ਕਿਸਾਨਾਂ ਦੇ ਜੀਵਨ 'ਚ ਆਵੇਗਾ ਕ੍ਰਾਂਤੀਕਾਰੀ ਬਦਲਾਅ, ਵਪਾਰੀ ਘਰ ਖਰੀਦਣ ਆਉਣਗੇ ਫਸਲ - ਨਰਿੰਦਰ ਤੋਮਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਨੂੰ ਆਪਣੀ ਫ਼ਸਲ ਦੀ ਉਪਜ ਵੇਚਣ ਲਈ ਕਿਧਰੇ ਹੋਰ ਜਾਣ ਦੀ ਜ਼ਰੂਰਤ ਨਹੀਂ

Narendra Singh Tomar

ਨਵੀਂ ਦਿੱਲੀ - ਖੇਤੀ ਆਰਡੀਨੈਂਸ ਲੋਕ ਸਭਾ ਅਤੇ ਰਾਜ ਸਭ ਵਿਚ ਪਾਸ ਹੋ ਗਏ ਹਨ ਤੇ ਇਹਨਾਂ ਆਰਡੀਨੈਸਾਂ ਦਾ ਵਿਰੋਧ ਕਿਸਾਨਾਂ ਵਲੋਂ ਲਗਾਤਾਰ ਕੀਤਾ ਜਾ ਰਿਹਾ ਹੈ। ਇਸ ਵਿਰੋਧ ਵਿਚਾਲੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਇਨ੍ਹਾਂ ਬਿੱਲਾਂ ਨੂੰ ਲੈ ਕੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਨ੍ਹਾਂ ਬਿੱਲਾਂ ਦੇ ਲਾਗੂ ਹੋਣ ਨਾਲ ਉਨ੍ਹਾਂ ਦੇ ਜੀਵਨ 'ਚ ਕ੍ਰਾਂਤੀਕਾਰੀ ਬਦਲਾਅ ਆਵੇਗਾ।

ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤ 'ਚ ਇੱਕ ਤੋਂ ਬਾਅਦ ਇੱਕ ਕਦਮ ਚੁੱਕੇ ਗਏ ਪਰ ਇਨ੍ਹਾਂ ਸਾਰਿਆਂ ਦੇ ਬਾਵਜੂਦ ਜਦੋਂ ਤੱਕ ਕਾਨੂੰਨਾਂ 'ਚ ਬਦਲਾਅ ਨਹੀਂ ਹੁੰਦਾ, ਉਦੋਂ ਤੱਕ ਕਿਸਾਨ ਦੇ ਬਾਰੇ 'ਚ ਜੋ ਤਰੱਕੀ ਅਸੀਂ ਸੋਚ ਰਹੇ ਹਾਂ, ਉਹ ਸੰਭਵ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਬਿੱਲ ਕਿਸਾਨਾਂ ਦੇ ਉਤਪਾਦ ਅਤੇ ਸਨਅਤ ਨੂੰ ਉਤਸ਼ਾਹਿਤ ਕਰਨ ਅਤੇ ਸੁਖਾਲਾ ਬਣਾਉਣ ਬਾਰੇ, ਕਿਸਾਨਾਂ ਦੇ ਸਸ਼ਕਤੀਕਰਨ, ਰਾਖੀ ਲਈ ਕੀਮਤਾਂ ਦੇ ਭਰੋਸੇ ਅਤੇ ਖੇਤੀਬਾੜੀ ਸੇਵਾਵਾਂ ਦੇ ਬਾਰੇ ਹਨ।

ਤੋਮਰ ਨੇ ਕਿਹਾ ਕਿ ਇਹ ਬਿੱਲ ਯਕੀਨੀ ਤੌਰ 'ਤੇ ਕਿਸਾਨ, ਜਿਹੜਾ ਕਿ ਏ. ਪੀ. ਐੱਮ. ਸੀ. ਦੀਆਂ ਜ਼ੰਜੀਰਾਂ 'ਚ ਜਕੜਿਆ ਹੋਇਆ ਸੀ, ਉਨ੍ਹਾਂ ਨੂੰ ਮੁਕਤ ਕਰਾਉਣ ਵਾਲੇ ਹਨ।ਨਰੇਂਦਰ ਤੋਮਰ ਨੇ ਅੱਗੇ ਕਿਹਾ, ''ਮੈਂ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਨ੍ਹਾਂ ਨੂੰ ਲਾਗੂ ਹੋ ਲੈਣ ਦਿਓ, ਯਕੀਨੀ ਤੌਰ 'ਤੇ ਤੁਹਾਡੇ ਜੀਵਨ 'ਚ ਕ੍ਰਾਂਤੀਕਾਰੀ ਬਦਲਾਅ ਆਵੇਗਾ।''

ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਤੁਸੀਂ ਚੋਣਾਂ ਵੇਲੇ ਆਪਣੇ ਚੋਣ ਮਨੋਰਥ ਪੱਤਰ 'ਚ ਕਿਉਂ ਕਿਹਾ ਸੀ ਕਿ ਤੁਸੀਂ ਏ. ਪੀ. ਐੱਮ. ਸੀ. ਐਕਟ ਨੂੰ ਬਦਲ ਦਿਓਗੇ, ਟੈਕਸ ਨੂੰ ਖ਼ਤਮ ਕਰ ਦਿਓਗੇ ਅਤੇ ਅੰਤਰਰਾਜੀ ਵਪਾਰ ਨੂੰ ਉਤਸ਼ਾਹਿਤ ਕਰੋਗੇ। ਇਸ ਦੇ ਨਾਲ ਹੀ ਦੱਸ ਦਈਏ ਕਿ ਇਕ ਇੰਟਰਵਿਊ ਦੌਰਾਨ ਤੋਮਰ ਨੇ ਕਿਹਾ ਕਿ ਖੇਤੀਬਾੜੀ ਬਿੱਲਾਂ ਤੋਂ ਬਾਅਦ ਕਿਸਾਨਾਂ ਦੀ ਫ਼ਸਲ ਦੀ ਖ਼ਰੀਦ ਲਈ ਵਪਾਰੀ ਖੁਦ ਉਨ੍ਹਾਂ ਦੇ ਘਰ ਤਕ ਆਉਣਗੇ।

ਉਹਨਾਂ ਕਿਹਾ ਕਿ ਕਿਸਾਨ ਆਪਣੇ ਅਧਿਕਾਰਾਂ ਬਾਰੇ ਜਾਣਦੇ ਹਨ ਤੇ ਸਭ ਕੁਝ ਸਮਝਦੇ ਹਨ ਕਿ ਉਹਨਾਂ ਦੀ ਫਸਲ ਕੌਣ ਖਰੀਦੇਗਾ। ਜਿਵੇਂ ਕਿ ਵਪਾਰੀਆਂ ਨੂੰ ਫ਼ਸਲ ਖਰੀਦਣਾ ਤੇ ਜਦੋਂ ਫਸਲ ਮੰਡੀਆਂ ਤਕ ਨਹੀਂ ਆਵੇਗੀ ਤਾਂ ਵਪਾਰੀਆਂ ਨੂੰ ਕਿਸਾਨਾਂ ਦੇ ਪਿੰਡ ਦਾ ਦੌਰਾ ਕਰਨ ਤੇ ਕਿਸਾਨਾਂ ਨਾਲ ਵਪਾਰਕ ਸਬੰਧ ਬਣਾਉਣ ਤੇ ਕਿਸਾਨਾਂ ਦੀ ਫ਼ਸਲ ਉਨ੍ਹਾਂ ਦੇ ਘਰ ਜਾ ਕੇ ਖਰੀਦਣ ਲਈ ਮਜਬੂਰ ਹੋਣਾ ਪਵੇਗਾ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਵਪਾਰੀ ਇਕ ਪਿੰਡ ਵਿਚ ਪਹੁੰਚਦਾ ਹੈ ਤਾਂ ਪਿੰਡ ਦੇ ਸਾਰੇ ਲੋਕ ਆਪਣੀ ਫ਼ਸਲ ਵੇਚਣ ਲਈ ਇਕ ਸਥਾਨ 'ਤੇ ਇਕੱਠੇ ਹੋਣਗੇ। ਵਪਾਰੀ ਕਿਸਾਨਾਂ ਨਾਲ ਚਰਚਾ ਕਰਨ ਤੋਂ ਬਾਅਦ ਖਰੀਦ ਦੀ ਦਰ ਤੈਅ ਕਰੇਗਾ। ਵਪਾਰੀ ਫ਼ਸਲ ਦੀ ਖਰੀਦ ਕਰੇਗਾ ਤੇ ਉਸ ਨੂੰ ਇਕ ਟਰੱਕ 'ਚ ਭਰਕੇ ਲੈ ਜਾਵੇਗਾ। ਕਿਸਾਨ ਨੂੰ ਆਪਣੀ ਫ਼ਸਲ ਦੀ ਉਪਜ ਵੇਚਣ ਲਈ ਕਿਧਰੇ ਹੋਰ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ।