ਕਿਸਾਨਾਂ ਅਤੇ ਦਿੱਲੀ ਪੁਲਿਸ ਵਿਚਾਲੇ ਬੈਠਕ,ਪਰੇਡ ਸਬੰਧੀ ਦਿੱਤੇ ਗਏ ਰੂਟ ਮੈਪ ਬਾਰੇ ਹੋ ਰਹੀ ਚਰਚਾ
ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਦੇ ਮੌਕੇ ‘ਤੇ ਹੀ ਕਿਸਾਨਾਂ ਨੂੰ ਟਰੈਕਟਰ ਰੈਲੀ ਕੱਢਣ ਦੀ ਆਗਿਆ ਦੇ ਦਿੱਤੀ ਹੈ।
ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਵੱਖ-ਵੱਖ ਸੂਬਿਆਂ ਦੇ ਕਿਸਾਨ ਰਾਜਧਾਨੀ ਦੀਆਂ ਹੱਦਾਂ ‘ਤੇ ਡਟੇ ਹੋਏ ਹਨ। 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਲਈ ਲੋਕਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਵੱਡੀ ਗਿਣਤੀ ਲੋਕ ਦਿੱਲੀ ਵੱਲ ਵਹੀਰਾ ਘੱਤ ਰਹੇ ਹਨ। ਟਰੈਕਟਰ ਪਰੇਡ ਨੂੰ ਲੈ ਕੇ ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਭਲਕੇ 26 ਜਨਵਰੀ ਨੂੰ ਕੱਢੀ ਜਾਣ ਵਾਲੀ ਕਿਸਾਨ ਪਰੇਡ ਕਿਸਾਨ ਪਰੇਡ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਅਤੇ ਪੁਲਿਸ ਵਿਚਾਲੇ ਸਵੇਰੇ ਮੁੜ ਬੈਠਕ ਹੋ ਰਹੀ ਹੈ।
ਇਸ ਵਿਚਕਾਰ ਕਿਸਾਨ ਆਗੂ ਸੁਖਵਿੰਦਰ ਸਿੰਘ ਸਭਰਾ ਨੇ ਦੱਸਿਆ," ਸ਼ਰਤਾਂ ਦੇ ਤਹਿਤ ਰੈਲੀ ਕੱਢਣ ਦੀ ਗੱਲ ਨੂੰ ਅਸੀਂ (ਕਿਸਾਨ) ਨਾ-ਮਨਜ਼ੂਰ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਅਸੀਂ ਰਿੰਗ ਰੋਡ 'ਤੇ ਰੈਲੀ ਕੱਢਣਾ ਚਾਹੁੰਦੇ ਹਾਂ। ਸੁਖਵਿੰਦਰ ਸਿੰਘ ਸਭਰਾ ਮੁਤਾਬਕ ਸਵੇਰੇ 10 ਵਜੇ ਪੁਲਿਸ ਦੇ ਨਾਲ ਉਨ੍ਹਾਂ ਦੀ ਬੈਠਕ 'ਚ ਹੈ, ਜਿਸ 'ਚ ਤਹਿ ਕੀਤਾ ਜਾਵੇਗਾ ਕਿ ਕਿਹੜੇ ਰੂਟ 'ਤੇ ਰੈਲੀ ਕੱਢਣੀ ਹੈ ਅਤੇ ਕਿੰਨੇ ਵਜੇ ਰੈਲੀ ਕੱਢਣੀ ਹੈ।
ਦੱਸ ਦੇਈਏ ਕਿ ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਦੇ ਮੌਕੇ ‘ਤੇ ਹੀ ਕਿਸਾਨਾਂ ਨੂੰ ਟਰੈਕਟਰ ਰੈਲੀ ਕੱਢਣ ਦੀ ਆਗਿਆ ਦੇ ਦਿੱਤੀ ਹੈ। ਹਾਲਾਂਕਿ, ਕਿਸਾਨਾਂ ਦੀ ਐਂਟਰੀ, ਐਗਜਿਟ ਦਾ ਰਸਤਾ ਅਤੇ ਜਿੱਥੇ ਟਰੈਕਟਰ ਲਿਆਇਆ ਜਾ ਸਕਦਾ ਹੈ, ਦਾ ਫੈਸਲਾ ਪਹਿਲਾਂ ਹੀ ਕਰ ਲਿਆ ਗਿਆ ਹੈ।