Rahul Gandhi: ਸਬਜ਼ੀ ਮੰਡੀ ਪਹੁੰਚੇ ਰਾਹੁਲ ਗਾਂਧੀ: ਵੀਡੀਓ ਸ਼ੇਅਰ ਕਰਦੇ ਹੋਏ ਕਿਹਾ, ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ

ਏਜੰਸੀ

ਖ਼ਬਰਾਂ, ਰਾਸ਼ਟਰੀ

Rahul Gandhi: ਕਿਹਾ, ਲੱਸਣ 400 ਰੁਪਏ ਤੇ ਮਟਰ 120 ਰੁਪਏ ਕਿਲੋ, ਕੀ ਖਾਣਗੇ ਤੇ ਕੀ ਬਚਾਉਣਗੇ ਲੋਕ ?

Rahul Gandhi reaches vegetable market: sharing video, said, inflation has ruined people's kitchen budget

 

Rahul Gandhi: ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਸਬਜ਼ੀਆਂ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਾਇਆ ਕਿ ਆਮ ਲੋਕਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ ਪਰ ਸਰਕਾਰ ਕੁੰਭਕਰਨ ਵਾਂਗ ਸੁੱਤੀ ਪਈ ਹੈ। ਰਾਹੁਲ ਗਾਂਧੀ ਨੇ ਦਿੱਲੀ ਦੇ ਕਾਲਕਾਜੀ ਇਲਾਕੇ ਦੀ ਸਬਜ਼ੀ ਮੰਡੀ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਮੰਗਲਵਾਰ ਨੂੰ ਅਪਣੇ ਵੱਖ-ਵੱਖ ਸੋਸ਼ਲ ਮੀਡੀਆ ਹੈਂਡਲਸ 'ਤੇ ਇਸ ਦਾ ਵੀਡੀਓ ਜਾਰੀ ਕੀਤਾ।

ਸਾਬਕਾ ਕਾਂਗਰਸ ਪ੍ਰਧਾਨ ਨੇ ਇਸ ਵੀਡੀਓ ਨੂੰ ਅਪਣੇ ਯੂਟਿਊਬ ਚੈਨਲ 'ਤੇ ਪੋਸਟ ਕਰਦੇ ਹੋਏ ਲਿਖਿਆ, ''ਕੁਝ ਦਿਨ ਪਹਿਲਾਂ ਮੈਂ ਸਥਾਨਕ ਸਬਜ਼ੀ ਮੰਡੀ 'ਚ ਪਹੁੰਚ ਕੇ ਗਾਹਕਾਂ ਨਾਲ ਖ੍ਰੀਦਦਾਰੀ ਕਰਦੇ ਹੋਏ ਵਿਕਰੇਤਾਵਾਂ ਨਾਲ ਗੱਲਬਾਤ ਕੀਤੀ। ਇਹ ਜਾਣਿਆ ਕਿ ਕਿਵੇਂ ਆਮ ਲੋਕਾਂ ਦਾ ਬਜਟ ਵਿਗੜ ਰਿਹਾ ਹੈ । ਮਹਿੰਗਾਈ ਨੇ ਕਿਵੇਂ ਸਾਰਿਆਂ ਨੂੰ ਪਰੇਸ਼ਾਨ ਕਰ ਦਿਤਾ ਹੈ. ਲੋਕ ਵਧਦੀਆਂ ਕੀਮਤਾਂ ਨਾਲ ਜੂਝ ਰਹੇ ਹਨ ਅਤੇ ਆਮ ਲੋੜਾਂ ਦੀਆਂ ਛੋਟੀਆਂ ਚੀਜ਼ਾਂ ਨਾਲ ਸਮਝੌਤਾ ਕਰਨ ਲਈ ਮਜਬੂਰ ਹਨ।

