ਮੁੱਕ ਰਹੇ ਜਲ ਸੋਮੇ, ਵੱਧ ਰਹੀ ਪਿਆਸ ਦੁਨੀਆਂ ਦੀ ਅੱਧੀ ਆਬਾਦੀ ਜੂਝ ਰਹੀ ਹੈ ਜਲ ਸੰਕਟ ਨਾਲ : ਸੰਯੁਕਤ ਰਾਸ਼ਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਲੇਸ਼ੀਅਰ, ਝੀਲਾਂ ਅਤੇ ਧਰਤੀ ਹੇਠ ਪਾਣੀ ਦੀ ਕਮੀ

Half of the world's population is struggling with water crisis

ਨਵੀਂ ਦਿੱਲੀ/ਚੇਨਈ : ਸੰਯੁਕਤ ਰਾਸ਼ਟਰ ਦੀ ਨਵੀਂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੁਨੀਆ ਦੀ ਅੱਧੀ ਆਬਾਦੀ ਜਾਂ ਲਗਭਗ 4 ਅਰਬ ਲੋਕ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਰਿਪੋਰਟ ਵਿਚ ਚੇਤਾਵਨੀ ਦਿਤੀ ਗਈ ਹੈ ਕਿ ਦੁਨੀਆ ਦੇ 100 ਸਭ ਤੋਂ ਵੱਡੇ ਸ਼ਹਿਰਾਂ ਵਿਚੋਂ ਅੱਧੇ ਸ਼ਗਿਕ ਪਾਣੀ ਦੀ ਗੰਭੀਰ ਕਮੀ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਵਿਚ ਦਿੱਲੀ, ਬੀਜਿੰਗ, ਨਿਊਯਾਰਕ ਅਤੇ ਰੀਓ ਵਰਗੇ ਵੱਡੇ ਸ਼ਹਿਰ ਸ਼ਾਮਲ ਹਨ।

ਰਿਪੋਰਟ ਅਨੁਸਾਰ 39 ਸ਼ਹਿਰਾਂ ਵਿਚ ਸਥਿਤੀ ਬਹੁਤ ਗੰਭੀਰ ਹੈ। ਰਿਪੋਰਟ ਵਿਚ ਦਿੱਲੀ ਚੌਥੇ ਸਥਾਨ ’ਤੇ ਹੈ। ਕੋਲਕਾਤਾ ਨੌਵੇਂ, ਮੁੰਬਈ 12ਵੇਂ, ਬੰਗਲੁਰੂ 24ਵੇਂ ਅਤੇ ਚੇਨਈ 29ਵੇਂ ਸਥਾਨ ’ਤੇ ਹੈ। ਹੈਦਰਾਬਾਦ, ਅਹਿਮਦਾਬਾਦ, ਸੂਰਤ ਅਤੇ ਪੁਣੇ ਵੀ ਪਾਣੀ ਦੀ ਗੰਭੀਰ ਕਮੀ ਦਾ ਸਾਹਮਣਾ ਕਰ ਰਹੇ ਹਨ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ, ਪਾਣੀ ਤੋਂ ਪੂਰੀ ਤਰ੍ਹਾਂ ਖ਼ਤਮ ਹੋਣ ਵਾਲਾ ਪਹਿਲਾ ਆਧੁਨਿਕ ਸ਼ਹਿਰ ਬਣ ਸਕਦਾ ਹੈ।

