ਗਣਤੰਤਰ ਦਿਵਸ 'ਤੇ ਸੰਯੁਕਤ ਕਿਸਾਨ ਮੋਰਚਾ ਵਲੋਂ ਕਿਸਾਨਾਂ ਨੂੰ ਟਰੈਕਟਰ ਪਰੇਡ ਬਾਰੇ ਹਿਦਾਇਤਾਂ ਜਾਰੀ
ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ਹੈ ਕਿ ਹਰ ਟਰੈਕਟਰ ਜਾਂ ਵਾਹਨ 'ਤੇ ਕਿਸਾਨ ਸੰਗਠਨ ਦੇ ਝੰਡੇ ਦੇ ਨਾਲ ਰਾਸ਼ਟਰੀ ਝੰਡਾ ਵੀ ਲਗਾਇਆ ਜਾਵੇ।
ਨਵੀਂ ਦਿੱਲੀ : 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਲਈ ਲੋਕਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਵੱਡੀ ਗਿਣਤੀ ਲੋਕ ਦਿੱਲੀ ਵੱਲ ਵਹੀਰਾ ਘੱਤ ਰਹੇ ਹਨ। ਖ਼ਾਸ ਕਰ ਕੇ ਨੌਜਵਾਨਾਂ ਵਿਚ ਇਸ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਬੀਤੇ ਦਿਨ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਟਰੈਕਟਰਾਂ ਦਾ ਦਿੱਲੀ ਵੱਲ ਜਾਣਾ ਜਾਰੀ ਹੈ। ਕਿਸਾਨਾਂ ਨੇ ਟਰੈਕਟਰਾਂ ਨੂੰ ਖ਼ਾਸ ਤਰ੍ਹਾਂ ਨਾਲ ਸਜਾਇਆ ਗਿਆ ਹੈ।
ਸੰਯੁਕਤ ਕਿਸਾਨ ਮੋਰਚਾ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਸ਼ਾਂਤਮਈ ਢੰਗ ਨਾਲ ਪਰੇਡ ਕਰਨ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਪਰੇਡ ਸਬੰਧੀ ਕੁਝ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਗਣਤੰਤਰ ਦਿਵਸ 'ਤੇ ਕਿਸਾਨਾਂ ਨੂੰ ਟਰੈਕਟਰ ਪਰੇਡ ਬਾਰੇ ਹਿਦਾਇਤਾਂ ਵੀ ਜਾਰੀ ਕੀਤੀਆਂ ਹਨ। ਗਣਤੰਤਰ ਦਿਵਸ ਮੌਕੇ ਕਿਸਾਨਾਂ ਨੂੰ ਟਰੈਕਟਰ ਰੈਲੀ ਦੀ ਵੀ ਇਜਾਜ਼ਤ ਮਿਲ ਗਈ ਹੈ। ਸੂਤਰਾਂ ਦੇ ਮੁਤਾਬਿਕ ਦਿੱਲੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਟਰੈਕਟਰ ਮਾਰਚ ਵਿੱਚ ਗੜਬੜੀ ਹੋਣ ਦਾ ਡਰ ਹੈ। ਇਸ ਬਾਰੇ ਕਿਸਾਨ ਸੰਗਠਨਾਂ ਨੂੰ ਵੀ ਚਿਤਾਵਨੀ ਦਿੱਤੀ ਗਈ ਹੈ। ਹੁਣ ਕਿਸਾਨ ਜਥੇਬੰਦੀਆਂ ਨੇ ਕਿਸਾਨ ਰੈਲੀ ਸੰਬੰਧੀ ਕੁਝ ਨਿਯਮ ਤੈਅ ਕੀਤੇ ਹਨ।
