ਗਾਂ ਦਾ ਗੋਹਾ ਬਚਾਉਂਦਾ ਹੈ ਪਰਮਾਣੂ ਰੇਡੀਏਸ਼ਨ ਤੋਂ, ਮੂਤਰ ਦੂਰ ਕਰਦਾ ਹੈ ਬਿਮਾਰੀਆਂ - ਸੈਸ਼ਨ ਕੋਰਟ ਜੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਜਿਸ ਦਿਨ ਧਰਤੀ 'ਤੇ ਗਾਂ ਦਾ ਲਹੂ ਡੁੱਲ੍ਹਣਾ ਬੰਦ ਹੋ ਗਿਆ, ਧਰਤੀ ਦੀਆਂ ਸਾਰੀਆਂ ਮੁਸ਼ਕਿਲਾਂ ਦੂਰ ਹੋ ਜਾਣਗੀਆਂ  

Representative Image

 

ਸੂਰਤ: ਗਊਆਂ ਦੀ ਗ਼ੈਰ-ਕਨੂੰਨੀ ਤਸਕਰੀ ਨਾਲ ਸੰਬੰਧਿਤ ਇੱਕ ਮੁਕੱਦਮੇ 'ਤੇ ਆਪਣੇ ਫ਼ੈਸਲੇ ਵਿੱਚ, ਤਾਪੀ ਜ਼ਿਲ੍ਹੇ ਦੀ ਇੱਕ ਸੈਸ਼ਨ ਅਦਾਲਤ ਦੇ ਜੱਜ ਨੇ ਦੇਸ਼ ਵਿੱਚ ਗਊਆਂ ਦੀ ਸੁਰੱਖਿਆ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਦਾਅਵਾ ਕੀਤਾ ਕਿ "ਵਿਗਿਆਨ ਨੇ ਸਾਬਤ ਕੀਤਾ ਹੈ ਕਿ ਗਾਂ ਦੇ ਗੋਹੇ ਨਾਲ ਬਣੇ ਘਰਾਂ 'ਤੇ ਪਰਮਾਣੂ ਰੇਡੀਏਸ਼ਨ ਦਾ ਅਸਰ ਨਹੀਂ ਹੁੰਦਾ।"

ਸੈਸ਼ਨ ਕੋਰਟ ਦੇ ਜੱਜ, ਸਮੀਰ ਵਿਆਸ ਨੇ ਗਊਆਂ ਨੂੰ 'ਮਾਂ' ਦੱਸਦੇ ਹੋਏ ਸੰਸਕ੍ਰਿਤ ਸ਼ਲੋਕਾਂ ਦਾ ਹਵਾਲਾ ਦਿੰਦੇ ਹੋਏ ਕਿਹਾ, "ਗਾਂ ਦਾ ਪਿਸ਼ਾਬ ਬਹੁਤ ਸਾਰੀਆਂ ਲਾਇਲਾਜ ਬਿਮਾਰੀਆਂ ਦਾ ਇਲਾਜ ਕਰ ਸਕਦਾ ਹੈ।" 

ਹਾਲਾਂਕਿ ਇਸ ਮਾਮਲੇ ਸੰਬੰਧੀ ਇਹ ਫ਼ੈਸਲਾ ਨਵੰਬਰ 2022 'ਚ ਆਇਆ ਸੀ, ਇਸ ਫ਼ੈਸਲੇ ਦੇ ਵੇਰਵੇ ਤੇ ਸਮੱਗਰੀ ਹਾਲ ਹੀ ਵਿੱਚ ਸਾਹਮਣੇ ਆਈ। ਅਦਾਲਤ ਨੇ ਇਹ ਟਿੱਪਣੀ ਨਾਸਿਕ ਦੇ ਮਾਲੇਗਾਓਂ ਦੇ ਮੰਗਲਯਾਰਡ ਵਾਸੀ ਮੁਹੰਮਦ ਆਮੀਨ ਆਰਿਫ਼ ਅੰਜੁਮ (22) ਨੂੰ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਤੋਂ ਇਲਾਵਾ 5 ਲੱਖ ਰੁਪਏ ਜੁਰਮਾਨਾ ਕਰਨ ਤੋਂ ਬਾਅਦ ਕੀਤੀ।

ਅੰਜੁਮ ਨੂੰ ਗੁਜਰਾਤ ਐਨੀਮਲ ਪ੍ਰੀਜ਼ਰਵੇਸ਼ਨ ਐਕਟ, ਪ੍ਰੀਵੈਨਸ਼ਨ ਆਫ ਕਰੂਏਲਟੀ ਟੂ ਐਨੀਮਲਜ਼ ਐਕਟ ਅਤੇ ਹੋਰ ਐਕਟ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ ਗਊਆਂ ਅਤੇ ਬਲਦਾਂ ਨੂੰ ਗੁਜਰਾਤ ਤੋਂ ਮਹਾਰਾਸ਼ਟਰ ਲਿਜਾਣ ਲਈ ਦੋਸ਼ੀ ਠਹਿਰਾਇਆ ਗਿਆ ਸੀ।

ਜੱਜ ਸਮੀਰ ਵਿਆਸ ਨੇ ਅੱਗੇ ਕਿਹਾ ਕਿ ਭਾਵੇਂ ਭਾਰਤ ਦੀ ਆਜ਼ਾਦੀ ਨੂੰ 75 ਸਾਲ ਬੀਤ ਚੁੱਕੇ ਹਨ, ਪਰ ਗਊ ਹੱਤਿਆ ਦੀਆਂ ਘਟਨਾਵਾਂ ਹੈਰਾਨੀਜਨਕ ਤੌਰ 'ਤੇ ਵਧ ਰਹੀਆਂ ਹਨ।

ਵੇਰਵਿਆਂ ਅਨੁਸਾਰ ਉਨ੍ਹਾਂ ਕਿਹਾ, “ਜਿਸ ਦਿਨ ਗਾਂ ਦੇ ਖ਼ੂਨ ਦੀ ਇੱਕ ਬੂੰਦ ਵੀ ਧਰਤੀ 'ਤੇ ਡਿੱਗਣੀ ਬੰਦ ਹੋ ਜਾਵੇਗੀ, ਧਰਤੀ ਦੀਆਂ ਸਾਰੀਆਂ ਸਮੱਸਿਆਵਾਂ ਉਸ ਦਿਨ ਹੱਲ ਹੋ ਜਾਣਗੀਆਂ। ਭਾਵੇਂ ਅਸੀਂ ਗਊ ਰੱਖਿਆ ਦੀ ਗੱਲ ਕਰਦੇ ਹਾਂ ਪਰ ਇਸ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਨਹੀਂ ਕੀਤਾ ਜਾਂਦਾ। ਗਊ ਹੱਤਿਆ ਅਤੇ ਗ਼ੈਰ-ਕਾਨੂੰਨੀ ਢੋਆ-ਢੁਆਈ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਇਹ ਸੱਭਿਅਕ ਸਮਾਜ ਲਈ ਸ਼ਰਮਨਾਕ ਹੈ।”