ਐਤਕੀਂ ਦੀਵਾਲੀ 'ਤੇ ਮੁਲਾਜ਼ਮਾਂ ਨੂੰ ਨਹੀਂ ਦੇਣਗੇ ਫ਼ਲੈਟ ਅਤੇ ਕਾਰਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੀਰਾ ਉਦਯੋਗ 'ਤੇ ਪਈ ਮੰਦੀ ਦੀ ਮਾਰ

Surat: No bonuses for diamond workers this Diwali

ਸੂਰਤ : 'ਹੀਰਿਆਂ ਦੇ ਸ਼ਹਿਰ' ਗੁਜਰਾਤ ਦੇ ਸੂਰਤ ਵਿਚ 5 ਲੱਖ ਤੋਂ ਵੱਧ ਮੁਲਾਜ਼ਮ ਇਸ ਸਾਲ ਦੀਵਾਲੀ 'ਤੇ ਬੋਨਸ ਤੋਂ ਵਾਂਝੇ ਰਹਿਣਗੇ। ਹਰ ਸਾਲ ਆਪਣੇ ਮੁਲਾਜ਼ਮਾਂ ਨੂੰ ਬੋਨਸ ਵਜੋਂ ਕਾਰ, ਗਹਿਣੇ ਅਤੇ ਫ਼ਲੈਟ ਦੇਣ ਵਾਲੇ ਮਸ਼ਹੂਰ ਹੀਰਾ ਕਾਰੋਬਾਰੀ ਸਾਵਜੀ ਢੋਲਕੀਆ ਨੇ ਵੀ ਇਸ ਸਾਲ ਹੀਰਾ ਉਦਯੋਗ 'ਚ ਮੰਦੀ ਨੂੰ ਵੇਖਦਿਆਂ ਆਪਣੇ ਹੱਥ ਖੜੇ ਕਰ ਦਿੱਤੇ ਹਨ। ਢੋਲਕੀਆ ਨੇ ਕਿਹਾ ਕਿ ਹੀਰਾ ਉਦਯੋਗ ਸਾਲ 2008 ਦੀ ਮੰਦੀ ਤੋਂ ਵੀ ਵੱਧ ਭਿਆਨਕ ਮੰਦੀ 'ਚੋਂ ਗੁਜਰ ਰਿਹਾ ਹੈ।

ਢੋਲਕੀਆ ਨੇ ਕਿਹਾ, "ਇਸ ਸਾਲ ਮੰਦੀ ਸਾਲ 2008 'ਚ ਆਈ ਮੰਦੀ ਤੋਂ ਵੀ ਵੱਧ ਖ਼ਤਰਨਾਕ ਹੈ। ਜਦੋਂ ਪੂਰਾ ਉਦਯੋਗ ਮੰਦੀ ਦਾ ਸ਼ਿਕਾਰ ਹੈ ਤਾਂ ਅਸੀ ਕਿਵੇਂ ਗਿਫ਼ਟ ਦਾ ਖ਼ਰਚਾ ਚੁੱਕ ਸਕਦੇ ਹਾਂ? ਅਸੀ ਹੀਰਾ ਕਾਰੋਬਾਰੀਆਂ ਦੇ ਰੁਜ਼ਗਾਰ ਨੂੰ ਲੈ ਕੇ ਪ੍ਰੇਸ਼ਾਨ ਹਾਂ। ਪਿਛਲੇ 7 ਮਹੀਨਿਆਂ 'ਚ ਹੀਰਾ ਉਦਯੋਗ ਵਿਚ 40 ਹਜ਼ਾਰ ਨੌਕਰੀਆਂ ਗਈਆਂ ਹਨ। ਇਹੀ ਨਹੀਂ, ਜਿਹੜੇ ਮੁਲਾਜ਼ਮ ਕੰਮ ਕਰ ਰਹੇ ਹਨ ਉਨ੍ਹਾਂ ਦੀ ਤਨਖਾਹ 40 ਫ਼ੀਸਦੀ ਤਕ ਘਟਾ ਦਿੱਤੀ ਗਈ ਹੈ।

