ਦਿੱਲੀ-ਐੱਨ.ਸੀ.ਆਰ., ਪੰਜਾਬ, ਹਰਿਆਣਾ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਕਮੀ ਆਈ : ਖੇਤੀਬਾੜੀ ਸਕੱਤਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਅਤੇ ਰਾਜਸਥਾਨ ’ਚ ਵਧੀਆਂ

Stubble burning

ਨਵੀਂ ਦਿੱਲੀ : ਖੇਤੀਬਾੜੀ ਸਕੱਤਰ ਦੇਵੇਸ਼ ਚਤੁਰਵੇਦੀ ਨੇ ਸੋਮਵਾਰ ਨੂੰ ਕਿਹਾ ਕਿ ਖੇਤੀ ਮਸ਼ੀਨਰੀ ਅਤੇ ਹੋਰ ਉਪਾਵਾਂ ਲਈ ਸਰਕਾਰ ਦੀ ਸਹਾਇਤਾ ਕਾਰਨ ਇਸ ਸਾਲ ਦਿੱਲੀ-ਐਨ.ਸੀ.ਆਰ., ਪੰਜਾਬ ਅਤੇ ਹਰਿਆਣਾ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਕਮੀ ਆਈ ਹੈ।

ਚਤੁਰਵੇਦੀ ਨੇ ਇਕ ਸਮਾਗਮ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਕਿਸਾਨਾਂ ਨੂੰ ਢੁੱਕਵੇਂ ਉਪਕਰਣ ਅਤੇ ਜ਼ਰੂਰੀ ਦਖਲਅੰਦਾਜ਼ੀ ਮੁਹੱਈਆ ਕਰਵਾਈ ਹੈ। ਉਨ੍ਹਾਂ ਕਿਹਾ, ‘‘ਯਕੀਨਨ... ਮਸ਼ੀਨਰੀ ਮੁਹੱਈਆ ਕਰਵਾਉਣ ਦੀ ਨੀਤੀ ਅਤੇ ਇਨ-ਸੀਟੂ ਅਤੇ ਐਕਸ-ਸੀਟੂ ਉਪਾਵਾਂ ਕਾਰਨ ਦਿੱਲੀ-ਐਨ.ਸੀ.ਆਰ., ਪੰਜਾਬ ਅਤੇ ਹਰਿਆਣਾ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਕਮੀ ਆਈ ਹੈ।’’ ਉਨ੍ਹਾਂ ਕਿਹਾ ਕਿ ਪਿਛਲੇ ਦਸ ਦਿਨਾਂ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਸ਼ਾਇਦ ਹੀ ਹੋਈਆਂ ਹੋਣ। 

ਉੱਤਰੀ ਭਾਰਤ ਵਿਚ ਕਿਸਾਨਾਂ ਵਲੋਂ ਵਾਢੀ ਤੋਂ ਬਾਅਦ ਪਰਾਲੀ ਸਾੜਨਾ ਸਰਦੀਆਂ ਦੇ ਮਹੀਨਿਆਂ ਦੌਰਾਨ ਦਿੱਲੀ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਗੰਭੀਰ ਹਵਾ ਪ੍ਰਦੂਸ਼ਣ ਵਿਚ ਵੱਡਾ ਯੋਗਦਾਨ ਪਾਉਂਦਾ ਹੈ। ਪ੍ਰਦੂਸ਼ਣ ਦੇ ਹੋਰ ਸਰੋਤਾਂ ਬਾਰੇ ਪੁੱਛੇ ਜਾਣ ਉਤੇ ਚਤੁਰਵੇਦੀ ਨੇ ਕਿਹਾ ਕਿ ਹੋਰ ਮੰਤਰਾਲੇ ਟਿਪਣੀ ਕਰਨ ਲਈ ਬਿਹਤਰ ਹਨ। 

ਆਈ.ਸੀ.ਏ.ਆਰ. ਦੇ ਕੰਸੋਰਟੀਅਮ ਫਾਰ ਰੀਸਰਚ ਆਨ ਐਗਰੋਈਕੋਸਿਸਟਮ ਮੋਨੀਟਰਿੰਗ ਐਂਡ ਮਾਡਲਿੰਗ ਫਰੋਮ ਸਪੇਸ (ਕ੍ਰੀਮਜ਼) ਦੇ ਅੰਕੜਿਆਂ ਮੁਤਾਬਕ 15 ਸਤੰਬਰ ਤੋਂ 23 ਨਵੰਬਰ ਦਰਮਿਆਨ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀਆਂ ਘਟਨਾਵਾਂ 15 ਫੀ ਸਦੀ ਘਟ ਕੇ 27,720 ਰਹਿ ਗਈਆਂ ਹਨ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 32,596 ਸਨ। ਹਾਲਾਂਕਿ, ਉੱਤਰ ਪ੍ਰਦੇਸ਼ ਵਿਚ ਜਲਾਉਣ ਦੀਆਂ ਘਟਨਾਵਾਂ 4,298 ਤੋਂ ਵਧ ਕੇ 5,622 ਹੋ ਗਈਆਂ ਅਤੇ ਰਾਜਸਥਾਨ ਵਿਚ 2,622 ਤੋਂ ਵਧ ਕੇ 2,804 ਹੋ ਗਈਆਂ। ਮੱਧ ਪ੍ਰਦੇਸ਼ ’ਚ ਸੱਭ ਤੋਂ ਵੱਧ 13,584 ਘਟਨਾਵਾਂ ਦਰਜ ਕੀਤੀਆਂ ਗਈਆਂ, ਜਦਕਿ ਇਕ ਸਾਲ ਪਹਿਲਾਂ ਇਹ ਘਟਨਾ 13,796 ਸੀ। 

23 ਨਵੰਬਰ ਨੂੰ, ਸੈਟੇਲਾਈਟਾਂ ਨੇ ਛੇ ਸੂਬਿਆਂ ਵਿਚ 1,154 ਰਹਿੰਦ-ਖੂੰਹਦ ਨੂੰ ਸਾੜਨ ਦੀਆਂ ਘਟਨਾਵਾਂ ਦਾ ਪਤਾ ਲਗਾਇਆ, ਜਿਸ ਵਿਚ ਮੱਧ ਪ੍ਰਦੇਸ਼ ਵਿਚ 607 ਅਤੇ ਉੱਤਰ ਪ੍ਰਦੇਸ਼ ਵਿਚ 522 ਸਨ। ਪੰਜਾਬ ਵਿਚ ਤਿੰਨ ਘਟਨਾਵਾਂ ਹੋਈਆਂ, ਹਰਿਆਣਾ ਵਿਚ ਇਕ ਅਤੇ ਦਿੱਲੀ ਵਿਚ ਕੋਈ ਵੀ ਘਟਨਾ ਨਹੀਂ ਹੋਈ।