ਭਾਰਤ ਦੁਨੀਆ ’ਚ ਸ਼ਾਂਤੀ ਦਾ ਸੰਦੇਸ਼ ਫੈਲਾ ਰਿਹਾ ਹੈ : ਰਾਸ਼ਟਰਪਤੀ ਮੁਰਮੂ
ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ ਰਾਸ਼ਟਰਪਤੀ ਮੁਰਮੂ ਨੇ ਏਕਤਾ ਤੇ ਵਿਕਾਸ ਦਾ ਸੱਦਾ ਦਿਤਾ
ਨਵੀਂ ਦਿੱਲੀ: ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਵੱਖੋ-ਵੱਖ ਮਹਾਂਦੀਪਾਂ ’ਚ ਵਧਦੇ ਭੂ-ਰਾਜਨੀਤਿਕ ਤਣਾਅ ਵਿਚਕਾਰ ਐਤਵਾਰ ਨੂੰ ਕਿਹਾ ਕਿ ਭਾਤਰ ਵਿਸ਼ਵ ’ਚ ਸ਼ਾਂਤੀ ਦਾ ਸੰਦੇਸ਼ ਫੈਲਾ ਰਿਹਾ ਹੈ, ਜੋ ਮਨੁੱਖਤਾ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਬਹੁਤ ਅਹਿਮ ਹੈ।
ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਏਕਤਾ, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਮਜ਼ਬੂਤ ਕਰਨ ਦਾ ਸੱਦਾ ਦਿਤਾ। ਉਨ੍ਹਾਂ ਨੇ ਕਿਹਾ ਕਿ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਣ ਨਾਲ ਭਾਰਤ ਨੇ ਲੋਕਤੰਤਰਿਕ ਗਣਰਾਜ ਦਾ ਰੂਪ ਧਾਰਿਆ ਅਤੇ ਇਹ ਸੰਵਿਧਾਨ ਹੀ ਸਾਡੇ ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਦੇ ਆਦਰਸ਼ਾਂ ਦੀ ਨੀਂਹ ਹੈ।
ਮੁਰਮੂ ਨੇ 77ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਮੌਕੇ ਦੇਸ਼ ਨੂੰ ਸੰਬੋਧਨ ਕਰਦਿਆਂ ‘ਆਪਰੇਸ਼ਨ ਸੰਧੂਰ’ ਅਤੇ ਮਹਿਲਾ ਮਜ਼ਬੂਤੀਕਰਨ ਸਮੇਤ ਵੱਖੋ-ਵੱਖ ਮੁੱਦਿਆਂ ਬਾਰੇ ਗੱਲ ਕੀਤੀ ਅਤੇ ਵੰਦੇ ਮਾਤਰਮ ਅਤੇ ਦੇਸ਼ ਦੀ ਵਧਦੀ ਅਰਥਵਿਵਸਥਾ ਵਰਗੇ ਵਿਸ਼ਿਆਂ ਬਾਰੇ ਵੀ ਚਰਚਾ ਕਤੀ।
