Bihar ’ਚ ਵੋਟਰ ਅਧਿਕਾਰ ਯਾਤਰਾ ਦੇ 8ਵੇਂ ਦਿਨ ਰਾਹੁਲ ਗਾਂਧੀ ਦੀ ਸੁਰੱਖਿਆ ’ਚ ਹੋਈ ਵੱਡੀ ਕੁਤਾਹੀ
ਸੁਰੱਖਿਆ ਘੇਰਾ ਤੋੜ ਦੇ ਇਕ ਵਿਅਕਤੀ ਨੇ ਰਾਹੁਲ ਗਾਂਧੀ ਨੂੰ ਚੁੰਮਿਆ
Rahul Gandhi's security news : ਵੋਟਰ ਅਧਿਕਾਰ ਯਾਤਰਾ ਦੇ 8ਵੇਂ ਦਿਨ ਅੱਜ ਪੂਰਨੀਆ ’ਚ ਰਾਹੁਲ ਗਾਂਧੀ ਦੀ ਸੁਰੱਖਿਆ ਵਿਚ ਇਕ ਵੱਡੀ ਕੁਤਾਹੀ ਦੇਖਣ ਨੂੰ ਮਿਲੀ। ਬਾਈਕ ਯਾਤਰਾ ਦੌਰਾਨ ਇਕ ਨੌਜਵਾਨ ਨੇ ਸੁਰੱਖਿਆ ਘੇਰੇ ਨੂੰ ਤੋੜਦੇ ਹੋਏ ਰਾਹੁਲ ਗਾਂਧੀ ਨੂੰ ‘ਚੁੰਮ’ ਲਿਆ। ਇਹ ਘਟਨਾ ਪੂਰਨੀਆ-ਅਰਰੀਆ ਰੋਡ ’ਤੇ ਜਲਾਲਗੜ੍ਹ ਬਲਾਕ ਦੇ ਨੇੜੇ ਵਾਪਰੀ। ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜੇਸ਼ ਰਾਮ ਆਪਣੀ ਬਾਈਕ ’ਤੇ ਰਾਹੁਲ ਗਾਂਧੀ ਦੇ ਪਿੱਛੇ ਬੈਠੇ ਸਨ। ਸੜਕ ਕਿਨਾਰੇ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਸਮਰਥਕ ਮੌਜੂਦ ਸਨ। ਜਿਵੇਂ ਹੀ ਰਾਹੁਲ ਗਾਂਧੀ ਦੀ ਬਾਈਕ ਭੀੜ ਤੋਂ ਲੰਘੀ, ਇੱਕ ਨੌਜਵਾਨ ਅਚਾਨਕ ਅੱਗੇ ਆਇਆ ਅਤੇ ਉਨ੍ਹਾਂ ਦੇ ਗੱਲ੍ਹ ’ਤੇ ਚੁੰਮਿਆ।
ਇਸ ਘਟਨਾ ਤੋਂ ਬਾਅਦ ਰਾਹੁਲ ਗਾਂਧੀ ਕੁਝ ਪਲਾਂ ਲਈ ਹੈਰਾਨ ਹੋ ਗਏ। ਸੁਰੱਖਿਆ ਕਰਮਚਾਰੀਆਂ ਨੇ ਚੌਕਸੀ ਦਿਖਾਉਂਦੇ ਹੋਏ ਨੌਜਵਾਨ ਨੂੰ ਭੀੜ ਤੋਂ ਦੂਰ ਖਿੱਚ ਲਿਆ ਅਤੇ ਉਸਨੂੰ ਕਾਬੂ ਕਰ ਲਿਆ ਤਾਂ ਜੋ ਉਹ ਦੁਬਾਰਾ ਰਾਹੁਲ ਗਾਂਧੀ ਦੇ ਨੇੜੇ ਨਾ ਆ ਸਕੇ। ਇਸ ਘਟਨਾ ਤੋਂ ਬਾਅਦ ਲੋਕਾਂ ਦੀਆਂ ਮਿਲੀਆਂ-ਜੁਲੀਆਂ ਪ੍ਰਤੀਕਿਰਿਆ ਸਾਹਮਣੇ ਆ ਰਹੀਆਂ ਹਨ। ਕੁਝ ਲੋਕਾਂ ਵੱਲੋਂ ਇਸ ਨੂੰ ਰਾਹੁਲ ਗਾਂਧੀ ਪ੍ਰਤੀ ਲੋਕਾਂ ਦਾ ਪਿਆਰ ਅਤੇ ਉਤਸ਼ਾਹ ਦੱਸਿਆ ਜਾ ਰਿਹਾ ਹੈ। ਜਦਕਿ ਸੁਰੱਖਿਆ ਦੇ ਮੱਦੇਨਜ਼ਰ ਇਸ ਨੂੰ ਵੱਡੀ ਕੁਤਾਹੀ ਮੰਨਿਆ ਜਾ ਰਿਹਾ ਹੈ। ਖਾਸ ਕਰਕੇ ਅਜਿਹੇ ਸਮੇਂ ਜਦੋਂ ਰਾਹੁਲ ਗਾਂਧੀ ਨੂੰ ਵਿਸ਼ੇਸ਼ ਸੁਰੱਖਿਆ ਦਿੱਤੀ ਗਈ ਹੋਵੇ। ਜ਼ਿਕਰਯੋਗ ਹੈ ਕਿ ਇਸ ਯਾਤਰਾ ਦੌਰਾਨ ਤੇਜਸਵੀ ਯਾਦਵ, ਮਲਿਕਾਰੁਜਨ ਖੜਗੇ ਸਮੇਤ ਕਈ ਸੀਨੀਅਰ ਆਗੂ ਵੀ ਰਾਹੁਲ ਗਾਂਧੀ ਦੇ ਨਾਲ ਮੌਜੂਦ ਸਨ।