ਨਾਮ ਭੂਰਾ ਲਿਖ ਦਿਤਾ ਗਿਆ ਸੀ ਜਦਕਿ ਬਾਅਦ ਵਿਚ ਬਣਾਏ ਗਏ ਆਧਾਰ ਕਾਰਡ ਵਿਚ ਮੇਰਾ ਨਾਮ ਤਸਲੀਮ ਅਲੀ ਲਿਖਿਆ ਗਿਆ। ਇਹ ਦੋਵੇਂ ਹੀ ਪਛਾਣ ਪੱਤਰ ਅਸਲੀ ਹਨ ਤੇ ਕੋਈ ਵੀ ਫ਼ਰਜ਼ੀ ਨਹੀਂ ਹੈ।