ਰਾਸ਼ਟਰਪਤੀ ਮੁਰਮੂ ਨੇ ਸ਼ਾਂਤ ਦੇ ‘ਸੰਦੇਸ਼ਵਾਹਕ’ ਦੇ ਰੂਪ ’ਚ ਭਾਰਤ ਦੀ ਸਥਿਤੀ ਨੂੰ ਉਜਾਗਰ ਕਰਦਿਆਂ ਸਰਬਵਿਆਪਕ ਭਾਈਚਾਰੇ ਪ੍ਰਤੀ ਪੁਰਾਤਨ ਸਭਿਅਤਾ ਹੇਠ ਵਚਨਬੱਧਤਾਵਾਂ ਨੂੰ ਮਜ਼ਬੂਤ ਕੀਤਾ। ਉਨ੍ਹਾਂ ਕਿਹਾ, ‘‘ਸਾਡੀ ਪਰੰਪਰਾ ’ਚ, ਸਾਰੀ ਕੁਦਰਤ ’ਚ ਸ਼ਾਂਤੀ ਦੇ ਬਣੇ ਰਹਿਣ ਦੀ ਪ੍ਰਾਰਥਨਾ ਕੀਤੀ ਜਾਂਦੀ ਰਹੀ ਹੈ। ਪੂਰੇ ਵਿਸ਼ਵ ’ਚ ਸ਼ਾਂਤਮਈ ਵਿਵਸਥਾ ਸਥਾਪਤ ਹੋਣ ਨਾਲ ਹੀ ਮਨੁੱਖਤਾ ਦਾ ਭਵਿੱਖ ਸੁਰੱਖਿਅਤ ਰਹਿ ਸਕਦਾ ਹੈ। ਵਿਸ਼ਵ ਦੇ ਕਈ ਖੇਤਰਾਂ ’ਚ ਫੈਲੀ ਅਸ਼ਾਂਤੀ ਦੇ ਵਾਤਾਵਰਣ ’ਚ, ਭਾਰਤ ਵਲੋਂ ਵਿਸ਼ਵ ਸ਼ਾਂਤੀ ਦਾ ਸੰਦੇਸ਼ ਪ੍ਰਸਾਰਿਤ ਕੀਤਾ ਜਾ ਰਿਹਾ ਹੈ।’’
ਅਪਣੇ ਸੰਬੋਧਨ ਦੌਰਾਨ, ਰਾਸ਼ਟਰਪਤੀ ਨੇ ਸਰਹੱਦ ਪਾਰ ਅਤਿਵਾਦੀ ਢਾਂਚੇ ਨੂੰ ਨਸ਼ਟ ਕਰਨ ਵਾਲੇ ਸਟੀਕ ਹਮਲੇ, ਆਪਰੇਸ਼ਨ ਸੰਧੂਰ ਦੀ ਹਾਲੀਆ ਸਫ਼ਲਤਾ ਉਤੇ ਚਾਨਣਾ ਪਾਉਂਦਿਆਂ ਰਾਸ਼ਟਰੀ ਸੁਰੱਖਿਆ ਪ੍ਰਤੀ ਵਚਨਬੱਧਤਾ ਨੂੰ ਵੀ ਉਜਾਗਰ ਕੀਤਾ। ਮੁਰਮੂ ਨੇ ਕਿਹਾ, ‘‘ਪਿਛਲੇ ਸਾਲ, ਸਾਡੇ ਦੇਸ਼ ਨੇ ਆਪਰੇਸ਼ਨ ਸੰਧੂਰ ਰਾਹੀਂ ਅਤਿਵਾਦੀਆਂ ਦੇ ਟਿਕਾਣਿਆਂ ਉਤੇ ਸਟੀਮ ਵਾਰ ਕੀਤਾ। ਅਤਿਵਾਦ ਦੇ ਕਈ ਟਿਕਾਣਿਆਂ ਨੂੰ ਢਾਹਿਆ ਅਤੇ ਬਹੁਤ ਸਾਰੇ ਅਤਿਵਾਦੀਆਂ ਨੂੰ ਉਨ੍ਹਾਂ ਦੇ ਅੰਜਾਮ ਤਕ ਪਹੁੰਚਾਇਆ ਗਿਆ।’’ ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਖੇਤਰ ’ਚ ਸਾਡੀ ਆਤਮਨਿਰਭਰਤਾ ਨਾਲ ਆਪਰੇਸ਼ਨ ਸੰਧੂਰ ਦੀ ਇਤਿਹਾਸਕ ਸਫ਼ਲਤਾ ਨੂੰ ਤਾਕਤ ਮਿਲੀ।
ਰਾਸ਼ਟਰਪਤੀ ਨੇ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਨਮ ਜਯੰਤੀ ਅਤੇ ‘ਵੰਦੇ ਮਾਤਰਮ’ ਦੇ 150 ਸਾਲਾਂ ਦੀਆਂ ਸਮਾਰੋਹਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਮਾਰੋਹ ਭਾਰਤੀ ਏਕਤਾ ਅਤੇ ਕੌਮੀ ਅਣਖ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਨਮ ਜਯੰਤੀ ‘ਪਰਾਕ੍ਰਮ ਦਿਵਸ’ ਵਜੋਂ ਮਨਾਉਣ ਦੀ ਮਹੱਤਤਾ ਉਤੇ ਵੀ ਰੌਸ਼ਨੀ ਪਾਈ।
