ਲਿਵ-ਇਨ ਰਿਲੇਸ਼ਨਸ਼ਿਪ 'ਤੇ ਹਾਈਕੋਰਟ ਦੀ ਟਿੱਪਣੀ, ਕਿਹਾ- ਅਜਿਹੇ ਰਿਸ਼ਤੇ ਅਸਥਾਈ ਹੁੰਦੇ ਹਨ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅਦਾਲਤ ਨੇ ਉਹਨਾਂ ਦੀ ਪੁਲਿਸ ਸੁਰੱਖਿਆ ਦੀ ਮੰਗ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ।  

High Court's comment on live-in relationship, said- such relationships are temporary

ਪ੍ਰਯਾਗਰਾਜ -  ਇਲਾਹਾਬਾਦ ਹਾਈਕੋਰਟ ਨੇ ਲਿਵ ਇਨ ਰਿਲੇਸ਼ਨਸ਼ਿਪ ਨੂੰ ਲੈ ਕੇ ਆਪਣੀ ਅਹਿਮ ਟਿੱਪਣੀ 'ਚ ਕਿਹਾ ਕਿ ਇਹ ਟਾਈਮ ਪਾਸ ਹੈ। ਅਜਿਹੇ ਰਿਸ਼ਤਿਆਂ ਵਿਚ ਇਮਾਨਦਾਰੀ ਅਤੇ ਸਥਿਰਤਾ ਦੀ ਕਮੀ ਹੁੰਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਮਾਣਯੋਗ ਸੁਪਰੀਮ ਕੋਰਟ ਨੇ ਕਈ ਮਾਮਲਿਆਂ ਵਿਚ ਇਸ ਤਰ੍ਹਾਂ ਦੇ ਰਿਸ਼ਤੇ ਨੂੰ ਕਾਨੂੰਨੀ ਮਾਨਤਾ ਦਿੱਤੀ ਹੈ, ਪਰ 20 ਅਤੇ 22 ਸਾਲ ਦੀ ਉਮਰ ਵਿਚ, ਅਸੀਂ ਇਹ ਉਮੀਦ ਨਹੀਂ ਕਰ ਸਕਦੇ ਕਿ ਇਹ ਜੋੜਾ ਸਿਰਫ਼ ਦੋ ਮਹੀਨਿਆਂ ਦੇ ਸਮੇਂ ਵਿਚ ਇਕੱਠੇ ਰਹਿਣ ਦੇ ਯੋਗ ਹੋਵੇਗਾ।  

ਉਪਰੋਕਤ ਟਿੱਪਣੀ ਜਸਟਿਸ ਰਾਹੁਲ ਚਤੁਰਵੇਦੀ ਅਤੇ ਜਸਟਿਸ ਮੁਹੰਮਦ ਅਜ਼ਹਰ ਹੁਸੈਨ ਰਿਜ਼ਵੀ ਦੇ ਡਿਵੀਜ਼ਨ ਬੈਂਚ ਨੇ ਲਿਵ-ਇਨ ਪਾਰਟਨਰਸ਼ਿਪ 'ਚ ਰਹਿ ਰਹੇ ਇਕ ਅੰਤਰ-ਧਾਰਮਿਕ ਜੋੜੇ ਦੀ ਪੁਲਿਸ ਸੁਰੱਖਿਆ ਦੀ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਕੀਤੀ। ਨੌਜਵਾਨ ਮੁਸਲਿਮ ਹੈ ਜਦਕਿ ਲੜਕੀ ਹਿੰਦੂ ਧਰਮ ਦੀ ਹੈ। ਅਦਾਲਤ ਨੇ ਉਹਨਾਂ ਦੀ ਪੁਲਿਸ ਸੁਰੱਖਿਆ ਦੀ ਮੰਗ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ।  

