ਪੁਲਵਾਮਾ ਹਮਲੇ ਮਗਰੋਂ ਪਾਕਿਸਤਾਨ ਨੇ ਭਾਰਤ ਨਾਲ ਰਾਬਤਾ ਕਾਇਮ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸੀਨੀਅਰ ਭਾਰਤੀ ਆਗੂਆਂ ਨਾਲ ਮੁਲਾਕਾਤ ਕੀਤੀ ਹੈ.........

After the Pulwama attack Pakistan made contact with India

ਨਵੀਂ ਦਿੱਲੀ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸੀਨੀਅਰ ਭਾਰਤੀ ਆਗੂਆਂ ਨਾਲ ਮੁਲਾਕਾਤ ਕੀਤੀ ਹੈ। ਪੁਲਵਾਮਾ ਹਮਲੇ ਮਗਰੋਂ ਦੋਹਾਂ ਦੇਸ਼ਾਂ ਵਿਚਲੇ ਤਣਾਅ ਨੂੰ ਘੱਟ ਕਰਨ ਲਈ ਪਾਕਿਸਤਾਨ ਵਲੋਂ ਭਾਰਤ ਨਾਲ ਅਸਿੱਧੇ ਢੰਗ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ। ਐਕਸਪ੍ਰੈਸ ਟ੍ਰਿਬਿਊਨ ਨੇ ਖ਼ਬਰ ਦਿਤੀ ਹੈ, 'ਸਰਕਾਰ ਨੇ ਭਾਰਤ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿਤਾ ਹੈ ਅਤੇ ਸੱਤਾਧਿਰ ਪਾਕਿਸਤਾਨ ਤਹਿਰੀਕ ਏ ਇਨਸਾਫ਼ ਦੇ ਨੇਤਾ ਰਮੇਸ਼ ਕੁਮਾਰ ਵੰਕਵਾਨੀ ਜਿਹੜੇ ਪਿਛਲੇ ਹਫ਼ਤੇ ਭਾਰਤ ਵਿਚ ਸਨ,

ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ ਹੈ।'  ਵੰਕਵਾਨੀ ਨੇ ਫ਼ੋਨ 'ਤੇ ਦਸਿਆ, 'ਮੈਂ ਭਾਰਤੀ ਆਗੂਆਂ ਨੂੰ ਹਾਂਪੱਖੀ ਸੰਦੇਸ਼ ਦਿਤਾ ਹੈ ਅਤੇ ਮੈਨੂੰ ਉਮੀਦ ਹੈ ਕਿ ਉਨ੍ਹਾਂ ਦੇ ਵਿਹਾਰ ਵਿਚ ਬਦਲਾਅ ਆਵੇਗਾ।' ਵੰਕਵਾਨੀ ਨੇ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਨਾਲ ਵੀ ਮੁਲਾਕਾਤ ਕੀਤੀ। ਵੰਕਵਾਨੀ ਸਿੰਧ ਤੋਂ ਸੰਸਦ ਮੈਂਬਰ ਹਨ।  

ਉਹ 185 ਦੇਸ਼ਾਂ ਦੇ 220 ਮੈਂਬਰੀ ਵਫ਼ਦ ਦੇ ਹਿੱਸੇ ਵਜੋਂ ਭਾਰਤ ਵਿਚ ਸਨ। ਇਹ ਵਫ਼ਦ ਭਾਰਤ ਸਰਕਾਰ ਦੇ ਸੱਦੇ 'ਤੇ ਕੁੰਭ ਮੇਲੇ ਵਿਚ ਆਇਆ ਸੀ। ਵੰਕਵਾਨੀ ਨੇ ਕਿਹਾ ਕਿ ਮੋਦੀ ਪ੍ਰੋਗਰਾਮ ਵਿਚ ਮਿਲੇ ਅਤੇ ਉਨ੍ਹਾਂ ਉਸ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਮੋਦੀ ਨੂੰ ਕਿਹਾ ਕਿ ਉਹ ਹਾਂਪੱਖੀ ਸੁਨੇਹਾ ਲੈ ਕੇ ਆਏ ਹਨ ਅਤੇ ਹਾਂਪੱਖੀ ਸੁਨੇਹੇ ਨਾਲ ਮੁੜਨਾ ਚਾਹੁੰਦੇ ਹਨ। ਮੋਦੀ ਦੇ ਨਿਰਦੇਸ਼ 'ਤੇ ਸਵਰਾਜ ਨੇ ਉਨ੍ਹਾਂ ਨਾਲ 25 ਮਿੰਟ ਦੀ ਬੈਠਕ ਕੀਤੀ। (ਏਜੰਸੀ)