ਰਾਜਨੀਤੀ ਵਿਚ ਆ ਸਕਦੇ ਹਨ ਰਾਬਰਟ ਵਾਡਰਾ, ਦਿਤਾ ਸੰਕੇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਰਾਜਨੀਤੀ ਵਿਚ ਆ ਸਕਦੇ ਹਨ.......

Robert Vadra with Priyanka Vadra Gandhi

ਨਵੀਂ ਦਿੱਲੀ  : ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਰਾਜਨੀਤੀ ਵਿਚ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਰੁਧ ਜਾਰੀ ਮਾਮਲੇ ਖ਼ਤਮ ਹੋ ਜਾਣ 'ਤੇ ਉਹ ਲੋਕਾਂ ਦੀ ਸੇਵਾ ਲਈ ਵੱਡੀ ਭੂਮਿਕਾ ਨਿਭਾ ਸਕਦੇ ਹਨ। ਵਾਡਰਾ ਨੇ ਫ਼ੇਸਬੁਕ 'ਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਖ਼ਾਸਕਰ ਯੂਪੀ ਵਿਚ ਪ੍ਰਚਾਰ ਅਤੇ ਅਪਣੇ ਕੰਮ ਦੌਰਾਨ ਬਿਤਾਏ ਸਾਲਾਂ ਤੇ ਮਹੀਨਿਆਂ ਬਾਰੇ ਲਿਖਿਆ ਅਤੇ ਦਾਅਵਾ ਕੀਤਾ ਕਿ ਇਸ ਨਾਲ ਉਨ੍ਹਾਂ ਨੂੰ ਲੋਕਾਂ ਵਾਸਤੇ ਹੋਰ ਜ਼ਿਆਦਾ ਕੰਮ ਕਰਨ ਦੀ ਪ੍ਰੇਰਨਾ ਮਿਲੀ। ਉਧਰ, ਭਾਜਪਾ ਨੇ ਵਿਅੰਗਮਈ ਅੰਦਾਜ਼ ਵਿਚ ਕਿਹਾ ਕਿ ਵਾਡਰਾ ਕਾਂਗਰਸ ਵਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹਨ।

ਕਾਂਗਰਸ ਨੇ ਵਾਡਰਾ ਦੇ ਰਾਜਨੀਤੀ ਨਾਲ ਜੁੜਨ ਦੀਆਂ ਅਟਕਲਾਂ ਨੂੰ ਇਹ ਕਹਿ ਕੇ ਘਟਾ ਕੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਲੰਮੇ ਸਮੇਂ ਤੋਂ ਗ਼ੈਰ ਸਰਕਾਰੀ ਜਥੇਬੰਦੀਆਂ ਨਾਲ ਜੁੜੇ ਰਹੇ ਹਨ ਅਤੇ ਉਨ੍ਹਾਂ ਸਮਾਜ ਲਈ ਕੰਮ ਕੀਤਾ ਹੈ। ਕਾਂਗਰਸ ਆਗੂ ਪਵਨ ਖੇੜਾ ਨੇ ਕਿਹਾ, 'ਕੀ ਉਨ੍ਹਾਂ ਨੂੰ ਲੋਕਾਂ ਨਾਲ ਜੁੜੇ ਕੰਮ ਕਰਨ ਲਈ ਮੋਦੀ ਜੀ ਤੋਂ ਆਗਿਆ ਲੈਣੀ ਪਵੇਗੀ।' ਵਾਡਰਾ ਨੇ ਕਿਹਾ, 'ਇਨ੍ਹਾਂ ਸਾਲਾਂ ਦੇ ਅਨੁਭਵ ਅਤੇ ਸਿਖਿਆ ਨੂੰ ਗਵਾਇਆ ਨਹੀਂ ਜਾ ਸਕਦਾ ਅਤੇ ਇਸ ਦੀ ਬਿਹਤਰ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

ਇਕ ਵਾਰ ਮਾਮਲੇ ਖ਼ਤਮ ਹੋ ਜਾਣ 'ਤੇ, ਮੈਨੂੰ ਲਗਦਾ ਹੈ ਕਿ ਮੈਨੂੰ ਲੋਕਾਂ ਦੀ ਸੇਵਾ ਵਿਚ ਵੱਡੀ ਭੂਮਿਕਾ ਨਿਭਾਉਣੀ ਚਾਹੀਦੀ ਹੈ।' ਵਾਡਰਾ ਨੇ ਦੋਸ਼ ਲਾਇਆ ਕਿ ਵੱਖ ਵੱਖ ਸਰਕਾਰਾਂ ਨੇ ਉਸ ਦਾ ਅਕਸ ਖ਼ਰਾਬ ਕੀਤਾ ਹੈ ਅਤੇ ਉਸ ਦੇ ਨਾਮ ਦੀ ਵਰਤੋਂ ਦੇਸ਼ ਦੇ ਅਸਲ ਮੁੱਦਿਆਂ ਤੋਂ ਹਟਾਉਣ ਲਈ ਕੀਤੀ ਹੈ। ਭਾਜਪਾ ਨੇ ਕਿਹਾ, 'ਲੋਕ ਸਭਾ ਚੋਣਾਂ ਲਈ ਕਾਂਗਰਸ ਵਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਪੇਸ਼ ਹਨ।' (ਏਜੰਸੀ)