ਮੱਧ ਪ੍ਰਦੇਸ਼ ਦੀ ਵੋਟਰ ਸੂਚੀ ਵਿਚੋਂ 42.74 ਲੱਖ ਨਾਂ ਹਟਾਏ
g ਛੱਤੀਸਗੜ੍ਹ ’ਚ 27 ਲੱਖ ਅਤੇ ਕੇਰਲ ’ਚ 24 ਲੱਖ ਨਾਮ ਹਟੇ
ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਮੱਧ ਪ੍ਰਦੇਸ਼ ਦੀ ਐਸ.ਆਈ.ਆਰ. ਵੋਟਰ ਸੂਚੀ ਦਾ ਖਰੜਾ ਜਾਰੀ ਕੀਤਾ, ਜਿਸ ’ਚੋਂ 42.74 ਲੱਖ ਨਾਮ ਹਟਾ ਦਿਤੇ ਗਏ ਹਨ। ਇਨ੍ਹਾਂ ’ਚੋਂ 19.19 ਲੱਖ ਪੁਰਸ਼ ਅਤੇ 23.64 ਲੱਖ ਔਰਤਾਂ ਹਨ। ਸੂਚੀ ਵਿਚ 8.46 ਲੱਖ ਮ੍ਰਿਤਕ, 8.42 ਲੱਖ ਗੈਰਹਾਜ਼ਰ, 22.78 ਲੱਖ ਸੂਬਾ ਛੱਡਣ ਵਾਲੇ ਅਤੇ 2.76 ਲੱਖ ਡੁਪਲੀਕੇਟ ਪਾਏ ਗਏ। ਇਸ ਤੋਂ ਇਲਾਵਾ ਕੇਰਲ ਅਤੇ ਛੱਤੀਸਗੜ੍ਹ ਦੀ ਖਰੜਾ ਸੂਚੀ ਵੀ ਜਾਰੀ ਕੀਤੀ ਗਈ ਹੈ।
ਕੇਰਲ ’ਚ 24.08 ਲੱਖ ਅਤੇ ਛੱਤੀਸਗੜ੍ਹ ’ਚ 27.34 ਲੱਖ ਨਾਵਾਂ ਨੂੰ ਸੂਚੀ ਵਿਚੋਂ ਹਟਾ ਦਿਤਾ ਗਿਆ ਹੈ। ਛੱਤੀਸਗੜ੍ਹ ’ਚ 6.42 ਲੱਖ ਵੋਟਰਾਂ ਦੀ ਮੌਤ ਹੋ ਚੁਕੀ ਹੈ। 19.13 ਲੱਖ ਨੂੰ ਕਿਸੇ ਹੋਰ ਜਗ੍ਹਾ ਉਤੇ ਤਬਦੀਲ ਕਰ ਦਿਤਾ ਗਿਆ ਅਤੇ 1.79 ਲੱਖ ਡੁਪਲੀਕੇਟ ਪਾਏ ਗਏ। ਕੇਰਲ ਵਿਧਾਨ ਸਭਾ ਦੀਆਂ ਸਾਰੀਆਂ 140 ਸੀਟਾਂ ਲਈ 2026 ਵਿਚ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ 7 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਪਛਮੀ ਬੰਗਾਲ, ਰਾਜਸਥਾਨ, ਤਾਮਿਲਨਾਡੂ, ਗੁਜਰਾਤ, ਗੋਆ, ਲਕਸ਼ਦੀਪ ਅਤੇ ਪੁਡੂਚੇਰੀ ਦੀ ਵੋਟਰ ਸੂਚੀ ਦਾ ਖਰੜਾ ਜਾਰੀ ਕੀਤਾ ਸੀ।
ਇਨ੍ਹਾਂ ਸੂਬਿਆਂ ’ਚ, ਕੁਲ 2 ਕਰੋੜ 70 ਲੱਖ ਤੋਂ ਵੱਧ ਨਾਮ ਵੱਖ-ਵੱਖ ਕਾਰਨਾਂ ਕਰ ਕੇ ਹਟਾਏ ਗਏ ਸਨ। ਇਨ੍ਹਾਂ ਵਿਚੋਂ ਤਾਮਿਲਨਾਡੂ ਤੋਂ 97 ਲੱਖ, ਗੁਜਰਾਤ ਤੋਂ 73 ਲੱਖ, ਬੰਗਾਲ ਦੇ 58 ਲੱਖ ਅਤੇ ਰਾਜਸਥਾਨ ਤੋਂ 44 ਲੱਖ ਨਾਮਾਂ ਨੂੰ ਵੋਟਰ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ। 17 ਦਸੰਬਰ ਨੂੰ ਜਾਰੀ ਖਰੜਾ ਸੂਚੀ ਵਿਚ ਪਛਮੀ ਬੰਗਾਲ ਅੰਦਰ ਸੱਭ ਤੋਂ ਵੱਧ ਨਾਮ ਹਟਾਏ ਗਏ ਸਨ। ਪਛਮੀ ਬੰਗਾਲ ’ਚ 58,20,898 ਵੋਟਰਾਂ ਦੇ ਨਾਂ ਹਟਾ ਦਿਤੇ ਗਏ ਹਨ। ਇਨ੍ਹਾਂ ਵਿਚੋਂ 24,16,852 ਨਾਂ ਮਰੇ ਹੋਏ ਵੋਟਰਾਂ ਦੇ ਹਨ। (ਏਜੰਸੀ)