ਤੇਲੰਗਾਨਾ ਕਾਂਗਰਸ ਵਲੋਂ ਦਰੋਪਦੀ ਚੀਰਹਰਣ ਦੀ ਤੁਲਨਾ ਲੋਕਤੰਤਰ ਨਾਲ ਕਰਨ 'ਤੇ ਭੜਕੀ ਭਾਜਪਾ
ਕਾਂਗਰਸ ਕਮੇਟੀ ਚੋਣ ਤਾਲਮੇਲ ਕਮੇਟੀ ਦੇ ਮੁਖੀ ਐਮ ਸ਼ਸ਼ੀਧਰ ਰੈਡੀ ਨੇ ਕਿਹਾ ਕਿ ਮਾਫੀ ਦਾ ਤਾਂ ਸਵਾਲ ਹੀ ਨਹੀਂ ਹੈ।
ਵਿਜੇਵਾੜਾ : ਤੇਲੰਗਾਨਾ ਵਿਚ ਕਾਂਗਰਸ ਪਾਰਟੀ ਦੇ ਇਕ ਪੋਸਟਰ ਤੋਂ ਵਿਵਾਦ ਪੈਦਾ ਹੋ ਸਕਦਾ ਹੈ। ਇਸ ਪੋਸਟਰ ਵਿਚ ਰਾਜ ਦੇ ਲੋਕਤੰਤਰ ਦੀ ਤੁਲਨਾ ਮਹਾਂਭਾਰਤ ਦੇ ਦਰੋਪਦੀ ਚੀਰਹਰਣ ਨਾਲ ਕੀਤੀ ਗਈ ਹੈ। ਪੋਸਟਰ ਵਿਚ ਤੇਲੰਗਾਨਾ ਰਾਸ਼ਟਰ ਸੰਮਤੀ ਦੇ ਮੁਖੀ ਮੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੂੰ ਦੁਰਯੋਧਨ, ਓਵੈਸੀ, ਉਹਨਾਂ ਦੇ ਸਹਿਯੋਗੀਆਂ ਅਤੇ ਚੋਣ ਕਮਿਸ਼ਨ ਨੂੰ ਲੋਕਤੰਤਰ ਦਾ ਅਪਮਾਨ ਦੇਖਣ ਵਾਲੇ ਦ੍ਰਿਸ਼ਟੀਹੀਣ ਧ੍ਰਿਤਰਾਸ਼ਟਰ ਦੇ ਤੌਰ 'ਤੇ ਦਿਖਾਇਆ ਗਿਆ ਹੈ।
ਪੋਸਟਰ ਵਿਚ ਰਾਜ ਦੇ ਲੋਕਤੰਤਰ ਨੂੰ ਪਾਂਡਵਾਂ ਦੀ ਪਤਨੀ ਦਰੋਪਦੀ ਦੇ ਤੌਰ ਤੇ, ਜਦਕਿ ਮੁੱਖ ਚੋਣ ਅਧਿਕਾਰੀ, ਜ਼ਿਲ੍ਹਾ ਚੋਣ ਅਧਿਕਾਰੀ ਅਤੇ ਰਿਟਰਨਿੰਗ ਅਧਿਕਾਰੀ ਨੂੰ ਦੁਸ਼ਾਸਨ ਦੇ ਤੌਰ 'ਤੇ ਦਿਖਾਇਆ ਗਿਆ ਹੈ। ਬੀਤੇ ਦਿਨੀਂ ਹੋਈਆਂ ਚੋਣਾਂ ਦੋਰਾਨ ਖਾਮੀਆਂ ਦਾ ਇਲਜ਼ਾਮ ਲਗਾਉਂਦੇ ਹੋਏ ਕਾਂਗਰਸ ਨੇ ਹੈਦਰਾਬਾਦ ਦੇ ਇੰਦਰਾ ਪਾਰਕ ਵਿਚ ਅਪਣੇ ਧਰਨੇ ਦੌਰਾਨ ਇਸ ਪੋਸਟਰ ਨੂੰ ਜਾਰੀ ਕੀਤਾ।
