ਜਿਨਸੀ ਸ਼ੋਸ਼ਣ ਤੋਂ ਔਰਤਾਂ ਦੀ ਸੁਰੱਖਿਆ ਲਈ ਪੈਨਿਕ ਬਟਨ ਲਾਂਚ ਕਰਨ ਵਾਲਾ ਉਤਰਾਖੰਡ ਪਹਿਲਾ ਰਾਜ
ਐਮਰਜੈਂਸੀ ਦੌਰਾਨ ਪੈਨਿਕ ਬਟਨ ਦਬਾਉਂਦੇ ਹੀ ਪੁਲਿਸ, ਮਹਿਲਾ ਹੈਲਪਲਾਈਨ ਅਤੇ ਔਰਤ ਦੇ ਨੇੜਲੇ ਜਾਣਕਾਰਾਂ ਸਮੇਤ 12 ਨੰਬਰ 'ਤੇ ਔਰਤ ਦੀ ਲੋਕੇਸ਼ਨ ਅਪਣੇ ਆਪ ਪਹੁੰਚ ਜਾਵੇਗੀ।
ਦੇਹਰਾਦੂਨ : ਔਰਤਾਂ ਦੇ ਨਾਲ ਹੁੰਦੇ ਅਪਰਾਧਾਂ ਦੀ ਰੋਕਥਾਮ ਲਈ ਸਰਕਾਰ ਨੇ ਮਹਿਲਾ ਸੁਰੱਖਿਆ ਪੈਨਿਕ ਬਟਨ ਲਾਂਚ ਕੀਤਾ ਹੈ। ਕਿਸੇ ਵੀ ਐਮਰਜੈਂਸੀ ਦੌਰਾਨ ਇਸ ਛੋਟੀ ਜਿਹੀ ਇਲੈਕਟ੍ਰਾਨਿਕ ਡਿਵਾਈਸ ਦਾ ਬਟਨ ਦਬਾਉਂਦੇ ਹੀ ਪੁਲਿਸ, ਮਹਿਲਾ ਹੈਲਪਲਾਈਨ ਅਤੇ ਔਰਤ ਦੇ ਨੇੜਲੇ ਜਾਣਕਾਰਾਂ ਸਮੇਤ 12 ਨੰਬਰ 'ਤੇ ਔਰਤ ਦੀ ਲੋਕੇਸ਼ਨ ਅਪਣੇ ਆਪ ਪਹੁੰਚ ਜਾਵੇਗੀ।
ਕੌਮੀ ਬਾਲੜੀ ਦਿਵਸ ਮੋਕੇ ਕਿਸਾਨ ਭਵਨ ਵਿਚ ਕਰਵਾਏ ਗਏ ਸਮਾਗਮ ਦੌਰਾਨ ਰਾਜ ਮੰਤਰੀ ਰੇਖਾ ਆਰਿਆ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਲਈ ਇਸ ਤਰ੍ਹਾਂ ਦਾ ਬਟਨ ਲਾਂਚ ਕਰਨ ਵਾਲਾ ਉਤਰਾਖੰਡ ਦੇਸ਼ ਦਾ ਪਹਿਲਾ ਰਾਜ ਹੋਵੇਗਾ। ਲੋਕਾਂ ਦੀ ਪ੍ਰਤੀਕਿਰਿਆ ਮਿਲਣ ਤੋਂ ਬਾਅਦ ਇਸ ਨੂੰ ਪੂਰੇ ਰਾਜ ਵਿਚ ਲਾਗੂ ਕੀਤਾ ਜਾਵੇਗਾ। ਸਰਕਾਰੀ ਰਕਮ ਰਾਹੀਂ ਚੰਪਾਵਤ ਵਿਖੇ ਮਾਹਵਾਰੀ ਕੇਂਦਰ ਬਣਾਏ ਜਾਣ 'ਤੇ ਉਹਨਾਂ ਕਿਹਾ ਕਿ ਪਿੰਡ ਵਾਲਿਆਂ ਨੂੰ ਗਲਤੀ ਦਾ ਅਹਿਸਾਸ ਹੋ ਗਿਆ ਹੈ।
ਇਸ ਕੇਂਦਰ ਦਾ ਨਾਮ ਬਦਲ ਕੇ ਹੁਣ ਮਹਿਲਾ ਮਿਲਨ ਕੇਂਦਰ ਕਰ ਦਿਤਾ ਗਿਆ ਹੈ। ਇਸ ਦੌਰਾਨ ਦੂਨ, ਹਰਿਦੁਆਰ, ਪੌੜੀ ਅਤੇ ਟਿਹਰੀ ਦੀਆਂ 160 ਔਰਤਾਂ ਨੂੰ ਇਹ ਪੈਨਿਕ ਬਟਨ ਮੁਫ਼ਤ ਵੰਡੇ ਗਏ। ਕੰਮਕਾਜ ਵਾਲੀ ਥਾਂ 'ਤੇ ਔਰਤਾਂ ਨਾਲ ਹੋਣ ਵਾਲੇ ਜਿਨਸੀ ਸ਼ੋਸ਼ਣ ਨੂੰ ਰੋਕਣ ਲਈ 'ਸ਼ੀ ਬਾਕਸ' ਸੇਵਾ ਸ਼ੁਰੂ ਹੋ ਗਈ ਹੈ। ਵਿਭਾਗ ਨੂੰ ਇਸ 'ਤੇ ਹਰ ਹਾਲ ਵਿਚ ਕਾਰਵਾਈ ਕਰਨੀ ਹੋਵੇਗੀ।
ਅਜਿਹਾ ਨਾ ਹੋਣ 'ਤੇ ਇਹ ਮਾਮਲਾ ਕੇਂਦਰ ਸਰਕਾਰ ਦੇ ਪੱਧਰ ਤੱਕ ਜਾਵੇਗਾ। ਲਾਪਰਵਾਹ ਅਧਿਕਾਰੀਆਂ ਤੇ ਕਾਰਵਾਈ ਹੋਵੇਗੀ। ਨੋਡਲ ਅਧਿਕਾਰੀ ਆਰਤੀ ਬਲੋਦੀ ਨੇ ਕਿਹਾ ਕਿ ਜੇਕਰ ਕਿਸੇ ਔਰਤ ਨੂੰ ਆਨਲਾਈਨ ਸ਼ਿਕਾਇਤ ਕੇਂਦਰ ਦਰਜ ਕਰਵਾਉਣ ਵਿਚ ਮੁਸ਼ਕਲ ਆਉਂਦੀ ਹੈ ਤਾਂ ਉਹ 181 ਨੰਬਰ 'ਤੇ ਵੀ ਮਦਦ ਮੰਗ ਸਕਦੀ ਹੈ। 90 ਦਿਨਾਂ ਦੇ ਅੰਦਰ ਇਹਨਾਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਹੋਵੇਗਾ।