ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਲਈ ਅੰਮ੍ਰਿਤਸਰ ਦੁਰਗਿਆਨਾ ਮੰਦਰ ਵਲੋਂ 1 ਕਰੋੜ ਦਾ ਚੈੱਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਸਾਡੀ ਚੰਗੀ ਕਿਸਮਤ ਹੈ ਕਿ ਅਸੀਂ ਸ਼੍ਰੀ ਰਾਮ ਮੰਦਰ ਨੂੰ ਆਪਣੇ ਜੀਵਨ ਕਾਲ 'ਚ ਬਣਦਾ ਵੇਖ ਰਹੇ ਹਾਂ।

ram mandir

ਅੰਮ੍ਰਿਤਸਰ:  ਪੂਰੇ ਦੇਸ਼ ਭਰ ਵਿੱਚ ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਇਸ ਦੌਰਾਨ ਕਾਫ਼ੀ ਲੋਕ ਸ਼੍ਰੀ ਰਾਮ ਮੰਦਰ ਦੀ ਉਸਾਰੀ 'ਚ ਯੋਗਦਾਨ ਪਾ ਰਹੇ ਹਨ। ਇਸ ਦੇ ਚਲਦੇ ਅੱਜ ਅੰਮ੍ਰਿਤਸਰ ਦੇ ਇਤਿਹਾਸਕ ਤੀਰਥ ਅਸਥਾਨ, ਦੁਰਗਿਆਨਾ ਮੰਦਰ ਕਮੇਟੀ ਨੇ ਰਾਮ ਮੰਦਰ ਦੇ ਨਿਰਮਾਣ ਲਈ ਸ਼੍ਰੀ ਰਾਮੇਸ਼ਵਰ ਨੂੰ 1 ਕਰੋੜ ਦਾ ਚੈੱਕ ਦਿੱਤਾ। 

ਇਸ ਮੌਕੇ ਦੁਰਗਿਆਨਾ ਮੰਦਰ ਕਮੇਟੀ ਨੇ ਦੱਸਿਆ ਕਿ ਇਹ ਸਾਡੀ ਚੰਗੀ ਕਿਸਮਤ ਹੈ ਕਿ ਅਸੀਂ ਸ਼੍ਰੀ ਰਾਮ ਮੰਦਰ ਨੂੰ ਆਪਣੇ ਜੀਵਨ ਕਾਲ 'ਚ ਬਣਦਾ ਵੇਖ ਰਹੇ ਹਾਂ। ਉਨ੍ਹਾਂ ਦੱਸਿਆ ਕਿ ਸਿਰਫ ਲੋਕਾਂ ਦੁਆਰਾ ਦਾਨ ਕੀਤੇ ਪੈਸੇ ਇਸ ਮੰਦਰ ਦੀ ਉਸਾਰੀ ਲਈ ਵਰਤੇ ਜਾਣਗੇ।

ਜਿਕਰਯੋਗ ਹੈ ਕਿ ਅਯੁੱਧਿਆ ਵਿਚ ਇਕ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਲਈ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਤਰਫੋਂ ਰਾਮ ਮੰਦਰ ਨਿਰਮਾਣ ਸਮਰਪਣ ਫੰਡ ਸਹਿਯੋਗ ਮੁਹਿੰਮ ਚੱਲ ਰਹੀ ਹੈ। ਇਸ ਤਹਿਤ ਜਗਤਗੁਰੂ ਕ੍ਰਿਪਾਲੂ ਪ੍ਰੀਸ਼ਦ ਨੇ ਇਕ ਕਰੋੜ ਰੁਪਏ ਦਾਨ ਕੀਤੇ ਹਨ। ਜਗਦਗੁਰੂ ਕ੍ਰਿਪਾਲੂ ਕੌਂਸਲ ਪ੍ਰਬੰਧਨ ਨੇ ਇਸ ਦਾਨ ਦੀ ਰਕਮ ਨੂੰ ਔਨਲਾਈਨ ਟਰਾਂਸਫਰ ਕਰ ਦਿੱਤੀ ਹੈ। 

ਇਸ ਤੋਂ ਇਲਾਵਾ ਸ਼੍ਰੀ ਰਾਮ ਮੰਦਰ ਦੀ ਉਸਾਰੀ ਲਈ ਮਾਤਾ ਰਾਣੀ ਮੰਦਰ ਨਿਊ ਪ੍ਰੀਤ ਨਗਰ ਤੋਂ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਰਾਜੇਸ਼ ਨਗਰ, ਮੋਹਕਮਪੁਰਾ, ਸੰਧੂ ਕਲੋਨੀ ਅਤੇ ਹੋਰ ਇਲਾਕਿਆਂ ਵਿਚੋਂ ਹੁੰਦੀ ਹੋਈ ਮੰਦਰ ਦੇ ਵਿਹੜੇ ਵਿਚ ਸਮਾਪਤ ਹੋਈ। ਇਸ ਮੌਕੇ ਡਾ: ਰਾਮ ਚਾਵਲਾ, ਪ੍ਰਦੀਪ ਕੁਮਾਰ, ਡਾ: ਅਸ਼ੋਕ ਕੁਮਾਰ, ਰਾਕੇਸ਼ ਮਹਾਜਨ, ਡਾ: ਨੀਰਜ ਸਮੇਤ ਹੋਰ ਲੋਕ ਮੌਜੂਦ ਸਨ।