ਪੋਸਟਰ 'ਤੇ ਇਤਰਾਜ਼ ਜਤਾਉਂਦੇ ਹੋਏ ਭਾਜਪਾ ਦੇ ਬੁਲਾਰੇ ਕ੍ਰਿਸ਼ਨਾ ਸਾਗਰ ਨੇ ਕਿਹਾ ਕਿ ਇਹ ਹਿੰਦੂਆਂ ਦੀਆਂ ਭਾਵਨਾਵਾਂ ਦਾ ਅਪਮਾਨ ਹੈ। ਕੀ ਕਾਂਗਰਸ ਨੂੰ ਚੋਣ ਕਮਿਸ਼ਨ 'ਤੇ ਹਮਲਾ ਕਰਨ ਲਈ ਕੁਝ ਹੋਰ ਨਹੀਂ ਮਿਲਿਆ? ਉਹਨਾਂ ਮਹਾਂਭਾਰਤ ਦੀ ਇਸ ਘਟਨਾ ਦੀ ਚੋਣ ਰਾਹੀਂ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਹਨਾਂ ਰਾਜ ਕਾਂਗਰਸ ਦੇ ਮੁਖੀ ਐਨ ਉਤਮ ਕੁਮਾਰ ਅਤੇ ਰਾਸ਼ਟਰ ਮੁਖੀ ਰਾਹੁਲ ਗਾਂਧੀ ਤੋਂ ਮਾਫੀ ਦੀ ਮੰਗ ਕੀਤੀ।
ਆਲ ਇੰਡੀਆ ਮਜਲਿਸ ਏ ਇਤੇਹਾਦੁਲ ਮੁਸਲਮੀਨ ਦੇ ਨੇਤਾ ਅਸਦੁਦੀਨ ਓਵੈਸੀ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਕਾਂਗਰਸ ਤੋਂ ਪੁੱਛਿਆ ਕਿ ਜੇਕਰ ਅਜਿਹਾ ਹੀ ਇਤਰਾਜ਼ਯੋਗ ਪੋਸਟਰ ਸੋਨੀਆ ਗਾਂਧੀ ਜਾਂ ਪ੍ਰਿਅੰਕਾ ਗਾਂਧੀ ਦਾ ਜਾਰੀ ਹੋਇਆ ਹੁੰਦਾ ਤਾਂ ਕੀ ਕਾਂਗਰਸ ਬਰਦਾਸ਼ਤ ਕਰਦੀ? ਮੈਂ ਇਹ ਤੁਲਨਾ ਨਹੀਂ ਕਰ ਰਿਹਾ ਪਰ ਕੋਈ ਤਾਂ ਕਰੇਗਾ। ਦੂਜੇ ਪਾਸੇ ਰਾਜ ਕਾਂਗਰਸ ਕਮੇਟੀ ਚੋਣ ਤਾਲਮੇਲ ਕਮੇਟੀ ਦੇ ਮੁਖੀ ਐਮ ਸ਼ਸ਼ੀਧਰ ਰੈਡੀ ਨੇ ਪੋਸਟਰ ਦਾ ਬਚਾਅ ਕਰਦੇ ਹੋਏ ਕਿਹਾ ਕਿ ਅਸੀਂ
ਸਿਰਫ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਚੋਣ ਕਮਿਸ਼ਨ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਟੀਆਰਐਸ ਵੱਲੋਂ ਚੋਣ ਵਿਚ ਕੀਤੀਆਂ ਜਾ ਰਹੀਆਂ ਖਾਮੀਆਂ ਨੂੰ ਦੇਖਦਾ ਰਿਹਾ। ਮਾਫੀ ਦਾ ਤਾਂ ਸਵਾਲ ਹੀ ਨਹੀਂ ਹੈ। ਭਾਜਪਾ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਉਹੀ ਧਰਮ ਦੇ ਸਰਪ੍ਰਸਤ ਹਨ, ਅਸੀਂ ਵੀ ਹਿੰਦੂ ਧਰਮ ਦਾ ਸਨਮਾਨ ਕਰਦੇ ਹਾਂ ਅਤੇ ਹਰ ਰਵਾਇਤ ਨੂੰ ਮੰਨਦੇ ਹਾਂ।