ਮੈਕਸੀਕੋ ਸਿਟੀ ਬਹੁਤ ਜ਼ਿਆਦਾ ਭੂਮੀਗਤ ਪਾਣੀ ਦੀ ਵਰਤੋਂ ਕਾਰਨ ਪ੍ਰਤੀ ਸਾਲ ਲਗਭਗ 20 ਇੰਚ ਦੀ ਦਰ ਨਾਲ ਡੁੱਬ ਰਿਹਾ ਹੈ। ਸੰਯੁਕਤ ਰਾਜ ਅਮਰੀਕਾ ਦੇ ਦੱਖਣ-ਪੱਛਮੀ ਰਾਜਾਂ ਵਿਚ ਕੋਲੋਰਾਡੋ ਨਦੀ ਦੇ ਪਾਣੀ ਨੂੰ ਲੈ ਕੇ ਵਿਵਾਦ ਹੈ। ਰਿਪੋਰਟਾਂ ਅਨੁਸਾਰ ਨਦੀਆਂ ਅਤੇ ਝੀਲਾਂ ਸੁੰਗੜ ਰਹੀਆਂ ਹਨ, ਭੂਮੀਗਤ ਪਾਣੀ ਦਾ ਪੱਧਰ ਡਿਗ ਰਿਹਾ ਹੈ ਅਤੇ ਜਲ-ਭੂਮੀ ਸੁੱਕ ਰਹੀ ਹੈ। ਜ਼ਮੀਨ ਘੱਟ ਰਹੀ ਹੈ, ਸਿੰਕਹੋਲ ਬਣ ਰਹੇ ਹਨ ਅਤੇ ਮਾਰੂਥਲ ਫੈਲ ਰਹੇ ਹਨ।

ਲਗਭਗ 4 ਅਰਬ ਲੋਕ ਹਰ ਸਾਲ ਘੱਟੋ-ਘੱਟ ਇਕ ਮਹੀਨੇ ਲਈ ਪਾਣੀ ਦੀ ਕਮੀ ਦਾ ਸਾਹਮਣਾ ਕਰਦੇ ਹਨ। ਤਹਿਰਾਨ ਲਗਾਤਾਰ ਛੇਵੇਂ ਸਾਲ ਸੋਕੇ ਦਾ ਸਾਹਮਣਾ ਕਰ ਰਿਹਾ ਹੈ ਅਤੇ ਜ਼ੀਰੋ ਡੇ ਦੇ ਬਹੁਤ ਨੇੜੇ ਹੈ, ਉਹ ਦਿਨ ਜਦੋਂ ਇਸ ਦੇ ਨਾਗਰਿਕਾਂ ਲਈ ਕੋਈ ਪਾਣੀ ਨਹੀਂ ਬਚੇਗਾ। ਕੇਪ ਟਾਊਨ ਅਤੇ ਚੇਨਈ ਵੀ ਪਹਿਲਾਂ ਇਸ ਬਿੰਦੂ ’ਤੇ ਪਹੁੰਚ ਚੁੱਕੇ ਹਨ। ਸੰਯੁਕਤ ਰਾਸ਼ਟਰ ਯੂਨੀਵਰਸਿਟੀ ਦੇ ਜਲ, ਵਾਤਾਵਰਣ ਅਤੇ ਸਿਹਤ ਸੰਸਥਾ ਦੇ ਨਿਰਦੇਸ਼ਕ ਕਾਵੇਹ ਮਦਾਨੀ ਕਹਿੰਦੇ ਹਨ ਕਿ ਸਾਨੂੰ ਇਕ ਨਵੀਂ ਅਤੇ ਸੀਮਤ ਹਕੀਕਤ ਨਾਲ ਜੀਣਾ ਸਿੱਖਣਾ ਚਾਹੀਦਾ ਹੈ।        

ਗਲੇਸ਼ੀਅਰ, ਝੀਲਾਂ ਅਤੇ ਧਰਤੀ ਹੇਠ ਪਾਣੀ ਦੀ ਕਮੀ
ਦੁਨੀਆਂ ਦੀਆਂ ਅੱਧੀਆਂ ਪ੍ਰਮੁੱਖ ਝੀਲਾਂ ਨੇ 1990 ਤੋਂ ਬਾਅਦ ਪਾਣੀ ਗੁਆ ਦਿਤਾ ਹੈ। ਭੂਮੀਗਤ ਪਾਣੀ ਦੇ ਭੰਡਾਰਾਂ ਵਿਚ ਲਗਾਤਾਰ 70% ਦੀ ਗਿਰਾਵਟ ਆਈ ਹੈ। ਪਿਛਲੇ 50 ਸਾਲਾਂ ਵਿਚ ਯੂਰਪ ਦੇ ਬਹੁਤ ਸਾਰੇ ਜਲ-ਭੂਮੀ ਗਾਇਬ ਹੋ ਗਏ ਹਨ। 1970 ਤੋਂ ਬਾਅਦ ਗਲੇਸ਼ੀਅਰ ਲਗਭਗ 30% ਸੁੰਗੜ ਗਏ ਹਨ।