ਸੁਪਰੀਮ ਕੋਰਟ ਨੇ ਰਾਜਸਥਾਨ ਸਰਕਾਰ ਤੋਂ ਪੁੱਛਿਆ, ਕਿਵੇਂ ਗਾਇਬ ਹੋਏ ਪਹਾੜ, ਕੀ ਲੋਕ ਹਨੂਮਾਨ ਹੋ ਗਏ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰਟ ਨੇ ਇਸ ਸਬੰਧੀ ਹੁਕਮ ਜਾਰੀ ਕਰਦੇ ਹੋਏ 48 ਘੰਟੇ ਦੇ ਅੰਦਰ 115.34 ਹੈਕਟੇਅਰ ਖੇਤਰ ਦੇ ਗ਼ੈਰ ਕਾਨੂੰਨੀ ਖਨਨ ਨੂੰ ਬੰਦ ਕਰਨ ਦਾ ਹੁਕਮ ਦਿਤਾ ਹੈ।

Supreme Court of India

ਨਵੀਂ ਦਿੱਲੀ, ( ਭਾਸ਼ਾ ) :  ਸੁਪਰੀਮ ਕੋਰਟ ਨੇ ਰਾਜਸਥਾਨ ਦੇ ਅਰਾਵਲੀ ਖੇਤਰ ਵਿਚ ਚਲ ਰਹੇ ਗ਼ੈਰ ਕਾਨੂੰਨੀ ਖਨਨ ਕਾਰਨ 31 ਪਹਾੜੀਆਂ ਦੇ ਗਾਇਬ ਹੋ ਜਾਣ ਤੇ ਹੈਰਾਨੀ ਪ੍ਰਗਟ ਕੀਤੀ ਹੈ। ਕੋਰਟ ਨੇ ਇਸ ਸਬੰਧੀ ਹੁਕਮ ਜਾਰੀ ਕਰਦੇ ਹੋਏ 48 ਘੰਟੇ ਦੇ ਅੰਦਰ 115.34 ਹੈਕਟੇਅਰ ਖੇਤਰ ਦੇ ਗ਼ੈਰ ਕਾਨੂੰਨੀ ਖਨਨ ਨੂੰ ਬੰਦ ਕਰਨ ਦਾ ਹੁਕਮ ਦਿਤਾ ਹੈ।

ਸੁਣਵਾਈ ਦੌਰਾਨ ਜਸਟਿਸ ਮਦਨ ਭੀਮਰਾਓ ਲੋਕੁਰ ਨੇ ਕਿਹਾ ਕਿ ਐਪਕਾ ਦੀ ਰਿਪੋਰਟ ਮੁਤਾਬਕ ਦਿੱਲੀ, ਰਾਜਸਥਾਨ ਅਤੇ ਹਰਿਆਣਾ ਦੀ ਹੱਦ ਨਾਲ ਲਗਦੇ ਇਲਾਕਿਆਂ ਵਿਚ 31 ਪਹਾੜੀਆਂ ਗਾਇਬ ਹੋ ਗਈਆਂ ਹਨ। ਆਖਰ ਜਨਤਾ ਵਿਚ ਹਨੂਮਾਨ ਦੀ ਸ਼ਕਤੀ ਤਾਂ ਆ ਨਹੀਂ ਸਕਦੀ ਕਿ ਉਹ ਪਹਾੜ ਹੀ ਲੈ ਉੜਨ। ਸਿਖਰ ਅਦਾਲਤ ਨੇ ਕਿਹਾ ਕਿ ਹਾਲਾਂਕਿ ਰਾਜਸਥਾਨ ਨੂੰ ਅਰਾਵਲੀ ਵਿਚ ਖਨਨ ਦੀਆਂ ਗਤੀਵਿਧੀਆਂ ਰਾਹੀ ਲਗਭਗ ਪੰਜ ਹਜ਼ਾਰ ਕਰੋੜ ਰੁਪਏ ਦੀ ਰੌਇਲਟੀ ਹਾਸਲ ਹੁੰਦੀ ਹੈ,

ਪਰ ਦਿੱਲੀ ਵਿਚ ਰਹਿਣ ਵਾਲੇ ਲੱਖਾਂ ਲੋਕਾਂ ਦੀਆਂ ਜਿੰਦਗੀਆਂ ਨੂੰ ਖਤਰੇ ਵਿਚ ਨਹੀਂ ਪਾਇਆ ਜਾ ਸਕਦਾ ਕਿਉਂਕਿ ਰਾਜਧਾਨੀ ਖੇਤਰ ਵਿਚ ਪ੍ਰਦੂਸ਼ਣ ਦੇ ਪੱਧਰ ਦੇ ਵਧਣ ਦਾ ਇਕ ਕਾਰਣ ਇਨ੍ਹਾਂ ਪਹਾੜੀਆਂ ਦਾ ਗਾਇਬ ਹੋਣਾ ਵੀ ਹੋ ਸਕਦਾ ਹੈ। ਜਸਟਿਸ ਲੋਕੁਰ ਨੇ ਰਾਜਸਥਾਨ ਵੱਲੋਂ ਪੇਸ਼ ਹੋਏ ਵਕੀਲ ਤੋਂ ਪੁਛਿੱਆ ਕਿ ਭਾਰਤੀ ਜੰਗਲਾਤ ਸਰਵੇਖਣ ( ਐਫਐਸਆਈ ) ਵੱਲੋਂ ਲਏ ਗਏ 128 ਨਮੂਨਿਆਂ ਮੁਤਾਬਕ 31 ਪਹਾੜੀਆਂ ਗਾਇਬ ਹੋ ਗਈਆਂ ਹਨ। ਜੇਕਰ ਦੇਸ਼ ਤੋਂ ਪਹਾੜ ਗਾਇਬ ਹੋ ਗਏ ਤਾਂ ਕੀ ਹੋਵੇਗਾ?