ਮੰਦੀ ਦੀ ਹਾਲਤ ਇਹ ਹੈ ਕਿ ਜਿਹੜੀ ਕੰਪਨੀਆਂ ਕੰਮ ਕਰ ਰਹੀਆਂ ਹਨ, ਉਨ੍ਹਾਂ ਨੂੰ ਆਪਣਾ ਕੰਮ ਕਰਨ ਲਈ ਮਜਬੂਰ ਹੋਣਾ ਪਿਆ ਹੈ। ਇਸ ਸਾਲ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਹੀਰੇ ਦੀ ਵੱਡੀ ਕੰਪਨੀ ਡੀ ਬੀਅਰਜ਼ ਨੂੰ ਆਪਣਾ ਉਤਪਾਦਨ ਘਟਾਉਣਾ ਪਿਆ ਹੈ। ਜ਼ਿਕਰਯੋਗ ਹੈ ਕਿ ਸਾਵਜੀ ਢੋਲਕੀਆ ਆਪਣੇ ਮੁਲਾਜ਼ਮਾਂ ਨੂੰ ਹਰ ਸਾਲ ਬੋਨਸ ਵਜੋਂ ਕਾਰ ਅਤੇ ਫ਼ਲੈਟ ਦੇਣ ਵਾਲੇ ਹੀਰਾ ਕਾਰੋਬਾਰੀ ਹਨ। ਢੋਲਕੀਆ 2011 ਤੋਂ ਹਰ ਸਾਲ ਮੁਲਾਜ਼ਮਾਂ ਨੂੰ ਇਸੇ ਤਰ੍ਹਾਂ ਦੀਵਾਲੀ 'ਤੇ ਬੋਨਸ ਦਿੰਦੇ ਰਹੇ ਹਨ। 

13 ਦੀ ਉਮਰ 'ਚ ਛੱਡਿਆ ਸੀ ਸਕੂਲ :
ਸਾਵਜੀ ਢੋਲਕੀਆ ਫ਼ਰਸ਼ ਤੋਂ ਅਰਸ਼ 'ਤੇ ਪੁੱਜਣ ਵਾਲੀ ਸ਼ਖ਼ਸੀਅਤ ਹਨ। ਉਹ ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਡੁਢਾਲਾ ਪਿੰਡ ਨਾਲ ਸਬੰਧ ਰੱਖਦੇ ਹਨ। ਇਨ੍ਹਾਂ ਦੇ ਪਿਤਾ ਕਿਸਾਨ ਸਨ। ਆਰਥਕ ਤੰਗੀ ਦੇ ਚਲਦੇ ਉਨ੍ਹਾਂ ਨੇ 13 ਸਾਲ ਦੀ ਉਮਰ 'ਚ ਪੜ੍ਹਾਈ ਛੱਡ ਦਿੱਤੀ ਸੀ। ਸਾਵਜੀ 1977 'ਚ ਆਪਣੇ ਪਿੰਡ ਤੋਂ 12.30 ਰੁਪਏ ਲੈ ਕੇ ਸੂਰਤ ਆਪਣੇ ਚਾਚੇ ਦੇ ਘਰ ਪੁੱਜੇ ਸਨ, ਜੋ ਕਿ ਇਕ ਹੀਰਾ ਵਪਾਰੀ ਸਨ। ਇਨ੍ਹਾਂ ਨੇ ਉਥੇ ਹੀ ਡਾਇਮੰਡ ਟਰੇਡਿੰਗ ਦੀਆਂ ਬਾਰੀਕੀਆਂ ਸਿੱਖੀਆਂ।

1984 'ਚ ਸ਼ੁਰੂ ਕੀਤੀ ਆਪਣੀ ਕੰਪਨੀ, ਅੱਜ ਟਰਨਓਵਰ 5500 ਕਰੋੜ :
1984 'ਚ ਸਾਵਜੀ ਢੋਲਕੀਆ ਨੇ ਆਪਣੇ ਭਰਾ ਹਿੰਮਤ ਅਤੇ ਤੁਲਸੀ ਦੇ ਨਾਲ ਮਿਲ ਕੇ ਹਰਿ ਕ੍ਰਿਸ਼ਨਾ ਐਕਸਪੋਰਟਰਸ ਨਾਂ ਤੋਂ ਵੱਖਰੀ ਕੰਪਨੀ ਸ਼ੁਰੂ ਕੀਤੀ। ਇਸ ਕੰਪਨੀ ਦਾ ਮੌਜੂਦਾ ਸਾਲਾਨਾ ਟਰਨਓਵਰ 5500 ਕਰੋੜ ਰੁਪਏ ਹੈ। ਇਹ ਕੰਪਨੀ ਡਾਇਮੰਡ ਅਤੇ ਟੈਕ‍ਸਟਾਇਲ ਸੈਗਮੈਂਟ 'ਚ ਕੰਮ ਕਰਦੀ ਹੈ। ਇਨ੍ਹਾਂ ਦੀ ਕੰਪਨੀ ਕਵਾਲਿਟੀ ਦੇ ਨਾਲ ਹੀ ਟਰਾਂਸਪਰੈਂਸੀ ਲਈ ਮਸ਼ਹੂਰ ਹੈ।