ਉਨ੍ਹਾਂ ਕਿਹਾ, ''ਅਸੀਂ ਲਸਣ, ਮਟਰ, ਮਸ਼ਰੂਮ ਅਤੇ ਹੋਰ ਸਬਜ਼ੀਆਂ ਦੇ ਭਾਅ 'ਤੇ ਚਰਚਾ ਕੀਤੀ ਅਤੇ ਲੋਕਾਂ ਦੇ ਅਸਲ ਅਨੁਭਵ ਸੁਣੇ। ਕਿਸ ਤਰ੍ਹਾਂ 400 ਰੁਪਏ ਕਿਲੋ ਲੱਸਣ ਅਤੇ 120 ਰੁਪਏ ਪ੍ਰਤੀ ਕਿਲੋ ਮਟਰ ਨੇ ਸਾਰਿਆਂ ਦਾ ਬਜਟ ਹਿਲਾ ਕੇ ਰੱਖ ਦਿਤਾ ਹੈ। ਲੋਕ ਕੀ ਖਾਣਗੇ ਅਤੇ ਕੀ ਬਚਾਉਣਗੇ । "
ਉਨ੍ਹਾਂ ਮੁਤਾਬਕ ਚਾਹ 'ਤੇ ਗੱਲ ਕਰਦਿਆਂ ਉਨ੍ਹਾਂ ਨੇ ਗ੍ਰਹਿਣੀਆਂ ਦੀ ਜ਼ਿੰਦਗੀ ਦੀਆਂ ਸਮੱਸਿਆਵਾਂ ਬਾਰੇ ਨੇੜਿਓਂ ਜਾਣਿਆ, ਕਿਵੇਂ ਆਮਦਨ ਵਿਚ ਖੜੋਤ ਆਈ ਹੈ ਅਤੇ ਮਹਿੰਗਾਈ ਲਗਾਤਾਰ ਵਧ ਰਹੀ ਹੈ, ਕਿਵੇਂ ਬੱਚਤ ਕਰਨਾ ਅਸੰਭਵ ਹੋ ਗਿਆ ਹੈ ਅਤੇ ਖਾਣ-ਪੀਣ ਦੇ ਖ਼ਰਚੇ ਪੂਰੇ ਕਰਨ ਲਈ ਕਿਵੇਂ 10 ਰੁਪਏ ਰਿਕਸ਼ਾ ਦਾ ਕਿਰਾਇਆ ਵੀ ਇਕੱਠਾ ਕਰਨਾ ਔਖਾ ਹੋ ਗਿਆ ਹੈ।

ਰਾਹੁਲ ਨੇ ਕਿਹਾ, "ਤੁਸੀਂ ਵੀ ਮਹਿੰਗਾਈ ਦਾ ਅਸਰ ਮਹਿਸੂਸ ਕਰ ਰਹੇ ਹੋ। ਸਾਨੂੰ ਦੱਸੋ, ਤੁਸੀਂ ਇਸ ਸਮੱਸਿਆ ਨਾਲ ਕਿਵੇਂ ਜੂਝ ਰਹੇ ਹੋ- ਤੁਸੀਂ ਪਹਿਲਾਂ ਹੀ ਬਾਜ਼ਾਰ ਦੀ ਹਾਲਤ ਜਾਣਦੇ ਹੋ। ਤੁਸੀਂ ਅਪਣੇ ਨਿਜੀ ਅਨੁਭਵ ਵੀ ਸਾਡੇ ਨਾਲ ਸਾਂਝੇ ਕਰੋ।" ਰਾਹੁਲ ਗਾਂਧੀ ਨੇ ਇਸ ਵੀਡੀਓ ਨੂੰ 'ਐਕਸ' 'ਤੇ ਪੋਸਟ ਕੀਤਾ ਅਤੇ ਦੋਸ਼ ਲਗਾਇਆ, "ਵਧਦੀ ਮਹਿੰਗਾਈ ਨੇ ਆਮ ਆਦਮੀ ਦਾ ਰਸੋਈ ਦਾ ਬਜਟ ਵਿਗਾੜ ਦਿਤਾ ਹੈ - ਸਰਕਾਰ ਕੁੰਭਕਰਨ ਵਾਂਗ ਸੌਂ ਰਹੀ ਹੈ।"