ਬੈਂਚ ਨੇ ਕੇਂਦਰੀ ਅਥਾਰਿਟੀ ਕਮੇਟੀ ( ਸੀਈਸੀ) ਦੀ ਰਿਪੋਰਟ ਦੇ ਹਵਾਲੇ ਤੋਂ ਕਿਹਾ ਕਿ ਰਾਜਸਥਾਨ ਵਿਚ 15-20 ਫੀਸਦੀ ਪਹਾੜੀਆਂ ਗਾਇਬ ਹੋ ਗਈਆਂ ਹਨ, ਇਹ ਜ਼ਮੀਨੀ ਹਕੀਕਤ ਹੈ, ਇਸ ਦੇ ਲਈ ਤੁਸੀਂ ਕਿਸਨੂੰ ਜਿਮ੍ਹੇਵਾਰ ਮੰਨਦੇ ਹੋ ? ਗ਼ੈਰ ਕਾਨੂੰਨੀ ਖਨਨ ਦੇ ਚਲਦਿਆਂ ਅਰਾਵਲੀ ਪਹਾੜ ਨੂੰ ਬਚਾਉਣ ਵਿਚ ਰਾਜ ਪੂਰੀ ਤਰਾਂ ਨਾਕਾਮ ਹੋ ਗਿਆ ਹੈ। ਅਦਾਲਤ ਨੇ ਕਿਹਾ ਕਿ ਉਹ ਰਾਜ ਸਰਕਾਰ ਦੀ ਸਟੇਟਸ ਰਿਪੋਰਟ ਨੂੰ ਬਿਲਕੁਲ ਵੀ ਨਹੀਂ ਮੰਨਦੀ ਕਿਉਂਕਿ ਉਸ ਵਿਚ ਦਰਸਾਏ ਗਏ ਜਿਆਦਾਤਰ ਵੇਰਵੇ

ਵਿਚ ਸਾਰਾ ਕਸੂਰ ਐਫਐਸਆਈ ਦਾ ਕੱਢਿਆ ਗਿਆ ਹੈ। ਰਾਜਸਥਾਨ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਐਫਐਸਆਈ ਭਾਰਤ ਸਰਕਾਰ ਦੀ ਸੰਸਥਾ ਹੈ ਤੇ ਉਸ ਤੇ ਬਿਨਾਂ ਕਾਰਨ ਦੋਸ਼ ਲਗਾਉਣਾ ਸਹੀ ਨਹੀਂ ਹੈ। ਅਦਾਲਤ ਨੇ ਕਿਹਾ ਕਿ ਪਹਾੜਾਂ ਦੀ ਰਚਨਾ ਪਿੱਛੇ ਕੁਝ ਤਾਂ ਕਾਰਨ ਹੁੰਦਾ ਹੈ। ਪਹਾੜ ਓਟ ਦਾ ਕੰਮ ਕਰਦੇ ਹਨ। ਸੁਪਰੀਮ ਕੋਰਟ ਦੇ ਇਸ ਹੁਕਮ ਤੇ ਸਾਬਕਾ ਮੁਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕੀਤੀ ਕਿ

ਕੋਰਟ ਦੀ ਇਹ ਟਿੱਪਣੀ ਕਿ ਉਹ ਇਹ ਹੁਕਮ ਜਾਰੀ ਕਰਨ ਤੇ ਮਜ਼ਬੂਰ ਹੈ, ਕਿਉਂਕਿ ਰਾਜਸਥਾਨ ਸਰਕਾਰ ਨੇ ਇਸ ਨੂੰ ਹਲਕੇ ਵਿਚ ਲਿਆ ਹੈ, ਬਹੁਤ ਹੀ ਗੰਭੀਰ ਹੈ। ਗਹਿਲੋਤ ਨੇ ਲਿਖਿਆ ਕਿ ਮੈਂ ਲਗਾਤਾਰ ਕਹਿੰਦਾ ਰਿਹਾ ਹਾਂ ਕਿ ਰਾਜ ਵਿਚ ਪਹਾੜੀਆਂ ਦਾ ਗਾਇਬ ਹੋਣਾ ਖਤਰਨਾਕ ਹਾਲਤ ਹੈ। ਰੇਤ ਮਾਫੀਆ ਅਤੇ ਖਨਨ ਮਾਫੀਆ ਦਾ ਨੈਟਵਰਕ ਭ੍ਰਿਸ਼ਟਾਚਾਰ ਕਾਰਨ ਕਿਰਿਆਸੀਲ ਹੈ।