ਛੱਤੀਸਗੜ੍ਹ 'ਚ ਰਾਤੋ-ਰਾਤ ਚੋਰੀ ਹੋ ਗਿਆ 60 ਫ਼ੁੱਟ ਲੰਮਾ ਪੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੋਰੀ ਵਿਚ ਸ਼ਾਮਲ ਕੁਲ 15 ਲੋਕਾਂ ਵਿਚੋਂ ਪੰਜ ਜਣਿਆਂ ਨੂੰ ਕੀਤਾ ਗ੍ਰਿਫ਼ਤਾਰ

60 feet long bridge stolen overnight in Chhattisgarh

ਕੋਰਬਾ : ਛੱਤੀਸਗੜ੍ਹ ਦੇ ਕੋਰਬਾ ਸ਼ਹਿਰ ’ਚ ਨਹਿਰ ਉਤੇ ਬਣਿਆ ਲਗਭਗ 40 ਸਾਲ ਪੁਰਾਣਾ ਲੋਹੇ ਦਾ ਪੁਲ ਚੋਰੀ ਹੋ ਗਿਆ। ਲਗਭਗ 10 ਟਨ ਭਾਰ ਦਾ ਇਹ ਪੁਲ ਗੈਸ ਕਟਰ ਨਾਲ ਕੱਟ ਕੇ ਚੋਰੀ ਕੀਤਾ ਗਿਆ ਸੀ ਅਤੇ ਪੁਲਿਸ ਨੂੰ ਇਸ ਦੀ ਜਾਣਕਾਰੀ ਉਦੋਂ ਮਿਲੀ ਜਦੋਂ ਸਥਾਨਕ ਲੋਕਾਂ ਨੇ ਸਵੇਰੇ ਪੁਲ ਨੂੰ ਗਾਇਬ ਪਾਇਆ।

ਪੁਲਿਸ ਅਧਿਕਾਰੀਆਂ ਨੇ ਘਟਨਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਚੋਰੀ ਵਿਚ ਕੁਲ 15 ਲੋਕ ਸ਼ਾਮਲ ਸਨ, ਜਿਨ੍ਹਾਂ ’ਚੋਂ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਾ ਗਿਆ ਹੈ ਜਦਕਿ ਬਾਕੀ ਮੁਲਜ਼ਮ ਫਰਾਰ ਹਨ। ਕੋਰਬਾ ਜ਼ਿਲ੍ਹੇ ਦੇ ਵਧੀਕ ਪੁਲਿਸ ਸੂਪਰਡੈਂਟ ਲਖਨ ਪਟਲੇ ਅਨੁਸਾਰ 18 ਜਨਵਰੀ ਦੀ ਸਵੇਰ ਢੋਢੀਪਾਰਾ ਖੇਤਰ ਦੇ ਵਾਸੀ ਰੋਜ਼ ਵਾਂਗ ਨਹਿਰ ਵਾਰ ਕਰਨ ਪਹੁੰਚੇ, ਪਰ ਉਥੇ ਪੁਲ ਗਾਇਬ ਵੇਖ ਕੇ ਚੈਰਾਨ ਰਹਿ ਗਏ।

ਲੋਕਾਂ ਨੇ ਤੁਰਤ ਵਾਰਪ ਕੌਂਸਲਰ ਲਕਸ਼ਮਣ ਸ੍ਰੀਵਾਸ ਨੂੰ ਸੂਚਨਾ ਦਿਤੀ। ਕੌਂਸਲਰ ਦੀ ਸ਼ਿਕਾਇਤ ਉਤੇ ਸੀ.ਐਸ.ਈ.ਬੀ. ਪੁਲਿਸ ਚੌਕੀ ’ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਗੈਸ ਕਟਰ ਨਾਲ ਪੁਲ ਨੂੰ ਟੁਕੜਿਆਂ ’ਚ ਕੱਟਿਆ ਅਤੇ ਫਿਰ ਉਸ ਨੂੰ ਕਬਾੜ ਦੇ ਰੂਪ ’ਚ ਵੇਖਣ ਲਈ ਲੈ ਗਏ।

ਪੁਲਿਸ ਨੇ ਇਸ ਮਾਮਲੇ ’ਚ ਲੋਚਨ ਕੇਵਟ (20), ਜੈਸਿੰਘ ਰਾਜਪੂਤ (23), ਮੋਤੀ ਪ੍ਰਜਾਪਤੀ (27), ਸੁਮਿਤ ਸਾਹੂ (19) ਅਤੇ ਕੇਸ਼ਵਪੁਰੀ ਗੋਸਵਾਮੀ ਉਰਫ਼ ‘ਪਿਕਚਰ’ (22) ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ’ਚ ਸਾਜ਼ਸ਼ਕਰਤਾ ਸਾਹੂ ਅਤੇ ਅਸਲਮ ਖ਼ਾਨ ਸਮੇਤ 10 ਮੁਲਜ਼ਮ ਅਜੇ ਵੀ ਫਰਾਰ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।     (ਏਜੰਸੀ)