China's pneumonia scare : ਚੀਨ ’ਚ ਬੱਚਿਆਂ ਨੂੰ ਸਾਹ ਦੀਆਂ ਬਿਮਾਰੀਆਂ ਦੇ ਮਾਮਲਿਆਂ ’ਤੇ ਨੇੜਿਉਂ ਨਜ਼ਰ ਰੱਖੀ ਜਾ ਰਹੀ ਹੈ: ਭਾਰਤ ਸਰਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੀਨੀ ਅਧਿਕਾਰੀਆਂ ਨੇ ਕਿਹਾ ਕਿ ਚੀਨ ’ਚ ਕੋਈ ਅਸਾਧਾਰਨ ਜਾਂ ਨਵੀਂ ਬਿਮਾਰੀ ਸਾਹਮਣੇ ਨਹੀਂ ਆਈ ਹੈ

China's pneumonia scare

China's pneumonia scare : ਸਰਕਾਰ ਨੇ ਸ਼ੁਕਰਵਾਰ ਨੂੰ ਕਿਹਾ ਕਿ ਭਾਰਤ ਚੀਨ ਵਿਚ ਫਲੂ ਦੀ ਸਥਿਤੀ ਤੋਂ ਪੈਦਾ ਹੋਣ ਵਾਲੀ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਉਹ ਉੱਤਰੀ ਚੀਨ ’ਚ ਬੱਚਿਆਂ ’ਚ ਸਾਹ ਦੀਆਂ ਬਿਮਾਰੀਆਂ ਅਤੇ ਐਚ9ਐਨ2 ਲਾਗ ਦੇ ਮਾਮਲਿਆਂ ਦੀ ਨੇੜਿਉਂ ਨਿਗਰਾਨੀ ਕਰ ਰਿਹਾ ਹੈ। ਮੰਤਰਾਲੇ ਨੇ ਕਿਹਾ ਕਿ ਭਾਰਤ ਨੂੰ ਏਵੀਅਨ ਇਨਫਲੂਐਂਜ਼ਾ ਦੇ ਮਾਮਲਿਆਂ ਅਤੇ ਚੀਨ ’ਚ ਸਾਹ ਦੀਆਂ ਬਿਮਾਰੀਆਂ ਤੋਂ ਘੱਟ ਜੋਖਮ ਹੈ।

ਮੰਤਰਾਲੇ ਨੇ ਕਿਹਾ ਕਿ ਕੁਝ ਮੀਡੀਆ ਰੀਪੋਰਟਾਂ ’ਚ ਉੱਤਰੀ ਚੀਨ ਅੰਦਰ ਬੱਚਿਆਂ ’ਚ ਸਾਹ ਦੀਆਂ ਬਿਮਾਰੀਆਂ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਬਾਰੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਇਕ ਬਿਆਨ ਜਾਰੀ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਉਪਲਬਧ ਜਾਣਕਾਰੀ ਅਨੁਸਾਰ ਚੀਨ ’ਚ ਪਿਛਲੇ ਕੁਝ ਹਫ਼ਤਿਆਂ ’ਚ ਸਾਹ ਦੀਆਂ ਬਿਮਾਰੀਆਂ ਦੇ ਮਾਮਲੇ ਵਧੇ ਹਨ। ਮੰਤਰਾਲੇ ਨੇ ਕਿਹਾ, ‘‘ਬੱਚਿਆਂ ’ਚ ਸਾਹ ਦੀਆਂ ਬਿਮਾਰੀਆਂ ਦੇ ਆਮ ਕਾਰਨਾਂ ਦੀ ਪਛਾਣ ਕੀਤੀ ਗਈ ਹੈ ਅਤੇ ਕੋਈ ਅਸਾਧਾਰਨ ਜਰਾਸੀਮ ਜਾਂ ਅਚਾਨਕ ਕਲੀਨਿਕਲ ਪੈਟਰਨ ਦੀ ਪਛਾਣ ਨਹੀਂ ਕੀਤੀ ਗਈ ਹੈ।’’