ਰਾਸ਼ਟਰਪਤੀ ਮੁਰਮੂ ਨੇ ਦੇਸ਼ ਦੇ ਸਿਪਾਹੀਆਂ, ਕਿਸਾਨਾਂ, ਡਾਕਟਰਾਂ, ਅਧਿਆਪਕਾਂ, ਵਿਗਿਆਨੀਆਂ ਅਤੇ ਮਜ਼ਦੂਰਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਖ਼ਾਸ ਤੌਰ ’ਤੇ ਮਹਿਲਾਵਾਂ ਦੀ ਭੂਮਿਕਾ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਖੇਤੀਬਾੜੀ ਤੋਂ ਲੈ ਕੇ ਪੁਲਾੜ ਅਤੇ ਖੇਡਾਂ ਤਕ, ਭਾਰਤ ਦੀਆਂ ਧੀਆਂ ਨੇ ਵਿਸ਼ਵ ਪੱਧਰ ’ਤੇ ਨਵੀਂ ਮਿਸਾਲਾਂ ਕਾਇਮ ਕੀਤੀਆਂ ਹਨ। ‘ਨਾਰੀ ਸ਼ਕਤੀ ਵੰਦਨ ਐਕਟ’ ਨੂੰ ਮਹਿਲਾ ਮਜ਼ਬੂਤੀਕਰਨ ਵਲ ਇਕ ਇਤਿਹਾਸਕ ਕਦਮ ਦਸਿਆ।
ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਅਤੇ ਜਲਦੀ ਹੀ ਵਿਸ਼ਵ ਦੀ ਤੀਜੀ ਸੱਭ ਤੋਂ ਵੱਡੀ ਅਰਥਵਿਵਸਥਾ ਬਣਨ ਦਾ ਟੀਚਾ ਪ੍ਰਾਪਤ ਕਰੇਗੀ। ਉਨ੍ਹਾਂ ਨੇ ‘ਆਤਮਨਿਰਭਰਤਾ’ ਅਤੇ ‘ਸਵਦੇਸ਼ੀ’ ਨੂੰ ਵਿਕਾਸ ਦੇ ਮੂਲ ਸਿਧਾਂਤ ਵਜੋਂ ਦਰਸਾਇਆ।
ਰਾਸ਼ਟਰਪਤੀ ਨੇ ਵਾਤਾਵਰਣ ਸੰਭਾਲ, ਡਿਜ਼ਿਟਲ ਭੁਗਤਾਨ ਪ੍ਰਣਾਲੀ ਅਤੇ ਯੁਵਾ ਸ਼ਕਤੀ ਦੀ ਭੂਮਿਕਾ ਨੂੰ ਭਾਰਤ ਦੇ ਭਵਿੱਖ ਲਈ ਫੈਸਲਾਕੁੰਨ ਦਸਿਆ। ਉਨ੍ਹਾਂ ਨੇ ਕਿਹਾ ਕਿ ਗਣਤੰਤਰ ਦਿਵਸ ਸਾਨੂੰ ‘ਰਾਸ਼ਟਰ ਪਹਿਲਾਂ’ ਦੀ ਭਾਵਨਾ ਨਾਲ ਅੱਗੇ ਵਧਣ ਦਾ ਮੌਕਾ ਦਿੰਦਾ ਹੈ।
‘ਜੈ ਹਿੰਦ! ਜੈ ਭਾਰਤ!”’ ਨਾਲ ਸੰਦੇਸ਼ ਦੀ ਸਮਾਪਤੀ ਕਰਦਿਆਂ ਰਾਸ਼ਟਰਪਤੀ ਨੇ ਦੇਸ਼ ਵਾਸੀਆਂ ਨੂੰ ਖੁਸ਼ਹਾਲੀ, ਸ਼ਾਂਤੀ ਅਤੇ ਏਕਤਾ ਦੀਆਂ ਸ਼ੁਭਕਾਮਨਾਵਾਂ ਦਿਤੀਆਂ।