ਸ੍ਰੀਨਗਰ ਵਿਚ ਵੱਖਵਾਦੀਆਂ ਦੀ ਹੜਤਾਲ, ਜਨ-ਜੀਵਨ ਪ੍ਰਭਾਵਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਾਦੀ ਦੇ ਲੋਕ ਘਬਰਾ ਕੇ ਰੋਜ਼ਾਨਾ ਲੋੜ ਦੀਆਂ ਚੀਜ਼ਾਂ ਇਕੱਠੀਆਂ ਕਰਨ ਲੱਗੇ

Farooq Abdullah

ਸ੍ਰੀਨਗਰ : ਸ੍ਰੀਨਗਰ ਦੇ ਕਈ ਇਲਾਕਿਆਂ ਵਿਚ ਐਤਵਾਰ ਨੂੰ ਵੱਖਵਾਦੀਆਂ ਦੇ ਬੰਦ ਕਾਰਨ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਪਾਬੰਦੀਆਂ ਲਾਗੂ ਕੀਤੀਆਂ ਗਈਆਂ। ਪੁਲਿਸ ਅਧਿਕਾਰੀ ਨੇ ਦਸਿਆ ਕਿ ਸ੍ਰੀਨਗਰ ਦੇ ਪੰਜ ਥਾਣਾ ਇਲਾਕਿਆਂ ਵਿਚ ਧਾਰਾ 144 ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿਚ ਪਾਬੰਦੀਆਂ ਲਾਈਆਂ ਗਈਆਂ ਹਨ, ਉਨ੍ਹਾਂ ਵਿਚ ਨੌਹਟਾ, ਖ਼ਨਯਾਰ, ਰੈਨਾਵਾੜੀ, ਐਮ ਆਰ ਗੰਜ ਅਤੇ ਸਫ਼ਾਕਦਲ ਸ਼ਾਮਲ ਹਨ। ਅਧਿਕਾਰੀ ਨੇ ਕਿਹਾ ਕਿ ਬੰਦ ਕਾਰਨ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਇਤਿਤਿਆਤੀ ਤੌਰ 'ਤੇ ਇਹ ਕਦਮ ਚੁਕਿਆ ਗਿਆ ਹੈ।

ਅਧਿਕਾਰੀ ਨੇ ਕਿਹਾ ਕਿ ਜੁਆਇੰਟ ਰਜ਼ਿਸਟੈਂਟ ਲੀਡਰਸ਼ਿਪ ਦੇ ਸੱਦੇ 'ਤੇ ਵੱਖਵਾਦੀਆਂ ਨੇ ਐਤਵਾਰ ਨੂੰ ਬੰਦ ਬੁਲਾਇਆ ਸੀ। ਕਲ ਇਸ ਦਾ ਐਲਾਨ ਕੀਤਾ ਗਿਆ ਸੀ। ਬੰਦ ਦਾ ਕਸ਼ਮੀਰ ਘਾਟੀ ਵਿਚ ਆਮ ਜਨ ਜੀਵਨ 'ਤੇ ਅਸਰ ਪਿਆ ਹੈ। ਕਸ਼ਮੀਰ ਘਾਟੀ ਦੇ ਤਣਾਅਪੂਰਨ ਹਾਲਾਤ ਬਾਰੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਗੱਲਬਾਤ ਕੀਤੀ ਹੈ। ਖ਼ਬਰਾਂ ਹਨ ਕਿ ਕਸ਼ਮੀਰ ਘਾਟੀ ਦੇ ਲੋਕ ਘਬਰਾ ਕੇ ਰੋਜ਼ਾਨਾ ਲੋੜ ਦੀਆਂ ਚੀਜ਼ਾਂ ਇਕੱਠੀਆਂ ਕਰਨ ਲੱਗ ਪਏ ਹਨ। ਜ਼ਿਕਰਯੋਗ ਹੈ ਕਿ ਸਰਕਾਰੀ ਵਿਭਾਗਾਂ  ਨੇ ਅਜਿਹੇ ਨੋਟੀਫ਼ੀਕੇਸ਼ਨ ਜਾਰੀ ਕੀਤੇ ਹਨ

ਜਿਨ੍ਹਾਂ ਤੋਂ ਆਮ ਜਨਜੀਵਨ ਦੇ ਲੰਮੇ ਸਮੇਂ ਤਕ ਪ੍ਰਭਾਵਤ ਰਹਿਣ ਦੇ ਸੰਕੇਤ ਮਿਲਦੇ ਹਨ। ਇਹ ਸੂਚਨਾਵਾਂ ਜਾਰੀ ਹੋਣ ਮਗਰੋਂ ਸ੍ਰੀਨਗਰ ਅਤੇ ਘਾਟੀ ਦੇ ਹੋਰ ਸ਼ਹਿਰਾਂ ਦੇ ਲੋਕ ਘਬਰਾ ਕੇ ਰੋਜ਼ਾਨਾ ਲੋੜ ਦੀਆਂ ਚੀਜ਼ਾਂ ਇਕੱਠੀਆਂ ਕਰਨ ਲੱਗ ਪਏ। ਨੈਸ਼ਨਲ ਕਾਨਫ਼ਰੰਸ ਦੇ ਮੁਖੀ ਅਬਦੁੱਲਾ ਨੇ ਗ੍ਰਹਿ ਮੰਤਰੀ ਨੂੰ ਕਿਹਾ ਕਿ ਉਹ ਸੂਬੇ ਵਿਚ ਮਾਹੌਲ ਠੀਕ ਕਰਨ ਲਈ ਜ਼ਰੂਰੀ ਕਦਮ ਚੁੱਕਣ। ਉਨ੍ਹਾਂ ਕਿਹਾ ਕਿ ਤਰ੍ਹਾਂ ਤਰ੍ਹਾਂ ਦੀਆਂ ਅਫ਼ਵਾਹਾਂ ਕਾਰਨ ਹਾਲਾਤ ਹੋਰ ਵਿਗੜ ਗਏ ਹਨ।

ਉਨ੍ਹਾਂ ਕੇਂਦਰ ਸਰਕਾਰ ਨੂੰ ਬਿਆਨ ਜਾਰੀ ਕਰਨ ਅਤੇ ਲੋਕਾਂ ਨੂੰ ਤਸੱਲੀ ਦੇਣ ਲਈ ਕਦਮ ਚੁੱਕਣ ਦੀ ਮੰਗ ਕੀਤੀ। ਜੰਮੂ ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਅਫ਼ਵਾਹਾਂ ਵਲ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ। ਮਲਿਕ ਨੇ ਕਿਹਾ ਕਿ ਅਫ਼ਵਾਹਾਂ ਲੋਕਾਂ ਦੇ ਦਿਮਾਗ਼ ਵਿਚ ਡਰ ਪੈਦਾ ਕਰ ਰਹੀਆਂ ਹਨ ਜਿਸ ਕਾਰਨ ਮਾਹੌਲ ਵਿਗੜ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਕਰਫ਼ੀਊ ਅਤੇ ਹੋਰ ਕਾਰਵਾਈਆਂ ਬਾਰੇ ਉਡ ਰਹੀਆਂ ਅਫ਼ਵਾਹਾਂ 'ਤੇ ਯਕੀਨ ਨਾ ਕਰਨ।  (ਏਜੰਸੀ)