ਉਧਰ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਵਲੋਂ ਚੀਨ ਨੂੰ ਸਾਹ ਦੀਆਂ ਬਿਮਾਰੀਆਂ ਅਤੇ ਨਮੂਨੀਆ ਦੇ ਮਾਮਲਿਆਂ ’ਚ ਸੰਭਾਵੀ ਤੌਰ ’ਤੇ ਚਿੰਤਾਜਨਕ ਵਾਧੇ ਬਾਰੇ ਜਾਣਕਾਰੀ ਦੇਣ ਦੀ ਅਧਿਕਾਰਤ ਬੇਨਤੀ ਕਰਨ ਤੋਂ ਬਾਅਦ, ਚੀਨੀ ਅਧਿਕਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ’ਚ ਕੋਈ ‘ਅਸਾਧਾਰਨ ਜਾਂ ਨਵੀਂ ਬਿਮਾਰੀ’ ਸਾਹਮਣੇ ਨਹੀਂ ਆਈ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਮੀਡੀਆ ਰੀਪੋਰਟਾਂ ਅਤੇ ਉੱਤਰੀ ਚੀਨ ’ਚ ਬੱਚਿਆਂ ਨੂੰ ਪ੍ਰਭਾਵਤ ਕਰਨ ਵਾਲੇ ਅਜੀਬ ਨਮੂਨੀਆ ਬਾਰੇ ਇਕ ਕੌਮਾਂਤਰੀ ਛੂਤ ਵਾਲੀ ਬਿਮਾਰੀ ਨਿਗਰਾਨੀ ਸੇਵਾ ਦੀਆਂ ਰੀਪੋਰਟਾਂ ਦਾ ਹਵਾਲਾ ਦਿਤਾ ਅਤੇ ਇਸ ਹਫ਼ਤੇ ਦੇ ਸ਼ੁਰੂ ’ਚ ਚੀਨ ਨੂੰ ਹੋਰ ਜਾਣਕਾਰੀ ਪ੍ਰਦਾਨ ਕਰਨ ਲਈ ਬੇਨਤੀ ਕੀਤੀ।

ਵਿਗਿਆਨੀ ਕਹਿੰਦੇ ਹਨ ਕਿ ਸਥਿਤੀ ਦੀ ਨੇੜਿਉਂ ਨਿਗਰਾਨੀ ਕਰਨ ਦੀ ਲੋੜ ਹੈ, ਪਰ ਉਹ ਪੱਕਾ ਨਹੀਂ ਕਹਿ ਸਕਦੇ ਕਿ ਕੀ ਚੀਨ ’ਚ ਸਾਹ ਦੀਆਂ ਬਿਮਾਰੀਆਂ ’ਚ ਹਾਲ ਹੀ ’ਚ ਵਾਧਾ ਇਕ ਨਵੀਂ ਕੌਮਾਂਤਰੀ ਲਾਗ ਦੀ ਸ਼ੁਰੂਆਤ ਦਾ ਸੰਕੇਤ ਦਿੰਦਾ ਹੈ। ਮਹਾਂਮਾਰੀ ਫੈਸਲਾ ਸਕਣ ਵਾਲੇ ਕਿਸੇ ਵਾਇਰਸ ਦੀ ਲਾਗ ਦੀ ਸ਼ੁਰੂਆਤ ਆਮ ਤੌਰ ’ਤੇ ਸਾਹ ਦੀ ਬਿਮਾਰੀ ਦੇ ਅਣਜਾਣ ਰੂਪ ਨਾਲ ਸ਼ੁਰੂ ਹੁੰਦੀ ਹੈ। ਸਾਰਸ ਅਤੇ ਕੋਵਿਡ-19 ਦੋਵਾਂ ਨੂੰ ਪਹਿਲਾਂ ਨਿਮੋਨੀਆ ਦੀਆਂ ਅਸਾਧਾਰਨ ਕਿਸਮਾਂ ਵਜੋਂ ਦਰਸਾਇਆ ਗਿਆ ਸੀ। 

 (For more news apart from China's pneumonia scare, stay tuned to Rozana Spokesman)