ਆਮ ਚੋਣਾਂ ਵਿਚ ਮੋਦੀ ਸਰਕਾਰ ਦਾ ਜਾਣਾ ਤੈਅ : ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਫ਼ਰਤ ਦਾ ਮਤਲਬ ਨਰਿੰਦਰ ਮੋਦੀ ਹੈ......

Rahul Gandhi

ਅਮੇਠੀ  : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ 'ਤੇ ਦੇਸ਼ ਵਿਚ ਨਫ਼ਰਤ ਫੈਲਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਚਿੰਨ੍ਹ ਹੈ ਅਤੇ ਕਾਂਗਰਸ ਅਗਲੀਆਂ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਹਰਾਏਗੀ। ਰਾਹੁਲ ਨੇ ਸਲੋਨ ਵਿਚ ਹੋਈ ਸਭਾ ਵਿਚ ਦੋਸ਼ ਲਾਇਆ ਕਿ ਭਾਜਪਾ ਦੇ ਲੋਕ ਦੇਸ਼ ਵਿਚ ਧਰਮ, ਜਾਤ ਅਤੇ ਖੇਤਰ ਦੇ ਨਾਮ 'ਤੇ ਨਫ਼ਰਤ ਫੈਲਾ ਰਹੇ ਹਨ। ਉਹ ਕਦੇ ਗੁਜਰਾਤ ਤੋਂ ਉਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਨੂੰ ਕਢਵਾਉਂਦੇ ਹਨ ਤਾਂ ਕਦੇ ਹਿੰਦੂਆਂ-ਮਸਲਮਾਨਾਂ ਨੂੰ ਲੜਾ ਰਹੇ ਹਨ। ਰਾਹੁਲ ਨੇ ਕਿਹਾ ਕਿ ਉਹ 2019 ਵਿਚ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਉਣ ਜਾ ਰਹੇ ਹਨ।

ਉਨ੍ਹਾਂ ਕਿਹਾ, 'ਇਸ ਦੇਸ਼ ਵਿਚ ਨਫ਼ਰਤ ਨਾਲ ਕੁੱਝ ਨਹੀਂ ਹੋ ਸਕਦਾ। ਨਫ਼ਰਤ ਦਾ ਮਤਲਬ ਨਰਿੰਦਰ ਮੋਦੀ ਹੈ। ਨਫ਼ਰਤ ਦਾ ਚਿੰਨ੍ਹ ਹੈ ਨਰਿੰਦਰ ਮੋਦੀ। ਅਸੀਂ 2019 ਵਿਚ ਮੋਦੀ ਨੂੰ ਹਰਾਵਾਂਗੇ, ਇਸ ਨੂੰ ਕੋਈ ਰੋਕ ਨਹੀਂ ਸਕਦਾ।' ਰਾਹੁਲ ਨੇ ਦੋਸ਼ ਲਾਇਆ ਕਿ ਮੋਦੀ ਨੇ 10-15 ਉਦਯੋਗਪਤੀਆਂ ਦਾ ਸਾਢੇ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਹੈ। ਉਨ੍ਹਾਂ ਕਿਹਾ, 'ਇਹ ਦੇਸ਼ ਦੀ ਜਨਤਾ ਦਾ ਪੈਸਾ ਸੀ। ਇਹ 15-20 ਲੋਕ ਪ੍ਰਾਈਵੇਟ ਹਵਾਈ ਜਹਾਜ਼ ਵਿਚ ਉਡ ਕੇ ਮੋਦੀ ਦੀ ਮਾਰਕਟਿੰਗ ਕਰਦੇ ਹਨ, ਬਦਲੇ ਵਿਚ ਮੋਦੀ ਉਨ੍ਹਾਂ ਦਾ ਕਰਜ਼ਾ ਮਾਫ਼ ਕਰਦੇ ਹਨ। ਨੀਰਵ ਮੋਦੀ ਤਾਂ ਮਨਰੇਗਾ ਦੇ ਬਜਟ ਦੇ ਬਰਾਬਰ ਪੈਸਾ ਲੈ ਕੇ ਵਿਦੇਸ਼ ਭੱਜ ਗਿਆ।'

ਰਾਫ਼ੇਲ ਜਹਾਜ਼ ਸੌਦੇ ਬਾਰੇ ਪ੍ਰਧਾਨ ਮੰਤਰੀ ਨੂੰ ਫਿਰ ਨਿਸ਼ਾਨਾ ਬਣਾਉਂਦਿਆਂ ਰਾਹੁਲ ਨੇ ਕਿਹਾ ਕਿ ਹਿੰਦੁਸਤਾਨ ਦੇ ਵੇਲੇ ਦੇ ਰਖਿਆ ਮੰਤਰੀ ਮਨੋਹਰ ਪਰੀਕਰ ਨੂੰ ਵੀ ਇਸ ਖ਼ਰੀਦ ਸਮਝੌਤੇ ਬਾਰੇ ਕੁੱਝ ਨਹੀਂ ਪਤਾ ਸੀ ਯਾਨੀ ਬਿਨਾਂ ਰਖਿਆ ਮੰਤਰਾਲੇ ਨੂੰ ਪੁੱਛੇ ਇਕੱਲੇ ਨਰਿੰਦਰ ਮੋਦੀ ਨੇ ਇਹ ਸਮਝੌਤਾ ਕਰ ਲਿਆ ਅਤੇ 30 ਹਜ਼ਾਰ ਕਰੋੜ ਰੁਪਏ ਅਨਿਲ ਅੰਬਾਨੀ ਨੂੰ ਦੇ ਦਿਤੇ। ਜਦ ਸੀਬੀਆਈ ਨਿਰਦੇਸ਼ਕ ਨੇ ਇਸ ਦੀ ਜਾਂਚ ਕਰਨ ਲਈ ਕਿਹਾ ਕਿ ਤਾਂ ਰਾਤ ਦੇ ਡੇਢ ਵਜੇ ਉਨ੍ਹਾਂ ਨੂੰ ਕੱਢਣ ਦਾ ਹੁਕਮ ਜਾਰੀ ਕਰ ਦਿਤਾ ਗਿਆ। ਦੇਸ਼ ਦੇ ਇਤਿਹਾਸ ਵਿਚ ਇਸ ਤੋਂ ਵੱਡਾ ਕੋਈ ਦੂਜਾ ਘੁਟਾਲਾ ਨਹੀਂ ਹੋਇਆ। (ਏਜੰਸੀ)