ਗੱਡੀ ਖ਼ਰੀਦਣ ਆਏ ਕਿਸਾਨ ਦਾ ਉਡਾਇਆ ਮਜ਼ਾਕ, ਕਿਸਾਨ ਨੇ ਮੰਗਵਾਈ ਸੇਲਜ਼ਮੈਨ ਤੋਂ ਮਾਫ਼ੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਸੇਲਜ਼ਮੈਨ ਨੇ ਕਿਸਾਨ ਦੇ ਕੱਪੜੇ ਵੇਖ ਗੱਡੀ ਵਿਖਾਉਣ ਤੋਂ ਕੀਤਾ ਇਨਕਾਰ

The farmer who came to buy the car was insulted,salesman apologized to farmer

ਮਹਿੰਦਰਾ ਕੰਪਨੀ ਦੇ ਸ਼ੋਅਰੂਮ 'ਚ ਗੱਡੀ ਖਰੀਦਣ ਗਿਆ ਸੀ ਕਿਸਾਨ

ਕਰਨਾਟਕ : ਸਿਆਣੇ ਕਹਿੰਦੇ ਨੇ ਕਿ ਕਿਸੇ ਸ਼ਖ਼ਸ ਦੀ ਪਛਾਣ ਉਸ ਦੇ ਕੱਪੜਿਆਂ ਨਾਲ ਨਹੀਂ ਕੀਤੀ ਜਾਂਦੀ। ਅਜਿਹੀ ਹੀ ਗ਼ਲਤੀ ਇਕ ਸ਼ੋਅਰੂਮ ਦਾ ਸੇਲਜ਼ਮੈਨ ਕਰ ਬੈਠਾ। ਮਾਮਲਾ ਕਰਨਾਟਕ ਦੇ ਤੁਮਕੁਰ ਜ਼ਿਲ੍ਹੇ ਦਾ ਹੈ ਜਿਥੇ ਪਿੰਡ ਰਾਮਨਪੱਲਿਆ ਦਾ ਕਿਸਾਨ ਕੈਮਪੇਗੌੜਾ ਆਰ.ਐਲ. ਮਹਿੰਦਰਾ ਕੰਪਨੀ ਦੇ ਸ਼ੋਅਰੂਮ 'ਚ ਗੱਡੀ ਖਰੀਦਣ ਗਿਆ ਸੀ।

ਉਸ ਦੇ ਨਾਲ ਕੁਝ ਦੋਸਤ ਵੀ ਸਨ। ਉਸ ਨੇ ਮਹਿੰਦਰਾ ਬੋਲੈਰੋ ਐਸ.ਯੂ.ਵੀ. ਬਾਰੇ ਪੁੱਛਿਆ ਤਾਂ ਸ਼ੋਅਰੂਮ ਦੇ ਸੇਲਜ਼ ਐਗਜ਼ੀਕਿਊਟਿਵ ਨੇ ਉਸ ਦੇ ਕੱਪੜਿਆਂ ਵੱਲ ਦੇਖਿਆ ਅਤੇ ਉਹ ਕਿਸਾਨ ਉਸ ਨੂੰ ਸਧਾਰਨ ਜਿਹਾ ਲੱਗਾ। ਉਸ ਨੇ ਸੋਚਿਆ ਕਿ ਇਹ ਲੋਕ ਸਿਰਫ਼ ਟਾਈਮ ਪਾਸ ਕਰਨ ਲਈ ਆਏ ਹਨ।

ਇਲਜ਼ਾਮ ਹੈ ਕਿ ਸੇਲਜ਼ਮੈਨ ਨੇ ਉਸ ਨੂੰ ਗੱਡੀ ਵਿਖਾਉਣ ਦੀ ਥਾਂ ਮਜ਼ਾਕ ਉਡਾਉਂਦਿਆਂ ਕਿਹਾ ਕਿ 10 ਲੱਖ ਰੁਪਏ ਤਾਂ ਦੂਰ ਦੀ ਗੱਲ, ਤੁਹਾਡੀ ਜੇਬ 'ਚ 10 ਰੁਪਏ ਵੀ ਨਹੀਂ ਹੋਣਗੇ। ਸੇਲਜ਼ਮੈਨ ਦੀ ਇਹ ਗੱਲ ਕਿਸਾਨ ਨੂੰ ਚੁੱਭ ਗਈ।  ਉਸ ਨੇ ਚੈਲੇਂਜ ਕੀਤਾ ਕਿ ਉਹ 30 ਮਿੰਟ ਅੰਦਰ 10 ਲੱਖ ਰੁਪਏ ਕੈਸ਼ ਲੈ ਕੇ ਆਵੇਗਾ ਅਤੇ ਉਸ ਨੂੰ ਗੱਡੀ ਦੀ ਡਿਲੀਵਰੀ ਵੀ ਅੱਜ ਹੀ ਕਰਨੀ ਪਵੇਗੀ। ਸੇਲਜ਼ਮੈਨ ਨੂੰ ਲੱਗਿਆ ਕਿ ਉਹ ਸਿਰਫ਼ ਮਜ਼ਾਕ ਕਰ ਰਹੇ ਹਨ ਅਤੇ ਡਰਾਵਾ ਦੇ ਰਹੇ ਹਨ।

