ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਿਆ ਦਿਸਿਆ ਪੁੱਤਰ, ਵਾਇਰਲ ਤਸਵੀਰ ਨੇ ਖੜ੍ਹਾ ਕੀਤਾ ਵਿਵਾਦ
ਸ਼੍ਰੀਕਾਂਤ ਨੇ ਦਾਅਵਾ ਕੀਤਾ ਕਿ ਇਹ ਤਸਵੀਰਾਂ ਮੁੱਖ ਮੰਤਰੀ ਦਫ਼ਤਰ ਦੀਆਂ ਨਹੀਂ, ਬਲਕਿ ਠਾਣੇ ਵਿੱਚ ਸਥਿਤ ਉਨ੍ਹਾਂ ਦੀ ਨਿੱਜੀ ਰਿਹਾਇਸ਼ ਦੀਆਂ ਹਨ।
ਮੁੰਬਈ- ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਪੁੱਤਰ, ਲੋਕ ਸਭਾ ਮੈਂਬਰ ਸ਼੍ਰੀਕਾਂਤ ਸ਼ਿੰਦੇ ਨੂੰ ਕਥਿਤ ਤੌਰ 'ਤੇ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠੇ ਹੋਏ ਦਿਖਾਉਂਦੀ ਇੱਕ ਤਸਵੀਰ ਨੇ ਵਿਵਾਦ ਛੇੜ ਦਿੱਤਾ ਹੈ। ਵਿਰੋਧੀ ਧਿਰਾਂ ਨੇ ਸ਼ਿੰਦੇ ਦੇ ਪੁੱਤਰ 'ਤੇ ਆਪਣੇ ਪਿਤਾ ਦੇ ਦਫ਼ਤਰ ਦਾ ਨਿਰਾਦਰ ਕਰਨ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ ਸ਼੍ਰੀਕਾਂਤ ਨੇ ਇਸ ਦੌਰਾਨ ਦੋਸ਼ਾਂ ਨੂੰ ਨਕਾਰਦਿਆਂ ਦਾਅਵਾ ਕੀਤਾ ਕਿ ਇਹ ਤਸਵੀਰਾਂ ਮੁੱਖ ਮੰਤਰੀ ਦਫ਼ਤਰ ਦੀਆਂ ਨਹੀਂ, ਬਲਕਿ ਠਾਣੇ ਵਿੱਚ ਸਥਿਤ ਉਨ੍ਹਾਂ ਦੀ ਨਿੱਜੀ ਰਿਹਾਇਸ਼ ਦੀਆਂ ਹਨ।
ਵਿਰੋਧੀ ਧਿਰਾਂ ਨੂੰ ਜਵਾਬ ਦਿੰਦੇ ਹੋਏ ਸ਼੍ਰੀਕਾਂਤ ਨੇ ਟਵੀਟ ਕੀਤਾ, “ਇਲਜ਼ਾਮ ਬੇਤੁਕੇ ਹਨ। ਫ਼ੋਟੋ ਵਿਚਲੀ ਜਗ੍ਹਾ ਠਾਣੇ ਵਿਚ ਸਥਿਤ ਸਾਡੀ ਨਿੱਜੀ ਰਿਹਾਇਸ਼ ਹੈ, ਜਿੱਥੇ ਮੈਂ ਅਤੇ ਮੇਰੇ ਪਿਤਾ ਸਾਲਾਂ ਤੋਂ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਆ ਰਹੇ ਹਾਂ। ਇਹ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਜਾਂ ਉਨ੍ਹਾਂ ਦਾ ਸਰਕਾਰੀ ਦਫ਼ਤਰ ਨਹੀਂ ਹੈ।"
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਸਵੀਰ ਵਿੱਚ ਅਧਿਕਾਰੀਆਂ ਨਾਲ ਘਿਰੇ ਹੋਏ ਸ਼੍ਰੀਕਾਂਤ ਇੱਕ ਦਫ਼ਤਰ ਵਿੱਚ ਬੈਠੇ ਦਿਖਾਈ ਦਿੰਦੇ ਹਨ, ਅਤੇ ਹੱਥਾਂ 'ਚ ਕੁਝ ਦਸਤਾਵੇਜ਼ ਹਨ। ਇਹੀ ਤਸਵੀਰ ਟਵਿੱਟਰ 'ਤੇ ਤਸਵੀਰ 'ਤੇ ਸਾਂਝੀ ਕਰਦੇ ਹੋਏ, ਐਨਸੀਪੀ ਦੇ ਸੂਬਾ ਬੁਲਾਰੇ ਰਵੀਕਾਂਤ ਵਰਪੇ ਨੇ ਵਿਅੰਗ ਕੱਸਦੇ ਹੋਏ ਸ਼੍ਰੀਕਾਂਤ ਨੂੰ "ਸੁਪਰ ਸੀਐਮ" ਕਿਹਾ ਅਤੇ ਸ਼ਿੰਦੇ 'ਤੇ ਲੋਕਤੰਤਰ ਦਾ ਗਲ਼ ਘੁੱਟਣ ਦਾ ਦੋਸ਼ ਲਗਾਇਆ।
ਉਨ੍ਹਾਂ ਲਿਖਿਆ "ਸੁਪਰ ਸੀਐਮ ਬਣਨ 'ਤੇ ਸ਼੍ਰੀਕਾਂਤ ਸ਼ਿੰਦੇ ਨੂੰ ਸ਼ੁਭਕਾਮਨਾਵਾਂ, ਮੁੱਖ ਮੰਤਰੀ ਦੀ ਗ਼ੈਰ-ਹਾਜ਼ਰੀ ਵਿੱਚ ਉਨ੍ਹਾਂ ਦਾ ਚਿਰੰਜੀਵ ਮੁੱਖ ਮੰਤਰੀ ਦੇ ਅਹੁਦੇ ਦਾ ਇੰਚਾਰਜ ਹੈ। ਇਹ ਲੋਕਤੰਤਰ ਦਾ ਗਲ਼ ਘੁੱਟਣ ਵਾਲੀ ਗੱਲ ਹੈ। ਇਹ ਕਿਹੋ ਜਿਹਾ ਰਾਜਧਰਮ ਹੈ?”