Madhya Pradesh: ਮੱਧ ਪ੍ਰਦੇਸ਼ ਦੇ 17 ਧਾਰਮਕ ਪੱਖ ਤੋਂ ਮਹੱਤਵਪੂਰਨ ਸ਼ਹਿਰਾਂ ’ਚ ਸ਼ਰਾਬ ਦੀਆਂ ਦੁਕਾਨਾਂ ਬੰਦ
ਉਨ੍ਹਾਂ ਦਸਿਆ ਕਿ ਖਰਗੋਨ ਜ਼ਿਲ੍ਹੇ ਦੇ ਮਹੇਸ਼ਵਰ ਵਿਖੇ ਹੋਈ ਕੈਬਨਿਟ ਦੀ ਮੀਟਿੰਗ ’ਚ ਇਹ ਫੈਸਲਾ ਕੀਤਾ ਗਿਆ
Madhya Pradesh: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੂਬੇ ਦੇ 17 ਧਾਰਮਕ ਤੌਰ ’ਤੇ ਮਹੱਤਵਪੂਰਨ ਸ਼ਹਿਰਾਂ ’ਚ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਦਸਿਆ ਕਿ ਖਰਗੋਨ ਜ਼ਿਲ੍ਹੇ ਦੇ ਮਹੇਸ਼ਵਰ ਵਿਖੇ ਹੋਈ ਕੈਬਨਿਟ ਦੀ ਮੀਟਿੰਗ ’ਚ ਇਹ ਫੈਸਲਾ ਕੀਤਾ ਗਿਆ। ਇਨ੍ਹਾਂ 17 ਸ਼ਹਿਰਾਂ ’ਚ ਇਕ ਨਗਰ ਨਿਗਮ, ਛੇ ਨਗਰ ਪਾਲਿਕਾਵਾਂ, ਛੇ ਨਗਰ ਕੌਂਸਲਾਂ ਅਤੇ ਛੇ ਗ੍ਰਾਮ ਪੰਚਾਇਤਾਂ ਸ਼ਾਮਲ ਹਨ।
ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਇਨ੍ਹਾਂ ਦੁਕਾਨਾਂ ਨੂੰ ਕਿਸੇ ਹੋਰ ਥਾਂ ’ਤੇ ਤਬਦੀਲ ਨਹੀਂ ਕੀਤਾ ਜਾਵੇਗਾ। ਉਜੈਨ ਨਗਰ ਨਿਗਮ ਦੀ ਹੱਦ ’ਚ ਸ਼ਰਾਬ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਯਾਦਵ ਨੇ ਕਿਹਾ ਕਿ ਜਿਨ੍ਹਾਂ ਇਲਾਕਿਆਂ ’ਚ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ, ਉਨ੍ਹਾਂ ’ਚ ਦਤੀਆ, ਪੰਨਾ, ਮੰਡਲਾ, ਮੁਲਤਾਈ, ਮੰਦਸੌਰ ਅਤੇ ਮੈਹਰ ਨਗਰ ਪਾਲਿਕਾਵਾਂ ਦੇ ਨਾਲ-ਨਾਲ ਓਮਕਾਰੇਸ਼ਵਰ, ਮਹੇਸ਼ਵਰ, ਮੰਡਲੇਸ਼ਵਰ, ਓਰਚਾ, ਚਿੱਤਰਕੂਟ ਅਤੇ ਅਮਰਕੰਟਕ ਨਗਰ ਕੌਂਸਲਾਂ ਸ਼ਾਮਲ ਹਨ।
ਛੇ ਗ੍ਰਾਮ ਪੰਚਾਇਤਾਂ ’ਚ ਸਲਕਾਨਪੁਰ, ਬਰਮਨ, ਕਾਲਾ, ਲਿੰਗਾ, ਕੁੰਡਲਪੁਰ, ਬੰਦਕਪੁਰ ਅਤੇ ਬਰਮਨ ਖੁਰਦ ਸ਼ਾਮਲ ਹਨ। ਯਾਦਵ ਨੇ ਕਿਹਾ ਕਿ ਨਰਮਦਾ ਨਦੀ ਦੇ 5 ਕਿਲੋਮੀਟਰ ਦੇ ਘੇਰੇ ’ਚ ਸ਼ਰਾਬ ’ਤੇ ਪਾਬੰਦੀ ਜਾਰੀ ਰਹੇਗੀ। (ਪੀਟੀਆਈ)