Supreme Court News: ਨਾਬਾਲਗ਼ ਬੇਟੀਆਂ ਨੂੰ ਘਰੋਂ ਬਾਹਰ ਕੱਢਣ ਲਈ ਪਿਉ ’ਤੇ ਭੜਕੀ ਸੁਪਰੀਮ ਕੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

Supreme Court News: ਕਿਹਾ, ਬੇਟੀਆਂ ਨੇ ਇਸ ਦੁਨੀਆਂ ’ਚ ਆ ਕੇ ਕੋਈ ਗ਼ਲਤੀ ਕੀਤੀ, ਤੁਸੀਂ ਇਨਸਾਨ ਤੇ ਜਾਨਵਰ ਦਾ ਫ਼ਰਕ ਹੀ ਖ਼ਤਮ ਕਰ ਦਿਤਾ ਹੈ

Supreme Court lashes out at father for throwing minor daughters out of house

 

ਤੁਹਾਡੀ ਦਿਲਚਸਪੀ ਸਿਰਫ਼ ਬੱਚੇ ਪੈਦਾ ਕਰਨ ’ਚ, ਅਜਿਹੇ ਜ਼ਾਲਮ ਵਿਅਕਤੀ ਨੂੰ ਅਦਾਲਤ ’ਚ ਵੜਨ ਨਾ ਦਿਤਾ ਜਾਵੇ

Supreme Court News: ਸੁਪਰੀਮ ਕੋਰਟ ਨੇ ਇਕ ਵਿਅਕਤੀ ਨੂੰ ਅਪਣੀ ਪਤਨੀ ਅਤੇ ਨਾਬਾਲਗ਼ ਧੀਆਂ ਨੂੰ ਘਰੋਂ ਬਾਹਰ ਕੱਢਣ ਦੇ ਮਾਮਲੇ ਵਿਚ ਝਾੜ ਪਾਈ ਹੈ। ਅਦਾਲਤ ਨੇ ਕਿਹਾ ਕਿ ਅਜਿਹੇ ਵਿਵਹਾਰ ਨੇ ਮਨੁੱਖ ਅਤੇ ਜਾਨਵਰ ਵਿਚ ਬੁਨਿਆਦੀ ਅੰਤਰ ਨੂੰ ਹੀ ਖ਼ਤਮ ਕਰ ਦਿਤਾ ਹੈ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਐਨ ਕੋਟਿਸ਼ਵਰ ਸਿੰਘ ਦੇ ਬੈਂਚ ਨੇ ਪੁਛਿਆ, ‘ਤੁਸੀਂ ਕਿਸ ਤਰ੍ਹਾਂ ਦੇ ਵਿਅਕਤੀ ਹੋ ਜੋ ਆਪਣੀਆਂ ਨਾਬਾਲਗ਼ ਧੀਆਂ ਦੀ ਵੀ ਪਰਵਾਹ ਨਹੀਂ ਕਰਦੇ? ਨਾਬਾਲਗ਼ ਧੀਆਂ ਨੇ ਇਸ ਦੁਨੀਆ ਵਿਚ ਆ ਕੇ ਕੀ ਗ਼ਲਤ ਕੀਤਾ?’ ਬੈਂਚ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ, ‘‘ਉਸ ਦੀ ਦਿਲਚਸਪੀ ਸਿਰਫ਼ ਕਈ ਬੱਚੇ ਪੈਦਾ ਕਰਨ ਵਿਚ ਸੀ। ਅਸੀਂ ਅਜਿਹੇ ਜ਼ਾਲਮ ਵਿਅਕਤੀ ਨੂੰ ਅਪਣੀ ਅਦਾਲਤ ਵਿਚ ਦਾਖ਼ਲ ਨਹੀਂ ਹੋਣ ਦੇ ਸਕਦੇ। ਦਿਨ ਭਰ ਘਰ ਵਿਚ ਕਦੇ ਸਰਸਵਤੀ ਪੂਜਾ ਅਤੇ ਕਦੇ ਲਕਸ਼ਮੀ ਪੂਜਾ ਅਤੇ ਫਿਰ ਇਹ ਸਭ।’’

