ਭਾਰਤ ਦਾ ਸਭ ਤੋਂ ਭਾਰੀ ਬਾਹੂਬਲੀ ਰਾਕੇਟ ਲਾਂਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਕੀਤਾ ਲਾਂਚ

India's heaviest Bahubali rocket launched

ਸ੍ਰੀਹਰੀਕੋਟਾ : ਭਾਰਤ ਦਾ ਸਭ ਤੋਂ ਭਾਰੀ ‘ਬਾਹੂਬਲੀ’ ਰਾਕੇਟ ਐਲ.ਵੀ.ਐਮ. 3-ਐਮ. 6 ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਅੱਜ ਬੁੱਧਵਾਰ ਨੂੰ ਸਵੇਰੇ 8:55:30 ਵਜੇ  ਲਾਂਚ ਕੀਤਾ ਗਿਆ। ਇਸਰੋ ਦੇ ਅਨੁਸਾਰ ਹਜ਼ਾਰਾਂ ਸਰਗਰਮ ਉਪਗ੍ਰਹਿ ਸ੍ਰੀਹਰੀਕੋਟਾ ਪੁਲਾੜ ਖੇਤਰ ਦੇ ਉੱਪਰੋਂ ਲਗਾਤਾਰ ਲੰਘ ਰਹੇ ਹਨ ਤੇ ਉਡਾਣ ਦੇ ਰਸਤੇ 'ਤੇ ਮਲਬੇ ਜਾਂ ਹੋਰ ਉਪਗ੍ਰਹਿਆਂ ਨਾਲ ਟਕਰਾਉਣ ਦੇ ਖਤਰੇ ਕਾਰਨ ਮਿਸ਼ਨ ਦਾ ਲਾਂਚ ਸਮਾਂ 90 ਸਕਿੰਟ ਵਧਾ ਦਿੱਤਾ ਗਿਆ। ਇਹ ਮਿਸ਼ਨ ਇਸਰੋ ਅਤੇ ਅਮਰੀਕੀ ਕੰਪਨੀ ਸਪੇਸਮੋਬਾਈਲ ਵਿਚਕਾਰ ਇਕ ਵਪਾਰਕ ਸਮਝੌਤੇ ਦਾ ਹਿੱਸਾ ਹੈ। ਇਸ ਸਮਝੌਤੇ ਦੇ ਤਹਿਤ ਇਸਰੋ ਰਾਕੇਟ ਦੀ ਵਰਤੋਂ ਕਰਕੇ ਬਲੂਬਰਡ ਬਲਾਕ-2 ਸੈਟੇਲਾਈਟ ਨੂੰ ਲੋ-ਅਰਥ ਔਰਬਿਟ ਵਿਚ ਲਾਂਚ ਕਰੇਗਾ। ਇਹ ਇਕ ਅਗਲੀ ਪੀੜ੍ਹੀ ਦਾ ਸੰਚਾਰ ਉਪਗ੍ਰਹਿ ਹੈ ਜੋ ਦੁਨੀਆ ਭਰ ਦੇ ਸਮਾਰਟਫੋਨਾਂ ਨੂੰ ਸਿੱਧੇ ਹਾਈ-ਸਪੀਡ ਸੈਲੂਲਰ ਬ੍ਰਾਡਬੈਂਡ ਸੇਵਾ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ।

ਇਸ ਨਾਲ 4ਜੀ ਅਤੇ 5ਜੀ ਵੌਇਸ ਕਾਲਾਂ, ਵੀਡੀਓ ਕਾਲਾਂ, ਮੈਸੇਜਿੰਗ ਅਤੇ ਡਾਟਾ ਸੇਵਾਵਾਂ ਦੁਨੀਆ ਵਿਚ ਕਿਤੇ ਵੀ ਉਪਲਬਧ ਕਰਵਾਈਆਂ ਜਾ ਸਕਣਗੀਆਂ। ਕਿਸੇ ਵੀ ਸਮਾਰਟਫੋਨ ਦੀ ਵਰਤੋਂ ਕਰਕੇ ਸਿੱਧੇ ਪੁਲਾੜ ਤੋਂ ਕਾਲਾਂ ਕੀਤੀਆਂ ਜਾ ਸਕਦੀਆਂ ਹਨ। ਹਾਲਾਂਕਿ ਵਰਤਮਾਨ ਵਿਚ ਜਹਾਜ਼ ਤੋਂ ਕਾਲਾਂ ਨਹੀਂ ਕੀਤੀਆਂ ਜਾ ਸਕਦੀਆਂ ਕਿਉਂਕਿ ਇਹ ਨੈਵੀਗੇਸ਼ਨ ਪ੍ਰਣਾਲੀਆਂ ਨੂੰ ਪ੍ਰਭਾਵਿਤ ਕਰਦਾ ਹੈ।

6100 ਕਿਲੋਗ੍ਰਾਮ ਦਾ ਬਲੂਬਰਡ ਬਲਾਕ-2, LVM3 ਰਾਕੇਟ ਦੇ ਜ਼ਰੀਏ ਲੋ ਅਰਥ ਔਰਬਿਟ ਵਿੱਚ ਭੇਜਿਆ ਜਾਣ ਵਾਲਾ ਹੁਣ ਤੱਕ ਦਾ ਸਭ ਤੋਂ ਭਾਰੀ ਪੇਲੋਡ ਹੋਵੇਗਾ। ਇਸ ਤੋਂ ਪਹਿਲਾਂ ਸਭ ਤੋਂ ਭਾਰੀ ਪੇਲੋਡ LVM3-M5 ਕਮਿਊਨੀਕੇਸ਼ਨ ਸੈਟੇਲਾਈਟ 03 ਸੀ, ਜਿਸ ਦਾ ਭਾਰ ਲਗਭਗ 4400 ਕਿਲੋਗ੍ਰਾਮ ਸੀ। ਇਸ ਨੂੰ ਨਵੰਬਰ 2024 ਵਿੱਚ GTO ਵਿੱਚ ਲਾਂਚ ਕੀਤਾ ਗਿਆ ਸੀ।

ਭਾਰੀ ਭਾਰ ਕਾਰਨ ਜਨਤਾ ਅਤੇ ਮੀਡੀਆ ਨੇ ਪ੍ਰਸਿੱਧ ਫਿਲਮ ਬਾਹੂਬਲੀ ਤੋਂ ਪ੍ਰੇਰਿਤ ਹੋ ਕੇ ਇਸਰੋ ਦੇ LVM3 ਨੂੰ 'ਬਾਹੂਬਲੀ ਰਾਕੇਟ' ਨਾਮ ਦਿੱਤਾ ਹੈ । LVM3 ਰਾਕੇਟ ਨੇ ਇਸ ਤੋਂ ਪਹਿਲਾਂ ਚੰਦਰਯਾਨ-2, ਚੰਦਰਯਾਨ-3 ਅਤੇ OneWeb ਦੇ ਦੋ ਮਿਸ਼ਨਾਂ ਨੂੰ ਸਫਲਤਾਪੂਰਵਕ ਲਾਂਚ ਕੀਤਾ ਹੈ, ਜਿਨ੍ਹਾਂ ਵਿੱਚ ਕੁੱਲ 72 ਸੈਟੇਲਾਈਟ ਔਰਬਿਟ ਵਿੱਚ ਸਥਾਪਿਤ ਕੀਤੇ ਗਏ ਸਨ।

ਇਸਰੋ ਅਨੁਸਾਰ 43.5 ਮੀਟਰ ਉੱਚਾ LVM3 ਰਾਕੇਟ ਤਿੰਨ ਚਰਨਾਂ ਵਾਲਾ ਹੈ ਅਤੇ ਇਸ ਵਿੱਚ ਕ੍ਰਾਇਓਜੈਨਿਕ ਇੰਜਣ ਦਾ ਵਰਤੋਂ ਕੀਤਾ ਗਿਆ ਹੈ। ਰਾਕੇਟ ਨੂੰ ਲਿਫਟ-ਆਫ ਲਈ ਦੋ S200 ਸਾਲਿਡ ਬੂਸਟਰ ਥ੍ਰਸਟ ਦਿੰਦੇ ਹਨ। ਲਾਂਚ ਤੋਂ ਲਗਭਗ 15 ਮਿੰਟ ਬਾਅਦ ਸੈਟੇਲਾਈਟ ਦੇ ਰਾਕੇਟ ਤੋਂ ਵੱਖ ਹੋਣ ਦੀ ਉਮੀਦ ਹੈ।