ਕਰਮਚਾਰੀਆਂ ਨੂੰ ਬੋਨਸ 'ਚ ਦਿੱਤੇ ਕਾਰ-ਫ਼ਲੈਟ :
ਸਾਵਜੀ ਢੋਲਕੀਆ ਹਰ ਸਾਲ ਦੀਵਾਲੀ ਬੋਨਸ ਦੇ ਤੌਰ 'ਤੇ ਕਰਮਚਾਰੀਆਂ ਨੂੰ ਫ਼ਲੈਟ, ਕਾਰ, ਸ‍ਕੂਟਰ ਅਤੇ ਗਹਿਣੇ ਦੇਣ ਲਈ ਮਸ਼ਹੂਰ ਹਨ। ਸਾਲ 2015 'ਚ ਉਨ੍ਹਾਂ ਦੀ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਦੀਵਾਲੀ ਬੋਨਸ ਵਜੋਂ 491 ਕਾਰਾਂ ਅਤੇ 200 ਫ਼ਲੈਟ ਦਿੱਤੇ ਸਨ। 2014 'ਚ ਕੰਪਨੀ ਨੇ ਮੁਲਾਜ਼ਮਾਂ ਨੂੰ ਇਨਸੈਂਟਿਵ ਵਜੋਂ 50 ਕਰੋੜ ਰੁਪਏ ਵੰਡੇ ਸਨ। ਸਾਲ 2018 'ਚ ਬੋਨਸ ਵਜੋਂ 600 ਮੁਲਾਜ਼ਮਾਂ ਨੂੰ ਕਾਰਾਂ ਅਤੇ 900 ਮੁਲਾਜ਼ਮਾਂ ਨੂੰ ਐਫ.ਡੀ. ਦਿੱਤੀ ਸੀ।

ਢੋਲਕੀਆ ਪਰਵਾਰ 'ਚ ਹੈ ਅਨੋਖੀ ਪਰੰਪਰਾ :
ਸਾਵਜੀ ਢੋਲਕੀਆ ਦੇ ਪਰਵਾਰ 'ਚ ਪਰੰਪਰਾ ਹੈ ਕਿ ਪਰਿਵਾਰ ਬੱਚਿਆਂ ਨੂੰ ਫੈਮਿਲੀ ਬਿਜ਼ਨਸ ਦੀ ਜ਼ਿੰਮੇਦਾਰੀ ਦੇਣ ਤੋਂ ਪਹਿਲਾਂ ਬੇਸਿਕ ਨੌਕਰੀ ਸੰਘਰਸ਼ ਦੀ ਟ੍ਰੇਨਿੰਗ ਲੈਣ ਲਈ ਬਾਹਰ ਭੇਜਿਆ ਜਾਂਦਾ ਹੈ। ਸਾਵਜੀ ਨੇ ਆਪਣੇ ਪੁੱਤਰ 'ਤੇ ਵੀ ਇਸ ਨੂੰ ਲਾਗੂ ਕੀਤਾ। ਪਰੰਪਰਾ ਦੇ ਤਹਿਤ ਬੱਚਿਆਂ ਨੂੰ ਘਰ ਤੋਂ ਦੂਰ ਕਿਸੇ ਵੀ ਕਿਸਮ ਦੇ ਸਾਧਨ-ਸਹੂਲਤ ਦੇ ਬਿਨਾਂ ਭੇਜਿਆ ਜਾਂਦਾ ਹੈ। ਸ਼ਰਤ ਹੁੰਦੀ ਹੈ ਕਿ ਜਿੱਥੇ ਵੀ ਜਾਣਗੇ, ਆਪਣੇ ਪਿਤਾ ਅਤੇ ਪਰਵਾਰ ਦੀ ਪਛਾਣ ਨਹੀਂ ਦੱਸਣਗੇ। ਇਕ ਆਮ ਜਿਹੇ ਵਿਅਕਤੀ ਦੀ ਤਰ੍ਹਾਂ ਕਪੜੇ ਨਾਲ ਹੀ ਹੁੰਦੇ ਹਨ ਅਤੇ ਫ਼ੋਨ ਵੀ ਸਸਤੇ ਵਾਲਾ। ਸਸਤੇ ਵਿਚ ਸਸਤੀ ਥਾਂ 'ਤੇ ਰਹਿਣਾ-ਖਾਣਾ ਵੀ ਲਾਜ਼ਮੀ ਹੁੰਦਾ ਹੈ। ਇਸ ਦੇ ਇਲਾਵਾ ਇਕ ਮਹੀਨੇ 'ਚ ਤਿੰਨ ਨੌਕਰੀਆਂ ਤਲਾਸ਼ ਕਰਨੀਆਂ ਹੁੰਦੀਆਂ ਹਨ।