ਮਹਾਰਾਸ਼ਟਰ ਅਤੇ ਹਰਿਆਣਾ ਵਿਚ ਬਹੁਤੇ ਚੋਣ ਸਰਵੇਖਣਾਂ ਦੀ ਹਵਾ ਨਿਕਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇ ਕਿਹਾ-ਸਰਵੇਖਣ ਏਜੰਸੀਆਂ ਦੇਸ਼ ਕੋਲੋਂ ਮਾਫ਼ੀ ਮੰਗਣ

Exit polls fail in Maharashtra, Haryana assembly election results

ਨਵੀਂ ਦਿੱਲੀ : ਮਹਾਰਾਸ਼ਟਰ  ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਬਹੁਤੇ ਚੋਣ ਸਰਵੇਖਣਾਂ ਦੀਆਂ ਭਵਿੱਖਬਾਣੀਆਂ ਸਚਾਈ ਤੋਂ ਦੂਰ ਰਹੀਆਂ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਦੋਹਾਂ ਰਾਜਾਂ ਵਿਚ ਭਾਜਪਾ ਨੂੰ ਪ੍ਰਚੰਡ ਜਿੱਤ ਮਿਲ ਰਹੀ ਹੈ ਅਤੇ ਕਾਂਗਰਸ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਹੋਵੇਗਾ। ਦੂਜੇ ਪਾਸੇ, ਇੰਡੀਆ ਟੂਡੇ ਦਾ ਇਕੋ ਇਕ ਪੋਲ ਰਿਹਾ  ਜਿਸ ਦੀ ਭਵਿੱਖਬਾਣੀ ਇਨ੍ਹਾਂ ਦੋਹਾਂ ਰਾਜਾਂ ਵਿਚ ਅਸਲ ਨਤੀਜਿਆਂ ਦੇ ਕਾਫ਼ੀ ਨੇੜੇ ਰਹੀ। ਇੰਡੀਆ ਟੂਡੇ ਨੇ 299 ਮੈਂਬਰੀ ਮਹਾਰਾਸ਼ਟਰ ਵਿਧਾਨ ਸਭਾ ਵਿਚ ਭਾਜਪਾ ਤੇ ਸ਼ਿਵ ਸੈਨਾ ਦੇ ਗਠਜੋੜ ਨੂੰ 166-194 ਸੀਟਾਂ ਅਤੇ ਕਾਂਗਰਸ ਤੇ ਰਾਕਾਂਪਾ ਗਠਜੋੜ ਨੂੰ 72-90 ਸੀਟਾਂ ਮਿਲਣ ਦੀ ਗੱਲ ਕਹੀ ਸੀ।

90 ਮੈਂਬਰੀ ਹਰਿਆਣਾ ਵਿਧਾਨ ਸਭਾ ਵਿਚ ਭਾਜਪਾ ਨੂੰ 32 ਤੋਂ 44 ਅਤੇ ਕਾਂਗਰਸ ਨੂੰ 30 ਤੋਂ 42 ਸੀਟਾਂ ਅਤੇ ਜਨਨਾਇਕ ਜਨਤਾ ਪਾਰਟੀ ਨੂੰ ਛੇ ਤੋਂ 10 ਸੀਟਾਂ ਮਿਲਣ ਦਾ ਅਨੁਮਾਨ ਲਾਇਆ ਗਿਆ ਸੀ। ਹੋਰ ਪ੍ਰਮੁੱਖ ਏਜੰਸੀਆਂ ਦੇ ਸਰਵੇਖਣ ਸਚਾਈ ਤੋਂ ਦੂਰ ਰਹੇ। ਇਨ੍ਹਾਂ ਸਰਵੇਖਣਾਂ ਵਿਚ ਅਨੁਮਾਨ ਲਾਇਆ ਗਿਆ ਸੀ ਕਿ ਦੋਹਾਂ ਰਾਜਾਂ ਵਿਚ ਕਾਂਗਰਸ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਹੇਗਾ। ਕਾਂਗਰਸ ਤਰਜਮਾਨ ਸੁਸ਼ਮਿਤਾ ਦੇਵ ਨੇ ਵਿਅੰਗ ਕਰਦਿਆਂ ਕਿਹਾ ਕਿ ਏਜੰਸੀਆਂ ਨੂੰ ਦੇਸ਼ ਕੋਲੋਂ ਨਿਮਰਤਾ ਸਹਿਤ ਮਾਫ਼ੀ ਮੰਗਣੀ ਚਾਹੀਦੀ ਹੈ।

ਨਿਊਜ਼ 18 ਦੇ ਸਰਵੇਖਣ ਵਿਚ ਭਾਜਪਾ ਨੂੰ 142 ਸੀਟਾਂ ਅਤੇ ਸ਼ਿਵ ਸੈਨਾ ਨੂੰ 102 ਸੀਟਾਂ ਦਿਤੀਆਂ ਗਈਆਂ ਸਨ। ਏਬੀਪੀ ਸੀਵੋਟਰ ਨੇ ਭਾਜਪਾ ਤੇ ਸ਼ਿਵ ਸੈਨਾ ਨੂੰ 204 ਸੀਟਾਂ ਅਤੇ ਕਾਂਗਰਸ ਤੇ ਰਾਕਾਂਪਾ ਨੂੰ 69 ਸੀਟਾਂ ਦਿਤੀਆਂ ਸਨ ਪਰ ਅਸਲ ਵਿਚ ਕਾਂਗਰਸ ਨੂੰ 44 ਅਤੇ ਰਾਕਾਂਪਾ ਨੂੰ 54 ਸੀਟਾਂ ਮਿਲੀਆਂ ਹਨ। ਸੀਐਨਐਨ ਨੇ ਹਰਿਆਣਾ ਵਿਚ ਭਾਜਪਾ ਨੂੰ  75 ਅਤੇ ਕਾਂਗਰਸ ਨੂੰ 10 ਸੀਟਾਂ ਦਿਤੀਆਂ ਸਨ। ਟਾਇਮਜ਼ ਨਾਊ ਨੇ ਹਰਿਆਣਾ ਵਿਚ ਭਾਜਪਾ ਨੂੰ 71 ਅਤੇ ਕਾਂਗਰਸ ਨੂੰ 10 ਸੀਟਾਂ ਮਿਲਣ ਦਾ ਅਨੁਮਾਨ ਲਾਇਆ ਸੀ।