ਪਾਕਿ ਸਰਕਾਰ ਨਾਲ ਅਧਿਕਾਰਤ ਗੱਲ ਕਰਨ ਕੈਪਟਨ : ਸਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਸਿੱਖਾਂ ਸਣੇ ਗੈਰ ਸਿੱਖਾਂ ਨੂੰ ਵੀ ਪ੍ਰਵਾਨਗੀ ਦੇਣ ਦੀ ਮੰਗ ਕਰਨ ਦੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਝਾਅ.....

Paramjit Singh Sarna

ਨਵੀਂ ਦਿੱਲੀ : ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਸਿੱਖਾਂ ਸਣੇ ਗੈਰ ਸਿੱਖਾਂ ਨੂੰ ਵੀ ਪ੍ਰਵਾਨਗੀ ਦੇਣ ਦੀ ਮੰਗ ਕਰਨ ਦੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਝਾਅ ਨਾਲ ਸਹਿਮਤੀ ਪ੍ਰਗਟਾਉਂਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਕੈਪਟਨ ਸਰਕਾਰ ਨੂੰ ਸੁਝਾਅ ਦਿਤਾ ਹੈ ਕਿ ਉਹ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨਾਲ ਮਿਲ ਕੇ, ਕਰਤਾਰਪੁਰ ਸਾਹਿਬ ਗਲਿਆਰਾ ਮੁਕੰਮਲ ਕਰਨ ਦੇ ਪ੍ਰਾਜੈਕਟ ਨੂੰ ਸਿਰੇ ਚੜ੍ਹਾਉਣ ਤੇ ਪਾਕਿਸਤਾਨ ਦਾ ਦੌਰਾ ਕਰ ਕੇ, ਗਲਿਆਰੇ ਦੇ ਕੰਮ ਦੀ ਪੜਚੋਲ ਕਰਨ। 

ਉਨਾਂ੍ਹ ਕਿਹਾ, “ਕਰਤਾਰਪੁਰ ਸਾਹਿਬ ਨੂੰ ਖ਼ਾਸਤੌਰ 'ਤੇ ਸਿੱਖਾਂ ਲਈ ਖੋਲ੍ਹੇ ਜਾਣ ਦੀ ਮੰਗ ਨੂੰੰ ਪ੍ਰਵਾਨ ਕੀਤਾ ਗਿਆ ਹੈ, ਪਰ ਜੇ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਹਨ ਕਿ ਹੋਰਨਾਂ ਭਾਈਚਾਰਿਆਂ ਨੂੰ ਵੀ ਦਰਸ਼ਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਤਾਂ ਇਸ ਬਾਰੇ ਸਰਕਾਰ ਨੂੰ ਅਪਣੀ ਤਜਵੀਜ਼ ਤੇ ਸਿਫ਼ਾਰਸ਼ ਅਧਿਕਾਰਤ ਤੌਰ 'ਤੇ ਪਾਕਿਸਤਾਨ ਸਰਕਾਰ ਸਾਹਮਣੇ ਰੱਖਣੀ ਚਾਹੀਦੀ ਹੈ ਕਿਉਂਕਿ ਇਸ ਮਸਲੇ ਬਾਰੇ ਮੀਡੀਆ ਦੀ ਬਜਾਏ ਦੋਹਾਂ ਮੁਲਕਾਂ ਦੀ ਸਰਕਾਰਾਂ ਵਿਚ ਰਸਮੀ ਗੱਲਬਾਤ ਹੋਣੀ ਲਾਜ਼ਮੀ ਹੈ।“

ਸ.ਸਰਨਾ ਨੇ ਕਿਹਾ, ਇਸ ਵਾਸਤੇ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨਾਲ ਫੋਨ 'ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਗੱਲ ਹੋ ਨਹੀਂ ਸਕੀ। ਉਨਾਂ੍ਹ ਕਿਹਾ ਕਿ ਕੈਪਟਨ ਨੂੰ ਚਾਹੀਦਾ ਹੈ ਕਿ ਉਨਾਂ੍ਹ ਨੂੰ  ਪਾਕਿਸਤਾਨ ਜਾ ਕੇ, ਪੂਰੇ ਮਸਲੇ ਬਾਰੇ ਗੱਲਬਾਤ ਕਰ ਕੇ, ਹਿੰਦੂਆਂ ਤੇ ਹੋਰਨਾਂ ਭਾਈਚਾਰਿਆਂ ਲਈ ਵੀ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਵੀਜ਼ਾ ਮੁਕਤ ਯਾਤਰਾ ਕਰਨ ਦੀ ਤਜਵੀਜ਼ ਪੇਸ਼ ਕਰਨੀ ਚਾਹੀਦੀ ਹੈ।