ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀ ਗ਼ੈਰਕਾਨੂੰਨੀ ਤੌਰ 'ਤੇ ਕੇਰਲਾ ਤੋਂ ਲੋਕਾਂ ਨਾਲ ਭਰੀ ਬੇੜੀ ਸਬੰਧੀ ਚੇਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਤੋਂ ਇਕ ਅਹਿਮ ਖਬਰ ਫੈਲੀ ਕਿ ਕੋਚੀ (ਕੇਰਲਾ) ਦੀ ਬੰਦਰਗਾਹ ਮੁਨਾਮਬਾਮ ਤੋਂ 100 ਤੋਂ 200 ਵਿਅਕਤੀਆਂ ਨਾਲ ਭਰੀ ਇਕ ਮੱਛੀਆਂ ਫੜਨ.........

People from Kerala

ਔਕਲੈਂਡ : ਭਾਰਤ ਤੋਂ ਇਕ ਅਹਿਮ ਖਬਰ ਫੈਲੀ ਕਿ ਕੋਚੀ (ਕੇਰਲਾ) ਦੀ ਬੰਦਰਗਾਹ ਮੁਨਾਮਬਾਮ ਤੋਂ 100 ਤੋਂ 200 ਵਿਅਕਤੀਆਂ ਨਾਲ ਭਰੀ ਇਕ ਮੱਛੀਆਂ ਫੜਨ ਵਾਲੀ ਬੇੜੀ ਨਿਊਜ਼ੀਲੈਂਡ ਲਈ ਬੀਤੀ 12 ਜਨਵਰੀ ਨੂੰ ਨਿਕਲ ਚੁੱਕੀ ਹੈ। ਇਹ ਸਵਾਰ ਗੈਰ ਕਾਨੂੰਨੀ ਤੌਰ ਉਤੇ 7000 ਮੀਲ ਦਾ ਸਮੁੰਦਰੀ ਸਫਰ ਤੈਅ ਕਰਕੇ ਨਿਊਜ਼ੀਲੈਂਡ ਦੇ ਕਿਸੇ ਕੋਨੇ ਵਿਚ ਪਹੁੰਚਣ ਦੀ ਤਾਕ ਵਿਚ ਹੋਣਗੇ। ਇਨ੍ਹਾਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਹਨ।  ਇਸ ਬੇੜੀ ਨੂੰ ਹੁਣ ਤੱਕ ਬੜੀ ਦੂਰ ਤੱਕ ਲੱਭਿਆ ਜਾ ਚੁੱਕਾ ਹੈ ਪਰ ਅਜੇ ਇਸਨੂੰ ਲੱਭਿਆ ਨਹੀਂ ਜਾ ਸਕਿਆ।

ਕੇਰਲਾ ਪੁਲਿਸ ਨੇ ਇਸ ਸਬੰਧੀ ਜਿੱਥੇ ਆਪਣੀ ਜਾਂਚ-ਪੜ੍ਹਤਾਲ ਆਰੰਭ ਕੀਤੀ ਹੈ ਉਥੇ ਇਸ ਬਾਰੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੀ ਸਤਰਕ ਹੋ ਗਈ ਹੈ ਅਤੇ ਬੇੜੀ ਸਵਾਰਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਸਮੁੰਦਰ ਦੇ ਵਿਚ ਅਜਿਹੀ ਬੇੜੀ ਕਿਤੇ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੀ ਹੈ। ਨਿਊਜ਼ੀਲੈਂਡ ਅਜਿਹੇ ਕਿਸੇ ਵੀ ਗੈਰ ਕਾਨੂੰਨੀ ਆਮਦ ਨੂੰ ਪ੍ਰੋਤਸਾਹਨ ਨਹੀਂ ਕਰੇਗੀ। ਕੇਰਲਾ ਪੁਲਿਸ ਨੇ ਮੌਕੇ ਤੋਂ 70 ਦੇ ਕਰੀਬ ਬੈਗ ਪ੍ਰਾਪਤ ਕੀਤੇ ਹਨ ਜਿਨ੍ਹਾਂ ਦੇ ਵਿਚ ਸਮੁੰਦਰ ਦੇ ਵਿਚ ਵਰਤੀਆਂ ਜਾਣ ਵਾਲੀਆਂ ਵਸਤਾਂ, ਕੱਪੜੇ ਅਤੇ ਹੋਰ ਖਾਣ-ਪੀਣ ਦਾ ਸਾਮਾਨ ਸੀ। ਇਸ ਬੇੜੀ ਦੇ ਵਿਚ ਦਿੱਲੀ ਅਤੇ ਤਾਮਿਲਨਾਢੂ ਦੇ ਜਿਆਦਾ ਲੋਕ ਸਵਾਰ ਹਨ। 

ਪੁਲਿਸ ਨੇ ਨਵੀਂ ਦਿੱਲੀ ਤੋਂ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਦਸਿਆ ਕਿ ਬੇੜੀ ਨਿਊਜ਼ੀਲੈਂਡ ਲਈ ਰਵਾਨਾ ਹੋ ਚੁੱਕੀ ਹੈ ਅਤੇ ਸਮੁੰਦਰ ਦੇ ਵਿਚ ਕਿਸੇ ਥਾਂ ਉਤੇ ਪਹੁੰਚ ਚੁੱਕੀ ਹੈ। ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਸਹਾਇਕ ਜਨਰਲ ਮੈਨੇਜਰ ਸ੍ਰੀ ਸਟੀਫਨ ਵਾਗੁਨ ਨੇ ਬਿਨਾਂ ਕਿਸੇ ਦਾ ਵਿਸ਼ੇਸ਼ ਜ਼ਿਕਰ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਲਈ ਅਜਿਹੇ ਮਨੁੱਖੀ ਤਸਕਰੀ ਦੇ ਯਤਨ ਹੁੰਦੇ ਹਨ,

ਪਰ ਉਹ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਉਹ ਲੋਕ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਖਤਰੇ ਵਿਚ ਪਾਉਂਦੇ ਹਨ। ਜੇਕਰ ਅਜਿਹੇ ਲੋਕ ਕਿਸੀ ਤਰ੍ਹਾਂ ਇਥੇ ਪਹੁੰਚਦੇ ਹਨ ਤਾਂ 6 ਮਹੀਨੇ ਤੱਕ ਇਨ੍ਹਾਂ ਨੂੰ ਹਵਾਲਾਤ ਦੇ ਵਿਚ ਰੱਖਿਆ ਜਾ ਸਕਦਾ ਹੈ ਅਤੇ ਇਹ ਸਮਾਂ ਕੁਝ ਦਿਨ ਹੋਰ ਵੀ ਵਧ ਸਕਦਾ ਹੈ। ਸੋ ਨਾ ਬਈ ਭਾਰਤੀਓ-ਬੇੜੀ 'ਚ ਨਾ ਆਇਓ...ਐਵੇਂ ਆਪਣੀ ਜਾਨ ਖਤਰੇ 'ਚ ਨਾ ਪਾਇਓ।