ਭਾਜਪਾ ਨੂੰ 2017-18 ਦੌਰਾਨ ਅਣਪਛਾਤੇ ਸਾਧਨਾਂ ਤੋਂ ਮਿਲੇ 553 ਕਰੋੜ : ਰੀਪੋਰਟ
2017-18 ਵਿਚ ਕੌਮੀ ਦਲਾਂ ਦੇ ਕੋਲ ਲਗਭਗ 50 ਫ਼ੀ ਸਦੀ ਫ਼ੰਡ ਅਣਪਛਾਤੇ ਸਾਧਨਾਂ ਤੋਂ ਹਾਸਲ ਹੋਇਆ ਹੈ। ਜਿਸ ਵਿਚ ਸੱਭ ਤੋਂ ਵੱਧ ਫ਼ੰਡ ਭਾਜਪਾ ਨੂੰ ਹਾਸਲ ਹੋਇਆ।
ਨਵੀਂ ਦਿੱਲੀ : ਸਿਆਸੀ ਦਲਾਂ ਨੂੰ ਚੋਣ ਲੜਨ ਲਈ ਫ਼ੰਡ ਦੀ ਲੋੜ ਪੈਂਦੀ ਹੈ। ਵੱਡੇ ਪੱਧਰ 'ਤੇ ਇਹ ਫ਼ੰਡ ਚੰਦਾ ਇੱਕਠਾ ਕਰ ਕੇ ਜੋੜਿਆ ਜਾਂਦਾ ਹੈ। ਵਿੱਤੀ ਸਾਲ 2017-18 ਵਿਚ ਕੌਮੀ ਦਲਾਂ ਦੇ ਕੋਲ ਲਗਭਗ 50 ਫ਼ੀ ਸਦੀ ਫ਼ੰਡ ਅਣਪਛਾਤੇ ਸਾਧਨਾਂ ਤੋਂ ਹਾਸਲ ਹੋਇਆ ਹੈ। ਜਿਸ ਵਿਚ ਸੱਭ ਤੋਂ ਵੱਧ ਫ਼ੰਡ ਭਾਜਪਾ ਨੂੰ ਹਾਸਲ ਹੋਇਆ। ਖ਼ਬਰਾਂ ਮੁਤਾਬਕ ਇਲੈਕਸ਼ਨ ਵਾਚਡਾਗ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ ਦੀ ਰੀਪੋਰਟ ਵਿਚ ਕਿਹਾ ਗਿਆ ਹੈ,
ਕਿ ਇਸ ਫ਼ੰਡ ਵਿਚ ਚੋਣ ਬਾਂਡ ਅਤੇ ਸਵੈ ਇੱਛਕ ਤਰੀਕੇ ਨਾਲ ਦਿਤਾ ਗਿਆ ਫ਼ੰਡ ਵੀ ਸ਼ਾਮਲ ਹੈ। ਪਿਛਲੇ 14 ਸਾਲਾਂ ਦੌਰਾਨ ਕੌਮੀ ਦਲਾਂ ਨੇ 8721.14 ਕਰੋੜ ਰੁਪਏ ਵਿੱਤੀ ਸਾਲ 2017-18 ਵਿਚ ਹੀ ਹਾਸਲ ਕੀਤੇ ਹਨ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ ਦੇ ਬੁਲਾਰੇ ਨੇ ਕਿਹਾ ਕਿ ਇਨਕਮ ਟੈਕਸ ਰਿਟਰਨ ਅਤੇ
ਡੋਨੇਸ਼ਨ ਸਟੇਟਮੈਂਟ ਆਫ਼ ਇੰਡੀਆ ਦੇ ਨਾਲ ਦਾਖਲ ਕੀਤੇ ਗਏ ਬਿਆਨਾਂ ਦੀ ਸਮੀਖਿਆ ਤੋਂ ਪਤਾ ਲਗਦਾ ਹੈ, ਕਿ ਇਹ ਸਰੋਤ ਬਹੁਤ ਹੱਦ ਤੱਕ ਅਣਪਛਾਤੇ ਹਨ। ਇਸ ਦੇ ਮੁਤਾਬਕ 2017-18 ਵਿਚ ਭਾਜਪਾ, ਕਾਂਗਰਸ, ਸੀਪੀਆਈ, ਬਸਪਾ, ਟੀਐਮਸੀ ਅਤੇ ਐਨਸੀਪੀ ਦੀ ਆਮਦਨ 1293.05 ਕਰੋੜ ਰੁਪਏ ਸੀ। ਉਥੇ ਹੀ ਇਸ ਆਮਦਨ ਵਿਚ 467.13 ਕਰੋੜ ਭਾਵ ਕਿ ਲਗਭਗ 36 ਫ਼ੀ ਸਦੀ ਆਮਦਨ ਅਣਪਛਾਤੇ ਦਾਨੀਆਂ ਤੋਂ ਹਾਸਲ ਹੋਈ ਸੀ।
ਉਥੇ ਹੀ 2017-18 ਦੌਰਾਨ ਭਾਜਪਾ ਨੇ 553.38 ਕੋਰੜ ਰੁਪਏ ਅਣਪਛਾਤੇ ਸਾਧਨਾਂ ਤੋਂ ਹਾਸਲ ਹੋਣ ਦੀ ਗੱਲ ਕਹੀ ਹੈ, ਜੋ ਕਿ ਕੌਮੀ ਦਲਾਂ ਦੀ ਕੁਲ ਆਮਦਨ ਦਾ 80 ਫ਼ੀ ਸਦੀ ਹੈ। ਭਾਜਪਾ ਦੀ ਆਮਦਨ ਦੇਸ਼ ਦੇ ਹੋਰਨਾਂ ਪੰਜ ਕੌਮੀ ਦਲਾਂ ਰਾਹੀਂ ਐਲਾਨੀ ਅਣਪਛਾਤੇ ਸਰੋਤਾਂ ਤੋਂ ਹੋਣ ਵਾਲੀ ਕੁਲ ਆਮਦਨ ਤੋਂ ਚਾਰ ਗੁਣਾ ਤੋਂ ਵੱਧ ਹੈ।
689.44 ਕਰੋੜ ਰੁਪਏ ਵਿਚੋਂ ਚੋਣ ਬਾਂਡ ਤੋਂ ਆਮਦਨੀ ਦਾ ਹਿੱਸਾ 215 ਕਰੋੜ ( 31 ਫ਼ੀ ਸਦੀ ) ਸੀ। ਉਥੇ ਹੀ ਵਿੱਤੀ ਸਾਲ 2004-05 ਅਤੇ 2017-18 ਵਿਚਕਾਰ ਕੂਪਨ ਦੀ ਵਿਕਰੀ ਤੋਂ ਕਾਂਗਰਸ ਅਤੇ ਐਨਸੀਪੀ ਦੀ ਸਾਂਝੀ ਆਮਦਨ 3573.53 ਕਰੋੜ ਰੁਪਏ ਹੈ।