ਮੁੱਖ ਤੌਰ 'ਤੇ ਅਦਾਲਤ ਨੇ ਆਪਣੇ ਹੁਕਮਾਂ 'ਚ ਅੱਗੇ ਕਿਹਾ ਕਿ ਅਜਿਹੇ ਜੋੜੇ ਦਾ ਰਿਸ਼ਤਾ ਬਿਨਾਂ ਕਿਸੇ ਸੁਹਿਰਦਤਾ ਦੇ ਵਿਰੋਧੀ ਲਿੰਗ ਪ੍ਰਤੀ ਸਿਰਫ਼ ਖਿੱਚ ਹੈ। ਜ਼ਿੰਦਗੀ ਗੁਲਾਬ ਦਾ ਬਿਸਤਰਾ ਨਹੀਂ ਹੈ, ਬਲਕਿ ਜ਼ਿੰਦਗੀ ਹਰ ਜੋੜੇ ਨੂੰ ਮੁਸ਼ਕਲ ਸਥਿਤੀਆਂ ਅਤੇ ਜ਼ਮੀਨੀ ਹਕੀਕਤਾਂ ਨਾਲ ਪਰਖਦੀ ਹੈ। ਅਜਿਹੇ ਰਿਸ਼ਤੇ ਅਕਸਰ ਸਮਾਂ ਬਿਤਾਉਣ ਵਾਲੇ, ਅਸਥਾਈ ਅਤੇ ਨਾਜ਼ੁਕ ਹੁੰਦੇ ਹਨ।

ਪਟੀਸ਼ਨ ਵਿਚ ਨੱਥੀ ਕੀਤੇ ਤੱਥਾਂ ਦੇ ਅਨੁਸਾਰ, ਨੌਜਵਾਨ ਵਿਰੁੱਧ ਆਈਪੀਸੀ ਦੀ ਧਾਰਾ 366 ਦੇ ਤਹਿਤ ਅਗਵਾ ਕਰਨ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਮੁਲਜ਼ਮ ਖ਼ਿਲਾਫ਼ ਲੜਕੀ ਦੀ ਮਾਸੀ ਨੇ ਸ਼ਿਕਾਇਤ ਦਰਜ ਕਰਵਾਈ ਸੀ। ਅਦਾਲਤ ਵਿਚ ਬਹਿਸ ਦੌਰਾਨ ਪਟੀਸ਼ਨਰ ਦੇ ਵਕੀਲ ਨੇ ਦਲੀਲ ਪੇਸ਼ ਕਰਦਿਆਂ ਕਿਹਾ ਕਿ ਲੜਕੀ ਦੀ ਉਮਰ 20 ਸਾਲ ਤੋਂ ਉਪਰ ਹੈ, ਇਸ ਲਈ ਉਸ ਨੂੰ ਆਪਣੇ ਭਵਿੱਖ ਬਾਰੇ ਫ਼ੈਸਲਾ ਕਰਨ ਦਾ ਪੂਰਾ ਅਧਿਕਾਰ ਹੈ।   

ਲੜਕੀ ਨੇ ਆਪਣੀ ਮਰਜ਼ੀ ਨਾਲ ਮੁਸਲਿਮ ਮੁਲਜ਼ਮ ਨੌਜਵਾਨ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿਣ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ ਸਰਕਾਰੀ ਵਕੀਲ ਨੇ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਕਿ ਮੁਲਜ਼ਮ ਪਹਿਲਾਂ ਹੀ ਉੱਤਰ ਪ੍ਰਦੇਸ਼ ਗੈਂਗਸਟਰ ਐਕਟ ਦੀ ਧਾਰਾ 2/3 ਤਹਿਤ ਦਰਜ ਕੇਸ ਦਾ ਸਾਹਮਣਾ ਕਰ ਰਿਹਾ ਹੈ। ਉਹ ਇੱਕ ਰੋਡ ਰੋਮੀਓ ਅਤੇ ਭਗੌੜਾ ਨੌਜਵਾਨ ਹੈ। ਇਸ ਨਾਲ ਲੜਕੀ ਦਾ ਭਵਿੱਖ ਖ਼ਰਾਬ ਹੋ ਸਕਦਾ ਹੈ ਅਤੇ ਉਸ ਦੀ ਜ਼ਿੰਦਗੀ ਵੀ ਬਰਬਾਦ ਹੋ ਸਕਦੀ ਹੈ। ਆਖਰਕਾਰ ਅਦਾਲਤ ਨੇ ਜਾਂਚ ਦੇ ਪੜਾਅ ਦੌਰਾਨ ਪਟੀਸ਼ਨਰ ਨੂੰ ਕੋਈ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ।