ਫਿਟ ਇੰਡੀਆ ਮੂਵਮੈਂਟ ਦੀ ਪਹਿਲੀ ਵਰ੍ਹੇਗੰਢ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੋਦੀ ਨੇ ਕੋਹਲੀ ਤੋਂ ਯੋ-ਯੋ ਟੈਸਟ ਬਾਰੇ ਪੁਛਿਆ, ਜੰਮੂ ਕਸ਼ਮੀਰ ਦੀ ਮਹਿਲਾ ਫ਼ੁਟਬਾਲਰ ਅਫਸ਼ਾਂ ਦੀ ਕੀਤੀ ਸ਼ਲਾਘਾ

image

ਨਵੀਂ ਦਿੱਲੀ, 24 ਸਤੰਬਰ : ਫਿਟ ਇੰਡੀਆ ਮੂਵਮੈਂਟ ਦੀ ਪਹਿਲੀ ਵਰ੍ਹੇਗੰਢ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਉ ਕਾਨਫਰੰਸ ਜ਼ਰੀਏ ਫਿਟਨੈੱਸ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਵਾਲੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ, ਅਦਾਕਾਰ ਮਿਲਿੰਦ ਸੋਮਣ ਅਤੇ ਮਸ਼ਹੂਰ ਡਾਇਟੀਸ਼ੀਅਨ ਰੁਜੂਤਾ ਦਿਵੇਕਰ ਦੇ ਇਲਾਵਾ ਜੰਮੂ ਕਸ਼ਮੀਰ ਦੀ ਮਹਿਲਾ ਫੁੱਟਬਾਲਰ ਅਫਸ਼ਾਂ ਦੀ ਤਾਰੀਫ਼ ਕੀਤੀ ਅਤੇ ਇਸ ਦੇ ਪ੍ਰਤੀ ਉਤਸ਼ਾਹਤ ਆਮ ਨਾਗਰਿਕਾਂ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ 'ਤੇ ਵਿਰਾਟ ਕੋਹਲੀ ਤੋਂ ਫਿਟਨੈੱਸ ਅਤੇ ਉਨ੍ਹਾਂ ਦੇ ਰੂਟੀਨ ਨੂੰ ਲੈ ਕੇ ਗੱਲਬਾਤ ਕੀਤੀ।

image


ਮੋਦੀ 'ਯੋ ਯੋ ਟੈਸਟ' ਬਾਰੇ 'ਚ ਜਾਣਨਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਕੋਹਲੀ ਤੋਂ ਇਹ ਵੀ ਪੁੱਛਿਆ ਕਿ ਉਨ੍ਹਾਂ ਨੂੰ ਵੀ ਇਸ ਤੋਂ ਗੁਜ਼ਰਨਾ ਪੈਂਦਾ ਹੈ ਜਾਂ ਛੋਟ ਹੈ।
 ਮੋਦੀ ਨੇ ਕਿਹਾ, 'ਮੈਂ ਸੁਣਿਆ ਹੈ ਕਿ ਅੱਜਕਲ ਟੀਮ 'ਚ ਯੋ ਯੋ ਟੈਸਟ ਹੁੰਦਾ ਹੈ, ਇਹ ਕੀ ਹੈ।''


 ਕੋਹਲੀ ਨੇ ਜਵਾਬ ਦਿਤਾ, ''ਫਿੱਟਨੈਸ ਦੇ ਨਜ਼ਰੀਏ ਨਾਲ ਇਹ ਅਹਿਮ ਟੈਸਟ ਹੁੰਦਾ ਹੈ। ਅਸੀਂ ਫਿੱਟਨੈਸ ਦੇ ਗਲੋਬਲ ਪੱਧਰ ਦੀ ਗੱਲ ਕਰੀਏ ਤਾਂ ਹਾਲੇ ਦੂਜੀਆਂ ਟੀਮਾਂ ਤੋਂ ਅਸੀਂ ਪਿੱਛੇ ਹਾਂ ਅਤੇ ਸਾਨੂੰ ਇਹ ਪੱਧਰ ਬਿਹਤਰ ਕਰਨਾ ਹੈ।'' ਯੋ ਯੋ ਟੈਸਟ 'ਚ ਖਿਡਾਰੀ ਨੂੰ ਦੋ ਕੋਣ ਦੇ ਵਿਚਕਾਰ ਲਗਾਤਾਰ ਭੱਜਣਾ ਹੁੰਦਾ ਹੈ ਜੋ 20 ਮੀਟਰ ਦੀ ਦੂਰੀ 'ਤੇ ਹੁੰਦੇ ਹਨ। ਜਦੋਂ ਸਾਫ਼ਟਵੇਅਰ ਪਹਿਲੀ ਬੀਪ ਦਿੰਦਾ ਹੈ ਤਾਂ ਖਿਡਾਰੀ ਇਕ ਕੋਣ ਤੋਂ ਦੂਜੇ ਕੋਣ ਵਲ ਭੱਜਦਾ ਹੈ। ਜਦੋਂ ਖਿਡਾਰੀ ਦੂਜੇ ਕੋਣ 'ਤੇ ਪਹੁੰਚਦਾ ਹੈ ਤਾਂ ਦੂਜੀ ਬੀਪ ਸੁਣਾਈ ਦਿੰਦੀ ਹੈ। ਇਸ ਤਰ੍ਹਾਂ ਸਮਾਂ ਦਰਜ ਹੁੰਦਾ ਰਹਿੰਦਾ ਹੈ ਅਤੇ ਆਖ਼ਿਰ 'ਚ ਫਿੱਟਨੈਸ ਸਕੋਰ ਰਾਹੀਂ ਸਾਫ਼ਟਵੇਅਰ ਦਸਦਾ ਹੈ ਕਿ ਖਿਡਾਰੀ ਫਿੱਟ ਹੈ ਜਾਂ ਨਹੀਂ।


ਇਸ ਸੈਸ਼ਨ 'ਚ ਪੈਰਾਓਲੰਪਿਕ ਭਾਲਾਸੁੱਟ ਸੋਨ ਤਮਗ਼ਾ ਜੇਤੂ ਦੇਵੇਂਦਰ ਝਝਾਰੀਆ ਅਤੇ ਜੰਮੂ ਕਸ਼ਮੀਰ ਦੀ ਮਹਿਲਾ ਫ਼ੁੱਟਬਾਲਰ ਅਫਸ਼ਾਂ ਆਸ਼ਿਕ ਨੇ ਵੀ ਹਿੱਸਾ ਲਿਆ। ਅਦਾਕਾਰਾ, ਮਾਡਲ ਅਤੇ ਦੋੜਕ ਮਿਲਿੰਦ ਸੋਮਣ ਅਤੇ ਡਾਈਟੀਸ਼ੀਅਨ ਰਿਤੁਜਾ ਦਿਵੇਕਰ ਵੀ ਇਸ 'ਚ ਸ਼ਾਮਲ ਸਨ।  (ਪੀਟੀਆਈ)