ਹਿਮਾਚਲ ਦੇ ਲੋਕਾਂ ਲਈ 'ਕੇਜਰੀਵਾਲ ਦੀ ਦੂਜੀ ਗਰੰਟੀ' ਦਾ ਐਲਾਨ ਭਲਕੇ, CM ਮਾਨ ਤੇ ਮਨੀਸ਼ ਸਿਸੋਦੀਆ ਕਰਨਗੇ ਰੈਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਰਟੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ 'ਆਪ' ਹਿਮਾਚਲ ਵਾਸੀਆਂ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣ ਲਈ ਲੋਕ ਪੱਖੀ ਕੰਮ ਕਰਨਾ ਚਾਹੁੰਦੀ ਹੈ।

AAP to declare second guarantee of Arvind Kejriwal to people of Himachal Pradesh tomorrow

 

ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਆਪਣੀ ਮੁਹਿੰਮ ਤੇਜ਼ ਕਰਦਿਆਂ ਆਮ ਆਦਮੀ ਪਾਰਟੀ  ਵੀਰਵਾਰ (25 ਅਗਸਤ) ਨੂੰ ਸੂਬੇ ਦੇ ਲੋਕਾਂ ਲਈ ਦੂਜੀ ਗਰੰਟੀ ਦਾ ਐਲਾਨ ਕਰਨ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਹਿਮਾਚਲ ਪ੍ਰਦੇਸ਼ ਦੇ ਊਨਾ ਦੇ ਕਪਿਲਾ ਫਾਰਮ ਵਿਖੇ ਇੱਕ ਰੈਲੀ ਵਿੱਚ 'ਕੇਜਰੀਵਾਲ ਦੀ ਦੂਜੀ ਗਰੰਟੀ' ਦਾ ਐਲਾਨ ਕਰਨਗੇ।

Bhagwant Mann

ਪਾਰਟੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ 'ਆਪ' ਹਿਮਾਚਲ ਵਾਸੀਆਂ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣ ਲਈ ਲੋਕ ਪੱਖੀ ਕੰਮ ਕਰਨਾ ਚਾਹੁੰਦੀ ਹੈ। ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਬਿਹਤਰ ਸਿੱਖਿਆ, ਰੁਜ਼ਗਾਰ, ਸਿਹਤ ਅਤੇ ਇੱਕ ਇਮਾਨਦਾਰ ਸਰਕਾਰ ਪ੍ਰਦਾਨ ਕਰਨ ਲਈ ਆਮ ਆਦਮੀ ਪਾਰਟੀ 'ਇਕ ਮੌਕੇ' ਦੀ ਮੰਗ ਕਰ ਰਹੀ ਹੈ। ਪਿਛਲੇ ਹਫ਼ਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ 'ਆਪ' ਨੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਸਿੱਖਿਆ ਦੇ ਖੇਤਰ ਨਾਲ ਸਬੰਧਤ ਪਹਿਲੀ ਗਰੰਟੀ ਦਿੱਤੀ ਸੀ।

Arvind Kejriwal

ਉਹਨਾਂ ਕਿਹਾ ਕਿ ਸਿੱਖਿਆ ਖੇਤਰ ਵਿੱਚ 'ਆਪ' ਨੂੰ ਅਤੇ 'ਦਿੱਲੀ ਮਾਡਲ' ਨੂੰ ਭਾਰਤ ਸਮੇਤ ਵਿਸ਼ਵ ਭਰ ਤੋਂ ਪ੍ਰਸ਼ੰਸ਼ਾ ਮਿਲੀ ਹੈ। ਸਿੱਖਿਆ ਨਾਲ ਸਬੰਧਤ ਗਰੰਟੀ ਵਿੱਚ ਪੰਜ ਪ੍ਰਮੁੱਖ ਵਾਅਦੇ ਹੇਠ ਲਿਖੇ ਅਨੁਸਾਰ ਹਨ-

 1. ਹਿਮਾਚਲ ਪ੍ਰਦੇਸ਼ ਵਿੱਚ ਹਰ ਪਰਿਵਾਰ ਦੇ ਹਰ ਬੱਚੇ ਨੂੰ ਮੁਫ਼ਤ ਸਿੱਖਿਆ।
2. ਸਾਰੇ ਸਰਕਾਰੀ ਸਕੂਲਾਂ ਨੂੰ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਤਰਜ਼ 'ਤੇ ਵਿਸ਼ਵ ਪੱਧਰੀ ਬਣਾਇਆ ਜਾਵੇਗਾ।
3. ਹਿਮਾਚਲ ਪ੍ਰਦੇਸ਼ ਦੇ ਪ੍ਰਾਈਵੇਟ ਸਕੂਲਾਂ ਨੂੰ ਵੀ ਹਰ ਸਾਲ ਸਕੂਲੀ ਫੀਸਾਂ ਵਧਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
4. ਸਾਰੇ ਆਰਜ਼ੀ ਅਧਿਆਪਕਾਂ ਨੂੰ ਪੱਕੇ ਕੀਤਾ ਜਾਵੇਗਾ ਅਤੇ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਅਗਲੇ ਪੰਜ ਸਾਲਾਂ ਵਿੱਚ ਭਰੀਆਂ ਜਾਣਗੀਆਂ।
5. ਅਧਿਆਪਕਾਂ ਨੂੰ ਪੜ੍ਹਾਉਣ ਤੋਂ ਇਲਾਵਾ ਹੋਰ ਕੋਈ ਵਾਧੂ ਕੰਮ ਨਹੀਂ ਸੌਂਪਿਆ ਜਾਵੇਗਾ।

Manish Sisodia

'ਆਪ' ਬੁਲਾਰੇ ਅਨੁਸਾਰ ਪਿਛਲੇ 7 ਸਾਲਾਂ ਵਿੱਚ ਕੇਜਰੀਵਾਲ ਸਰਕਾਰ ਨੇ ਨਾ ਸਿਰਫ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ, ਸਗੋਂ ਮੁਫ਼ਤ ਵਿੱਚ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਕੇ ਜਨਤਕ ਸਿੱਖਿਆ ਪ੍ਰਣਾਲੀ ਵਿੱਚ ਆਮ ਲੋਕਾਂ ਦਾ ਵਿਸ਼ਵਾਸ ਵੀ ਬਹਾਲ ਕੀਤਾ ਹੈ ਅਤੇ ਹੁਣ ਪੰਜਾਬ ਵਿੱਚ ਵੀ ਇਹੀ ਹੋ ਰਿਹਾ ਹੈ।