ਵੇਖੋ ਟਰੈਕਟਰ ਪਰੇਡ ਬਾਰੇ ਕੁਝ ਨਿਯਮ ਤੇ ਹਿਦਾਇਤਾਂ
ਕਿਸਾਨ ਸੰਗਠਨਾਂ ਵਲੋਂ ਪਰੇਡ ਤੋਂ ਪਹਿਲਾਂ ਲਈ ਨਿਯਮ
1. ਪਰੇਡ ਵਿਚ ਟਰੈਕਟਰ ਅਤੇ ਹੋਰ ਵਾਹਨ ਚੱਲਣਗੇ, ਪਰ ਟਰਾਲੀ ਨਹੀਂ ਜਾਏਗੀ। ਵਿਸ਼ੇਸ਼ ਝਾਂਕੀ ਦੇ ਨਾਲ ਟਰਾਲੀਆਂ ਨੂੰ ਛੋਟ ਦਿੱਤੀ ਜਾ ਸਕਦੀ ਹੈ। ਪਿੱਛੇ ਤੋਂ ਟਰਾਲੀ ਦੀ ਸੁਰੱਖਿਆ ਦਾ ਵੀ ਪ੍ਰਬੰਧ ਕਰਕੇ ਜਾਓ।
2. 24 ਘੰਟੇ ਰਾਸ਼ਨ ਪਾਣੀ ਆਪਣੇ ਨਾਲ ਪੈਕ ਕਰੋ ਅਤੇ ਜਦੋਂ ਜਾਮ ਵਿਚ ਫਸ ਜਾਂਦੇ ਹੋ ਤਾਂ ਠੰਡੇ ਤੋਂ ਬਚਨ ਦਾ ਪ੍ਰਬੰਧ ਕਰੋ।
3. ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ਹੈ ਕਿ ਹਰ ਟਰੈਕਟਰ ਜਾਂ ਵਾਹਨ 'ਤੇ ਕਿਸਾਨ ਸੰਗਠਨ ਦੇ ਝੰਡੇ ਦੇ ਨਾਲ ਰਾਸ਼ਟਰੀ ਝੰਡਾ ਵੀ ਲਗਾਇਆ ਜਾਵੇ। ਕਿਸੇ ਪਾਰਟੀ ਦਾ ਝੰਡਾ ਨਹੀਂ ਲੱਗੇਗਾ।
4. ਕਿਸੇ ਵੀ ਤਰ੍ਹਾਂ ਦਾ ਹਥਿਆਰ ਆਪਣੇ ਨਾਲ ਨਾ ਰਖੋ, ਲਾਠੀਆਂ ਜਾਂ ਜੈਲੀ ਵੀ ਨਹੀਂ। ਕਿਸੇ ਭੜਕਾਊ ਜਾਂ ਨਕਾਰਾਤਮਕ ਨਾਅਰਿਆਂ ਨਾਲ ਬੈਨਰ ਨਾ ਲਗਾਓ।
5. ਪਰੇਡ ਵਿਚ ਆਪਣੀ ਸ਼ਮੂਲੀਅਤ ਬਾਰੇ ਦੱਸਣ ਲਈ, 8448385556 'ਤੇ ਮਿਸਡ ਕਾਲ ਕਰੋ।
ਬੀਤੇ ਦਿਨੀ ਦਿੱਲੀ ਪੁਲਿਸ ਨਾਲ ਮੁਲਾਕਾਤ ਤੋਂ ਬਾਅਦ ਯੋਗੇਂਦਰ ਯਾਦਵ ਨੇ ਕਿਹਾ ਕਿ 26 ਜਨਵਰੀ ਨੂੰ ਦਿੱਲੀ ਪੁਲਿਸ ਦੀ ਤਰਫੋਂ ਟਰੈਕਟਰ ਪਰੇਡ ਕੱਢਣ ਦੀ ਆਗਿਆ ਦਿੱਤੀ ਗਈ ਹੈ। ਸਾਰੇ ਸਾਥੀ ਆਪਣੀਆਂ ਟਰਾਲੀਆਂ ਲੈ ਕੇ ਬੈਠ ਗਏ। ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਿਰਫ ਟਰੈਕਟਰ ਲੈ ਕੇ ਆਉਣ, ਦਿੱਲੀ ਦੇ ਅੰਦਰ ਟਰਾਲੀ ਨਾ ਲਿਆਉਣ।