Delhi Assembly Elections: ਦਿੱਲੀ ਦੇ ਕਬਾੜੀ ਕੋਲ ਮਿਲੇ 'ਆਪ' ਵਲੋਂ ਭਰੇ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਦੇ 30 ਹਜ਼ਾਰ ਫ਼ਾਰਮ : ਭਾਜਪਾ

ਏਜੰਸੀ

ਖ਼ਬਰਾਂ, ਰਾਸ਼ਟਰੀ

Delhi Assembly Elections: ਕਿਹਾ, ਇਹ ਤਾਂ ਸਿਰਫ਼ ਇਕ ਵਿਧਾਨ ਸੀਟ ਦਾ ਵੇਰਵਾ, 70 ’ਚ ਕਿੰਨਾ ਲੁੱਟਿਆ ਹੋਣਾ

30 thousand forms of Chief Minister Mahila Samman Yojana found near a junkyard in Delhi: BJP

 

Delhi Assembly Elections: ਦਿੱਲੀ ’ਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਮ ਆਦਮੀ ਪਾਰਟੀ (ਆਪ) ’ਤੇ ਵੱਡਾ ਦੋਸ਼ ਲਗਾਇਆ ਹੈ। ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਦਾਅਵਾ ਕੀਤਾ ਹੈ ਕਿ ‘ਆਪ’ ਨੇ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਲਈ ਔਰਤਾਂ ਤੋਂ ਜੋ ਫ਼ਾਰਮ ਭਰਵਾਏ ਸਨ ਉਹ ਕਬਾੜੀ ਨੂੰ ਦੇ ਦਿਤੇ। ਸਚਦੇਵਾ ਨੇ ਦਾਅਵਾ ਕੀਤਾ ਹੈ ਕਿ ਇਕ ਕਬਾੜੀ ਕੋਲ ਅਜਿਹੇ 30 ਹਜ਼ਾਰ ਫ਼ਾਰਮ, ਆਧਾਰ, ਪੈਨ, ਵੋਟਰ ਕਾਰਡ ਅਤੇ ਬੈਂਕ ਵੇਰਵੇ ਵੀ ਮਿਲੇ ਹਨ।

ਵਰਿੰਦਰ ਸਚਦੇਵਾ ਨੇ ਸਨਿਚਰਵਾਰ ਸਵੇਰੇ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਮੀਡੀਆ ਦੇ ਸਾਹਮਣੇ ਫ਼ਾਰਮ ਅਤੇ ਦਸਤਾਵੇਜ਼ਾਂ ਦੇ ਢੇਰ ਦਿਖਾਏ। ਉਨ੍ਹਾਂ ਦਾਅਵਾ ਕੀਤਾ ਕਿ ਇਹ ਫ਼ਾਰਮ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਦੇ ਹਨ, ਜੋ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਭਰੇ ਗਏ ਸਨ। ਸਚਦੇਵਾ ਨੇ ਦਸਿਆ ਕਿ ਤਿਮਾਰਪੁਰ ਵਿਧਾਨ ਸਭਾ ਹਲਕੇ ਦੇ ਇਕ ਕਬਾੜੀ ਕੋਲ 30 ਹਜ਼ਾਰ ਅਜਿਹੇ ਫ਼ਾਰਮ, ਔਰਤਾਂ ਦੇ ਆਧਾਰ, ਪੈਨ ਕਾਰਡ ਅਤੇ ਬੈਂਕ ਵੇਰਵੇ ਸਨ। ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਕਬਾੜੀਏ ਨੇ ਦਸਤਾਵੇਜ਼ ਭਾਜਪਾ ਉਮੀਦਵਾਰ ਨੂੰ ਦਿਤੇ ਹਨ।

ਵਰਿੰਦਰ ਸਚਦੇਵਾ ਨੇ ਕਿਹਾ, ‘ਅਰਵਿੰਦ ਕੇਜਰੀਵਾਲ ਦਿੱਲੀ ਦੇ ਲੋਕਾਂ ਨੂੰ ਲਗਾਤਾਰ ਲੁੱਟਣ ਅਤੇ ਧੋਖਾ ਦੇਣ ਦਾ ਕੰਮ ਕਰਦੇ ਹਨ। ਝੂਠੇ ਵਾਅਦੇ ਕਰਨੇ, ਝੂਠੇ ਐਲਾਨ ਕਰਨੇ ਤੇ ਹੋਰ ਵੀ ਬਹੁਤ ਕੁੱਝ। ਜਿਹੜੀਆਂ ਚੀਜਾਂ ਮੈਂ ਅੱਜ ਸਾਹਮਣੇ ਲੈ ਕੇ ਆਇਆਂ ਹਾਂ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਉਹ ਦਿੱਲੀ ਦੇ ਲੋਕਾਂ ਨੂੰ ਧੋਖਾ ਦੇਣ ਦਾ ਕੰਮ ਕਰ ਰਹੇ ਹਨ। ਮਾਵਾਂ-ਭੈਣਾਂ ਦੇ ਵਿਸ਼ਵਾਸਾਂ ਨਾਲ ਖੇਡਦੇ ਹਨ। ਅਰਵਿੰਦ ਕੇਜਰੀਵਾਲ ਨੇ ਮਹਿਲਾ ਸਨਮਾਨ ਯੋਜਨਾ ਨੂੰ ਲੈ ਕੇ 2100 ਰੁਪਏ ਦੇਣ ਦੇ ਵੱਡੇ ਦਾਅਵੇ ਕੀਤੇ ਹਨ। ਘਰ-ਘਰ ਜਾ ਕੇ ਰਜਿਸਟਰੇਸ਼ਨ ਕਰਵਾਈ ਗਈ। ਉਹ ਡਾਟਾ ਵੀ ਲਿਆ ਗਿਆ ਸੀ, ਜਿਸ ਦੀਆਂ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਸਨ ਕਿ ਡਿਜੀਟਲ ਫਰਾਡ ਅਚਾਨਕ ਵਧ ਗਏ ਹਨ।’’

ਸਚਦੇਵਾ ਨੇ ਕਿਹਾ ਕਿ ਇਹ ਸਿਰਫ਼ ਇਕ ਵਿਧਾਨ ਸਭਾ ਸੀਟ ਤਿਮਾਰਪੁਰ ਦਾ ਡਾਟਾ ਹੈ। ਮਹਿਲਾ ਸਨਮਾਨ ਯੋਜਨਾ ਦੇ ਸਿਰਫ਼ ਇਕ ਸੀਟ ਵਿਚ 30 ਹਜ਼ਾਰ ਫ਼ਾਰਮ ਮਿਲੇ ਹਨ। 70 ਵਿਧਾਨ ਸਭਾ ਵਿਚ ਕਿੰਨਾ ਲੁੱਟਿਆ ਹੋਵੇਗਾ, ਤੁਸੀਂ ਸਮਝ ਸਕਦੇ ਹੋ। ਸਚਦੇਵਾ ਨੇ ਕਿਹਾ ਕਿ ਪਤਾ ਨਹੀਂ ਇਹ ਡੇਟਾ ਕਿੰਨੇ ਲੋਕਾਂ ਕੋਲ ਜਾਵੇਗਾ ਅਤੇ ਕਿਸ ਦੇ ਖਾਤੇ ਵਿਚੋਂ ਕਿੰਨੇ ਪੈਸੇ ਨਿਕਲਣਗੇ ਇਸ ਦਾ ਕੋਈ ਅੰਦਾਜ਼ਾ ਲਗਾ ਸਕਦਾ ਹੈ?