ਸਰਕਾਰ ਪਹਿਲ ਦੇ ਆਧਾਰ ’ਤੇ  ਲੋਕਾਂ ਨੂੰ ਟੀਕਾ ਲਗਾਉਣ ਲਈ ਪੂਰੀ ਤਿਆਰ: ਕੇਜਰੀਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

50 ਲੱਖ ਤੋਂ ਵੱਧ ਲੋਕਾਂ ਨੂੰ ਦਿੱਲੀ ਵਿਚ ਲੱਗੇਗਾ ਕੋਰੋਨਾ ਟੀਕਾ

Arvind Kejriwal

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਟੀਕਾਕਰਨ ਦੇ ਪਹਿਲੇ ਗੇੜ ਵਿਚ ਟੀਕੇ ਪ੍ਰਾਪਤ ਕਰਨ, ਉਨ੍ਹਾਂ ਨੂੰ ਸਟੋਰ ਕਰਨ ਅਤੇ ਉਨ੍ਹਾਂ ਨੂੰ ਸ਼ਹਿਰ ਵਿਚ ਤਰਜੀਹ ਸ਼੍ਰੇਣੀ ਵਾਲੇ ਲੋਕਾਂ ਨੂੰ ਲਗਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਕੇਜਰੀਵਾਲ ਨੇ ਕਿਹਾ ਕਿ ਕੇਂਦਰ ਵਲੋਂ ਟੀਕਾ ਪ੍ਰਾਪਤ ਹੁੰਦੇ ਹੀ ਸਰਕਾਰ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਤਿੰਨ ਤਰਜੀਹ ਸ਼੍ਰੇਣੀ ਦੇ ਉਨ੍ਹਾਂ ਲੋਕਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਜਾਰੀ ਹੈ, ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਟੀਕਾ ਲਗੇਗਾ। 

ਮੁੱਖ ਮੰਤਰੀ ਨੇ ਇਕ ਡਿਜੀਟਲ ਪ੍ਰੈਸ ਕਾਨਫ਼ਰੰਸ ਵਿਚ ਕਿਹਾ ਕਿ ਦਿੱਲੀ ਵਿਚ ਤਰਜੀਹ ਸ਼੍ਰੇਣੀ ਵਿਚ 51 ਲੱਖ ਲੋਕ ਸ਼ਾਮਲ ਹਨ, ਜਿਨ੍ਹਾਂ ਵਿਚ ਤਿੰਨ ਲੱਖ ਸਿਹਤ ਕਰਮਚਾਰੀ, ਮੋਰਚੇ ’ਤੇ ਕੰਮ ਕਰਨ ਵਾਲੇ ਛੇ ਲੱਖ ਕਾਮੇ, 50 ਸਾਲ ਤੋਂ ਵੱਧ ਉਮਰ ਦੇ ਲੋਕ ਅਤੇ ਕੁਝ ਹੋਰ ਬੀਮਾਰੀ ਨਾਲ ਪੀੜਤ 50 ਸਾਲ ਤੋਂ ਘੱਟ ਉਮਰ ਦੇ 42 ਲੱਖ ਲੋਕ ਹਨ।

ਉਨ੍ਹਾਂ ਕਿਹਾ ਕਿ ਪ੍ਰਾਥਮਿਕਤਾ ਸ਼੍ਰੇਣੀ ਦੇ ਹਰ ਇਕ ਵਿਅਕਤੀ ਨੂੰ ਦੋ ਖੁਰਾਕਾਂ ਦਿਤੀਆਂ ਜਾਣਗੀਆਂ ਅਤੇ ਦਿੱਲੀ ਵਿਚ ਟੀਕਾਕਰਣ ਦੇ ਪਹਿਲੇ ਗੇੜ ਵਿਚ ਕੁਲ 1.02 ਕਰੋੜ ਖੁਰਾਕਾਂ ਦੀ ਲੋੜ ਹੋਏਗੀ। ਕੇਜਰੀਵਾਲ ਨੇ ਕਿਹਾ ਕਿ ਕੋਵਿਡ-19 ਟੀਕਾ ਇਸ ਵੇਲੇ 74 ਲੱਖ ਖੁਰਾਕਾਂ ਦੀ ਭੰਡਾਰਣ ਦੀ ਸਮਰੱਥਾ ਰੱਖਦਾ ਹੈ ਅਤੇ ਇਕ ਹਫ਼ਤੇ ਵਿਚ ਵਧਾ ਕੇ 1.15 ਕਰੋੜ ਕਰ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤਰਜੀਹ ਸ਼੍ਰੇਣੀ ਦੇ ਹਰੇਕ ਵਿਅਕਤੀ ਨੂੰ ਕੋਵਿਡ -19 ਦੇ ਟੀਕੇ ਲਗਾਉਣ ਲਈ ਰਜਿਸਟਰਡ ਕੀਤਾ ਜਾ ਰਿਹਾ ਹੈ। ਜਦੋਂ ਟੀਕਾ ਲਗਵਾਉਣ ਦੀ ਉਨ੍ਹਾਂ ਦੀ ਵਾਰੀ ਆਵੇਗੀ, ਤਾਂ ਉਨ੍ਹਾਂ ਨੂੰ ਇਸ ਬਾਰੇ ਐਸਐਮਐਸ ਅਤੇ ਹੋਰ ਸਾਧਨਾਂ ਰਾਹੀਂ ਸੂਚਿਤ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਟੀਕਾਕਰਨ ਲਈ ਲੋੜੀਂਦੇ ਕਰਮਚਾਰੀਆਂ, ਅਧਿਕਾਰੀਆਂ ਅਤੇ ਸਿਹਤ ਕਰਮਚਾਰੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਟੀਕਾਕਰਨ ਮੁਹਿੰਮ ਦੀ ਸਿਖਲਾਈ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਥਾਵਾਂ ਤੇ ਟੀਕਾ ਲਗਾਇਆ ਜਾਵੇਗਾ, ਉਹ ਜਗ੍ਹਾ ਤਿਆਰ ਕਰ ਲਈ ਗਈ ਹੈ।
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਪਿਛਲੇ ਦਿਨਾਂ ਵਿਚ ਕੋਵਿਡ-19 ਸਬੰਧੀ ਹਾਲਾਤ ਵਿਚ ਸੁਧਾਰ ਆਇਆ ਹੈ, ਪਰ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ਉੱਤੇ ਹਨ ਕਿ ਟੀਕਾ ਕਦੋਂ ਮਿਲੇਗਾ ਅਤੇ ਕੁਝ ਲੋਕ ਇਸ ਵਾਇਰਸ ਤੋਂ ਛੁਟਕਾਰਾ ਪਾਉਣਗੇ।