ਚੀਨੀ ਘੁਸਪੈਠ ਅਸਫ਼ਲ : ਭਾਰਤੀ ਫ਼ੌਜ ਨੇ ਕਿਹਾ- 20 ਜਨਵਰੀ ਨੂੰ ਹੋਈ ਮਾਮੂਲੀ ਝੜਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

4 ਭਾਰਤੀ ਅਤੇ 20 ਚੀਨੀ ਸੈਨਿਕ ਹੋਏ ਸਨ ਜ਼ਖ਼ਮੀ

Indo-China border

ਨਵੀਂ ਦਿੱਲੀ : ਭਾਰਤ ਨੇ ਪਿਛਲੇ ਹਫ਼ਤੇ ਉੱਤਰੀ ਸਿੱਕਮ ਦੇ ਨਾਕੂ ਲਾ ਖੇਤਰ ਵਿਚ ਅਸਲ ਕੰਟਰੋਲ ਰੇਖਾ, ਐਲਏਸੀ ਰਾਹੀਂ ਚੀਨੀ ਸੈਨਿਕਾਂ ਵਲੋਂ ਘੁਸਪੈਠ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿਤਾ ਸੀ। ਇਸ ਵਿਚ ਦੋਵੇਂ ਦੇਸ਼ਾਂ ਦੇ ਸੈਨਿਕ ਜ਼ਖ਼ਮੀ ਹੋਏ। ਇਸ ’ਤੇ ਭਾਰਤੀ ਫ਼ੌਜ ਵਲੋਂ ਇਕ ਬਿਆਨ ਜਾਰੀ ਕੀਤਾ ਗਿਆ ਕਿ 20 ਜਨਵਰੀ ਨੂੰ ਦੋਵਾਂ ਫ਼ੌਜਾਂ ਵਿਚਾਲੇ ਮਾਮੂਲੀ ਝੜਪ ਹੋਈ ਸੀ, ਜਿਸ ਨੂੰ ਸਥਾਨਕ ਕਮਾਂਡਰਾਂ ਨੇ ਉਥੇ ਲਾਗੂ ਪ੍ਰੋਟੋਕਾਲ ਤਹਿਤ ਹੱਲ ਕਰ ਦਿਤਾ।  

ਖ਼ਬਰਾਂ ਅਨੁਸਾਰ ਇਸ ਝੜਪ ਵਿਚ 4 ਭਾਰਤੀ ਅਤੇ 20 ਚੀਨੀ ਸੈਨਿਕ ਜ਼ਖ਼ਮੀ ਹੋਏ ਸਨ। ਦਸਣਯੋਗ ਹੈ ਕਿ ਐਤਵਾਰ ਨੂੰ ਦੋਵਾਂ ਦੇਸ਼ਾਂ ਵਿਚਕਾਰ 9ਵੇਂ ਗੇੜ ਦੀ ਫ਼ੌਜੀ ਗੱਲਬਾਤ ਦੇ ਖ਼ਤਮ ਹੋਣ ਤੋਂ ਬਾਅਦ ਇਹ ਮਾਮਲਾ ਸੋਮਵਾਰ ਨੂੰ ਸਾਹਮਣੇ ਆਇਆ। ਜ਼ਿਕਰਯੋਗ ਹੈ ਕਿ ਪੂਰਬੀ ਲੱਦਾਖ਼ ਦੀ ਸਰਹੱਦ ’ਤੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਨੂੰ ਘੱਟ ਕਰਨ ਲਈ ਭਾਰਤ ਅਤੇ ਚੀਨ ਵਿਚਾਲੇ ਸੈਨਿਕ ਗੱਲਬਾਤ ਦਾ ਨੌਵਾਂ ਦੌਰ ਐਤਵਾਰ ਨੂੰ ਸਮਾਪਤ ਹੋਇਆ।

ਚੁਸ਼ੂਲ ਇਲਾਕੇ ਦੇ ਦੂਜੇ ਪਾਸੇ ਸਥਿਤ ਮੋਲਦੋ ਵਿਖੇ ਹੋਈ ਇਹ ਗੱਲਬਾਤ 15 ਘੰਟਿਆਂ ਤੋਂ ਵੀ ਵੱਧ ਚੱਲੀ। ਐਤਵਾਰ ਨੂੰ ਸਵੇਰੇ 11 ਵਜੇ ਸ਼ੁਰੂ ਹੋਈ ਇਹ ਗੱਲਬਾਤ ਸੋਮਵਾਰ ਨੂੰ ਸਵੇਰੇ 2:30 ਵਜੇ ਸਮਾਪਤ ਹੋਈ। ਸਰਹੱਦ ’ਤੇ ਤਣਾਅ ਨੂੰ ਹੱਲ ਕਰਨ ਲਈ ਕਈ ਗੇੜ ਗੱਲਬਾਤ ਕੀਤੀ ਗਈ, ਪਰ ਅਜੇ ਤਕ ਕੋਈ ਹੱਲ ਨਹੀਂ ਮਿਲ ਸਕਿਆ। ਇਸ ਤੋਂ ਪਹਿਲਾਂ ਸੈਨਿਕ ਗੱਲਬਾਤ 6 ਨਵੰਬਰ 2020 ਨੂੰ ਹੋਈ ਸੀ। 

ਦਰਅਸਲ, ਚੀਨੀ ਫ਼ੌਜ ਭਾਰਤੀ ਸਰਹੱਦ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ ਨੂੰ ਰੋਕਣ ਲਈ ਉਥੇ ਤਾਇਨਾਤ ਭਾਰਤੀ ਸੈਨਿਕਾਂ ਨੇ ਹਮਲਾ ਕੀਤਾ ਸੀ। ਜਵਾਬੀ ਟਕਰਾਅ ਵਿਚ 20 ਚੀਨੀ ਸੈਨਿਕ ਅਤੇ ਚਾਰ ਭਾਰਤੀ ਸੈਨਿਕ ਜ਼ਖ਼ਮੀ ਹੋਏ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ 15 ਜੂਨ ਨੂੰ ਪੂਰਬੀ ਲੱਦਾਖ਼ ਦੀ ਗਲਵਾਨ ਵੈਲੀ ਦੇ ਪੁਆਇੰਟ 14 ਵਿਖੇ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਕਾਰ ਹਿੰਸਕ ਝੜਪ ਹੋਈ ਸੀ।

ਇਸ ਵਿਚ ਇਕ ਕਰਨਲ ਸਮੇਤ 20 ਭਾਰਤੀ ਸੈਨਿਕ ਮਾਰੇ ਗਏ ਸਨ। ਲੱਦਾਖ਼ ਦਾ ਨਾਕੂ ਲਾ ਖੇਤਰ ਵੀ ਪਿਛਲੇ ਸਾਲ ਦੋਵਾਂ ਦੇਸ਼ਾਂ ਵਿਚਕਾਰ ਵਿਵਾਦਾਂ ਵਿਚ ਸ਼ਾਮਲ ਹੋ ਗਿਆ ਸੀ। ਪਿਛਲੇ ਸਾਲ ਅਪ੍ਰੈਲ-ਮਈ ਤੋਂ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਸਰਹੱਦੀ ਐਲਏਸੀ ’ਤੇ ਤਾਇਨਾਤ ਕੀਤੀਆਂ ਗਈਆਂ ਹਨ। 2017 ਵਿਚ ਡੋਕਲਾਮ ਵਿਚ ਭਾਰਤ ਅਤੇ ਚੀਨ ਦੀ ਫ਼ੌਜ ਇਕ-ਦੂਜੇ ਦੇ ਸਾਹਮਣੇ ਸੀ।