ਪਾਕਿ ਤੋਂ ਟਰੈਕਟਰ ਪਰੇਡ ’ਚ ਰੁਕਾਵਟ ਪਾਉਣ ਲਈ 300 ਤੋਂ ਵੱਧ ਟਵਿੱਟਰ ਅਕਾਊਂਟ ਬਣੇ: ਦਿੱਲੀ ਪੁਲਿਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਗਣਤੰਤਰ ਦਿਵਸ ਪ੍ਰੋਗਰਾਮ ਮੰਗਲਵਾਰ ਨੂੰ ਸਮਾਪਤ ਹੋਣ ਤੋਂ ਬਾਅਦ ਸਖ਼ਤ ਸੁਰੱਖਿਆ ਹੇਠ ਟਰੈਕਟਰ ਪਰੇਡ ਕੱਢੀ ਜਾਵੇਗੀ।

DELHI POLICE

ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਗਣਤੰਤਰ ਦਿਵਸ ਦੇ ਮੌਕੇ ’ਤੇ ਕਿਸਾਨਾਂ ਦੀ ਪ੍ਰਸਤਾਵਿਤ ਟਰੈਕਟਰ ਪਰੇਡ ਵਿਚ ਰੁਕਾਵਟ ਪਾਉਣ ਲਈ ਪਾਕਿਸਤਾਨ ਤੋਂ 300 ਤੋਂ ਵੱਧ ਟਵਿੱਟਰ ਅਕਾਊਂਟ ਬਣਾਏ ਗਏ ਹਨ। ਟਰੈਕਟਰ ਪਰੇਡ ਨਾਲ ਜੁੜੀ ਵਿਸਤਾਰਤ ਯੋਜਨਾ ਬਾਰੇ, ਪੁਲਿਸ ਦੇ ਵਿਸ਼ੇਸ਼ ਕਮਿਸ਼ਨਰ (ਇੰਟੈਲੀਜੈਂਸ) ਦੀਪੇਂਦਰ ਪਾਠਕ ਨੇ ਕਿਹਾ ਕਿ ਗਣਤੰਤਰ ਦਿਵਸ ਪ੍ਰੋਗਰਾਮ ਮੰਗਲਵਾਰ ਨੂੰ ਸਮਾਪਤ ਹੋਣ ਤੋਂ ਬਾਅਦ ਸਖ਼ਤ ਸੁਰੱਖਿਆ ਹੇਠ ਟਰੈਕਟਰ ਪਰੇਡ ਕੱਢੀ ਜਾਵੇਗੀ।

ਪਾਠਕ ਨੇ ਪ੍ਰੈਸ ਕਾਨਫ਼ਰੰਸ ਵਿਚ ਦਸਿਆ ਕਿ 13 ਤੋਂ 18 ਜਨਵਰੀ ਦੇ ਵਿਚਕਾਰ ਪਾਕਿਸਤਾਨ ਤੋਂ 300 ਤੋਂ ਵੱਧ ਟਵਿੱਟਰ ਅਕਾਊਂਟ ਬਣਾਏ ਗਏ ਹਨ। ਇਸ ਸਬੰਧ ਵਿਚ ਵੱਖ-ਵੱਖ ਏਜੰਸੀਆਂ ਤੋਂ ਇਕੋ ਕਿਸਮ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਹ ਸਾਡੇ ਲਈ ਚੁਨੌਤੀ ਭਰਪੂਰ ਕਾਰਜ ਹੋਵੇਗਾ। ਹਾਲਾਂਕਿ, ਗਣਤੰਤਰ ਦਿਵਸ ਪਰੇਡ ਖ਼ਤਮ ਹੋਣ ਤੋਂ ਬਾਅਦ, ਸਖ਼ਤ ਸੁਰੱਖਿਆ ਵਿਚਕਾਰ ਟਰੈਕਟਰ ਪਰੇਡ ਕੱਢੀ ਜਾਵੇਗੀ।

ਜ਼ਿਕਰਯੋਗ ਹੈ ਕਿ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਬਣੇ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਹਨ। ਕਿਸਾਨ ਜਥੇਬੰਦੀਆਂ ਦਾ ਦੋਸ਼ ਹੈ ਕਿ ਨਵੇਂ 

ਖੇਤੀਬਾੜੀ ਕਾਨੂੰਨ ਮੰਡੀ ਅਤੇ ਐਮਐਸਪੀ ਖ਼ਰੀਦ ਪ੍ਰਣਾਲੀ ਦਾ ਅੰਤ ਕਰ ਦੇਣਗੇ ਅਤੇ ਕਿਸਾਨ ਵੱਡੇ ਕਾਰਪੋਰੇਟ ਘਰਾਣਿਆਂ ਦੀ ਰਹਿਮ ਉੱਤੇ ਨਿਰਭਰ ਰਹਿਣਗੇ।
ਇਸ ਤੋਂ ਪਹਿਲਾਂ ਪੁਲਿਸ ਨੇ ਕਿਸਾਨ ਸੰਗਠਨਾਂ ਦੇ ਨੇਤਾਵਾਂ ਨੂੰ ਰਾਸ਼ਟਰੀ ਰਾਜਧਾਨੀ ਦੇ ਬਾਹਰ ਟਰੈਕਟਰ ਪਰੇਡ ਬਾਹਰ ਕੱਢਣ ਦੀ ਬੇਨਤੀ ਕੀਤੀ ਸੀ ਪਰ ਉਹ ਦਿੱਲੀ ਦੀ ਬਾਹਰੀ ਰਿੰਗ ਰੋਡ ‘ਤੇ ਪਰੇਡ ਕਰਨ ‘ਤੇ ਅੜੇ ਹੋਏ ਸਨ। ਪੁਲਿਸ ਅਤੇ ਕਿਸਾਨਾਂ ਵਿਚਕਾਰ ਚੌਥੇ ਗੇੜ ਵਿਚ ਹੋਈ ਗੱਲਬਾਤ ਵਿਚ ਦੋਵਾਂ ਧਿਰਾਂ ਵਿਚਾਲੇ ਪਰੇਡ ’ਤੇ ਸਹਿਮਤੀ ਬਣ ਗਈ ਸੀ।