ਮਾਮਲੇ ਦੇ ਤੱਥਾਂ ਤੋਂ ਦੁਖੀ, ਬੈਂਚ ਨੇ ਕਿਹਾ ਕਿ ਉਹ ਵਿਅਕਤੀ ਨੂੰ ਉਦੋਂ ਤਕ ਅਦਾਲਤ ਵਿਚ ਦਾਖ਼ਲ ਨਹੀਂ ਹੋਣ ਦੇਵੇਗਾ ਜਦੋਂ ਤਕ ਉਹ ਆਪਣੀਆਂ ਧੀਆਂ ਅਤੇ ਵੱਖ ਰਹਿ ਰਹੀ ਪਤਨੀ ਨੂੰ ਗੁਜ਼ਾਰਾ ਭੱਤਾ ਜਾਂ ਕੁਝ ਖੇਤੀਬਾੜੀ ਜ਼ਮੀਨ ਨਹੀਂ ਦਿੰਦਾ। ਬੈਂਚ ਨੇ ਉਸ ਦੇ ਵਕੀਲ ਨੂੰ ਕਿਹਾ, ‘‘ਇਸ ਵਿਅਕਤੀ ਨੂੰ ਕਹੋ ਕਿ ਉਹ ਆਪਣੀਆਂ ਧੀਆਂ ਦੇ ਨਾਂ ’ਤੇ ਕੁੱਝ ਖੇਤੀ ਵਾਲੀ ਜ਼ਮੀਨ ਜਾਂ ਪੈਸੇ ਫ਼ਿਕਸਡ ਡਿਪਾਜ਼ਿਟ ਦੇ ਤੌਰ ’ਤੇ ਜਮ੍ਹਾਂ ਕਰਵਾਏ ਜਾਂ ਪਾਲਨ-ਪੋਸ਼ਣ ਲਈ ਰਕਮ ਦੇਵੇ। ਇਸ ਤੋਂ ਬਾਅਦ ਅਦਾਲਤ ਉਸ ਦੇ ਹੱਕ ਵਿਚ ਕੋਈ ਹੁਕਮ ਦੇਣ ਬਾਰੇ ਸੋਚ ਸਕਦੀ ਹੈ।’’

ਹੇਠਲੀ ਅਦਾਲਤ ਨੇ ਝਾਰਖੰਡ ਦੇ ਇਕ ਵਿਅਕਤੀ ਨੂੰ ਉਸ ਤੋਂ ਵੱਖ ਰਹਿ ਰਹੀ ਪਤਨੀ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ੀ ਠਹਿਰਾਇਆ। ਇਸ ਵਿਅਕਤੀ ’ਤੇ ਧੋਖੇ ਨਾਲ ਅਪਣੀ ਪਤਨੀ ਦੀ ਬੱਚੇਦਾਨੀ ਕਢਵਾਉਣ ਅਤੇ ਬਾਅਦ ਵਿਚ ਕਿਸੇ ਹੋਰ ਔਰਤ ਨਾਲ ਵਿਆਹ ਕਰਵਾਉਣ ਦਾ ਵੀ ਦੋਸ਼ ਹੈ। ਹੇਠਲੀ ਅਦਾਲਤ ਨੇ 2015 ਵਿਚ ਉਸ ਨੂੰ ਭਾਰਤੀ ਦੰਡਾਵਲੀ ਦੀ ਧਾਰਾ 498ਏ (ਵਿਆਹੀਆਂ ਔਰਤਾਂ ਨਾਲ ਬੇਰਹਿਮੀ ਕਰਨਾ) ਦੇ ਤਹਿਤ ਦੋਸ਼ੀ ਠਹਿਰਾਇਆ ਸੀ ਅਤੇ ਉਸ ਨੂੰ ਢਾਈ ਸਾਲ ਦੀ ਸਖ਼ਤ ਕੈਦ ਤੋਂ ਇਲਾਵਾ 5,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। 2009 ਵਿਚ ਕੇਸ ਦਰਜ ਹੋਇਆ ਸੀ ਅਤੇ ਉਸ ਨੇ 11 ਮਹੀਨੇ ਹਿਰਾਸਤ ਵਿਚ ਬਿਤਾਏ ਸਨ। 24 ਸਤੰਬਰ, 2024 ਨੂੰ ਝਾਰਖੰਡ ਹਾਈ ਕੋਰਟ ਨੇ ਸਜ਼ਾ ਘਟਾ ਕੇ ਡੇਢ ਸਾਲ ਕਰ ਦਿਤੀ ਅਤੇ ਜੁਰਮਾਨਾ ਵਧਾ ਕੇ 1 ਲੱਖ ਰੁਪਏ ਕਰ ਦਿਤਾ। ਦੋਵਾਂ ਦਾ ਵਿਆਹ 2003 ’ਚ ਹੋਇਆ ਸੀ ਅਤੇ ਪਤਨੀ ਕਰੀਬ ਚਾਰ ਮਹੀਨੇ ਸਹੁਰੇ ਘਰ ਰਹੀ, ਜਿਸ ਤੋਂ ਬਾਅਦ ਉਸ ਨੂੰ 50,000 ਰੁਪਏ ਦੇ ਦਾਜ ਦੀ ਮੰਗ ਨੂੰ ਲੈ ਕੇ ਤੰਗ ਪ੍ਰੇਸ਼ਾਨ ਕੀਤਾ ਗਿਆ।