ਕਿਸਾਨ ਮੁਤਾਬਕ ਸੇਲਜ਼ਮੈਨ ਨੇ ਸੋਚਿਆ ਹੋਵੇਗਾ ਕਿ ਇਹ ਲੋਕ ਇੰਨੀ ਜਲਦੀ ਪੈਸਿਆਂ ਦਾ ਇੰਤਜ਼ਾਮ ਕਿਵੇਂ ਕਰ ਸਕਣਗੇ, ਕਿਉਂਕਿ ਅੱਜ ਸ਼ੁੱਕਰਵਾਰ ਨੂੰ ਬੈਂਕ ਬੰਦ ਹਨ ਅਤੇ ਕੱਲ੍ਹ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੈ।  ਉਸ ਨੇ ਚੈਲੇਂਜ ਮਨਜ਼ੂਰ ਕਰ ਲਿਆ। ਕੈਮਪੇਗੌੜਾ ਅਤੇ ਉਸ ਦੇ ਦੋਸਤ ਸ਼ੋਅਰੂਮ ਤੋਂ ਬਾਹਰ ਆਏ ਅਤੇ 30 ਮਿੰਟਾਂ ਅੰਦਰ 10 ਲੱਖ ਰੁਪਏ ਨਕਦ ਲੈ ਕੇ ਸੇਲਜ਼ਮੈਨ ਨੂੰ ਸੌਂਪ ਦਿੱਤੇ। ਇਹ ਨਜ਼ਾਰਾ ਵੇਖ ਸ਼ੋਅਰੂਮ ਮੌਜੂਦ ਅੰਦਰ ਸਾਰੇ ਲੋਕ ਹੈਰਾਨ ਰਹਿ ਗਏ।

ਕੇਮਪੇਗੌੜਾ ਨੇ SUV ਦੀ ਡਿਲੀਵਰੀ ਕਰਨ ਲਈ ਕਿਹਾ, ਪਰ ਹੁਣ ਸੇਲਜ਼ ਸਟਾਫ਼ ਪ੍ਰੇਸ਼ਾਨ ਸੀ। ਸ਼ਨੀਵਾਰ-ਐਤਵਾਰ ਨੂੰ ਸਰਕਾਰੀ ਛੁੱਟੀ ਸੀ, ਉਨ੍ਹਾਂ ਨੇ ਕਾਰ ਦੀ ਡਿਲੀਵਰੀ ਲਈ 3 ਦਿਨ ਦਾ ਸਮਾਂ ਮੰਗਿਆ।ਇਸ ਪਿੱਛੋਂ ਹੰਗਾਮਾ ਹੋ ਗਿਆ, ਭੀੜ ਇਕੱਠੀ ਹੋ ਗਈ। ਕੇਮਪੇਗੌੜਾ ਤੇ ਉਸ ਦੇ ਦੋਸਤਾਂ ਨੇ ਪੁਲਿਸ ਨੂੰ ਬੁਲਾ ਲਿਆ। ਕਿਸਾਨ ਨੇ ਮੰਗ ਕੀਤੀ ਕਿ ਉਸ ਨੂੰ ਤੁਰੰਤ ਗੱਡੀ ਦਿੱਤੀ ਜਾਵੇ ਜਾਂ ਅਪਮਾਨ ਲਈ ਲਿਖ਼ਤੀ ਮਾਫ਼ੀ ਮੰਗੀ ਜਾਵੇ ਕਿਉਂਕਿ ਉਸ ਦੇ ਸਾਦੇ ਕੱਪੜਿਆਂ ਨੂੰ ਵੇਖ ਕੇ ਸੇਲਜ਼ਮੈਨ ਨੇ ਉਸ ਦੀ ਬੇਇੱਜ਼ਤੀ ਕੀਤੀ ਸੀ। ਅਖੀਰ 'ਚ ਸੇਲਜ਼ ਸਟਾਫ਼ ਨੂੰ ਕਿਸਾਨ ਅਤੇ ਉਸ ਦੇ ਦੋਸਤਾਂ ਨੂੰ ਮਾਫ਼ੀ ਮੰਗਣੀ ਹੀ ਪਈ।